ਗੁੱਜਰ ਸਮਾਜ ‘ਚ ਹੋਣ ਜਾ ਰਹੀ ਵੱਡੀ ਸਿਆਸੀ ਹਲਚਲ
ਗੁੱਜਰ ਸਮਾਜ ‘ਚ ਹੋਣ ਜਾ ਰਹੀ ਵੱਡੀ ਸਿਆਸੀ ਹਲਚਲਗੁੱਜਰ ਸਮਾਜ ‘ਚ ਹੋਣ ਜਾ ਰਹੀ ਵੱਡੀ ਸਿਆਸੀ ਹਲਚਲ
Publish Date: Fri, 20 Mar 2026 05:07 PM (IST)
Updated Date: Fri, 20 Mar 2026 05:10 PM (IST)

ਦਿਨੇਸ਼ ਹੱਲਣ ,ਪੰਜਾਬੀ ਜਾਗਰਣ ਨੂਰਪੁਰਬੇਦੀ : ਪੰਜਾਬ ਦੇ ਗੁੱਜਰ ਸਮਾਜ ਦੀ ਰਾਜਨੀਤੀ ‘ਚ ਇਕ ਵੱਡੀ ਹਲਚਲ ਦੇ ਸੰਕੇਤ ਮਿਲ ਰਹੇ ਹਨ, ਕਿਉਂਕਿ ਅਖਿਲ ਭਾਰਤੀ ਗੁੱਜਰ ਮਹਾਸਭਾ ਦੇ ਰਾਸ਼ਟਰੀ ਸੰਗਠਨ ਮੰਤਰੀ ਬੱਚੂ ਸਿੰਘ ਬੈਂਸਲਾ 22 ਮਾਰਚ ਨੂੰ ਦੋ ਦਿਨਾਂ ਦੇ ਅਹਿਮ ਦੌਰੇ ‘ਤੇ ਪੰਜਾਬ ਆ ਰਹੇ ਹਨ। ਉਨ੍ਹਾਂ ਦੇ ਇਸ ਦੌਰੇ ਨੇ ਸਿਆਸੀ ਗਲਿਆਰਿਆਂ ‘ਚ ਚਰਚਾਵਾਂ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ। ਸੂਤਰਾਂ ਅਨੁਸਾਰ, ਬੈਂਸਲਾ ਇਸ ਦੌਰੇ ਦੌਰਾਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਵੀ ਸ੍ਰਿਸ਼ਟਾਚਾਰ ਮੁਲਾਕਾਤ ਕਰਨਗੇ, ਜਿਸ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਮੀਟਿੰਗ ਨੂੰ ਆਉਣ ਵਾਲੇ ਸਮੇਂ ਵਿਚ ਗੁੱਜਰ ਸਮਾਜ ਦੀ ਸਿਆਸੀ ਦਿਸ਼ਾ ਤੈਅ ਕਰਨ ਵਾਲੀ ਵੱਡੀ ਕੜੀ ਵਜੋਂ ਵੇਖਿਆ ਜਾ ਰਿਹਾ ਹੈ। ਇਸ ਦੌਰੇ ਦੌਰਾਨ ਗਵਰਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰਦੇਸ਼ ਇਕਾਈ ਦੀ ਇਕ ਅਹਿਮ ਅਤੇ ਫੈਸਲਾਕੁੰਨ ਮੀਟਿੰਗ ਵੀ ਹੋਣ ਜਾ ਰਹੀ ਹੈ, ਜਿਸ ਵਿਚ ਪੰਜਾਬ ਵਿਚ ਗੁੱਜਰ ਸਮਾਜ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਵੱਡਾ ਐਲਾਨ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਨਾਲ ਸੂਬੇ ਦੀ ਰਾਜਨੀਤੀ ਵਿਚ ਨਵਾਂ ਮੋੜ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਲਗਭਗ 9 ਫੀਸਦੀ ਆਬਾਦੀ ਵਾਲਾ ਗੁੱਜਰ ਸਮਾਜ ਕਾਫੀ ਸਮੇਂ ਤੋਂ ਆਪਣੀ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਹਿੱਸੇਦਾਰੀ ਨੂੰ ਵਧਾਉਣ ਲਈ ਆਵਾਜ਼ ਉਠਾ ਰਿਹਾ ਹੈ। ਹੁਣ ਬੈਂਸਲਾ ਦਾ ਇਹ ਦੌਰਾ ਉਨ੍ਹਾਂ ਦੀਆਂ ਉਮੀਦਾਂ ਨੂੰ ਹੋਰ ਵੀ ਜ਼ੋਰ ਦੇ ਸਕਦਾ ਹੈ। ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਗੁੱਜਰ ਵੋਟ ਬੈਂਕ ਨੂੰ ਆਪਣੇ ਪੱਖ ਵਿਚ ਕਰਨ ਲਈ ਅੰਦਰਖਾਤੇ ਜ਼ੋਰਦਾਰ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ। ਅਜਿਹੇ ਵਿਚ ਜੇਕਰ ਨਵਾਂ ਨੇਤ੍ਰਿਤਵ ਸਾਹਮਣੇ ਆਉਂਦਾ ਹੈ, ਤਾਂ ਇਹ ਚੋਣੀ ਗਣਿਤ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ। ਹਾਲਾਂਕਿ ਬੈਂਸਲਾ-ਕਟਾਰੀਆ ਮੁਲਾਕਾਤ ਦੀ ਅਧਿਕਾਰਿਕ ਪੁਸ਼ਟੀ ਅਜੇ ਤੱਕ ਨਹੀਂ ਹੋਈ, ਪਰ ਬੈਂਸਲਾ ਵੱਲੋਂ ਆਪਣੇ ਪੰਜਾਬ ਦੌਰੇ ਦੀ ਪੁਸ਼ਟੀ ਨੇ ਹੀ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਹੁਣ ਸਭ ਦੀਆਂ ਨਿਗਾਹਾਂ 22 ਮਾਰਚ ‘ਤੇ ਟਿਕੀਆਂ ਹੋਈਆਂ ਹਨ, ਜਦੋਂ ਇਹ ਦੌਰਾ ਪੰਜਾਬ ਦੀ ਰਾਜਨੀਤੀ ਵਿਚ ਵੱਡਾ ਸੰਦੇਸ਼ ਦੇ ਸਕਦਾ ਹੈ।