ਲੋਕਤੰਤਰ ਦੀ ਖੂਬਸੂਰਤ ਤਸਵੀਰ: ਨਗਰ ਕੌਂਸਲ ਚੋਣਾਂ ਦੀ ਸਿਆਸੀ ਗਰਮੀ ਵਿਚਾਲੇ ਕਾਇਮ ਰਹੀ ਭਾਈਚਾਰਕ ਸਾਂਝ, ਆਪਸੀ ਪਿਆਰ ਨੇ ਜਿੱਤਿਆ ਸਭ ਦਾ ਦਿਲ
ਨਗਰ ਕੌਂਸਲ ਚੋਣਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦੀ ਇਕ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ, ਜਿਸ ਦੀ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਆਮ ਤੌਰ ’ਤੇ ਚੋਣਾਂ ਦੌਰਾਨ ਸਿਆਸੀ ਤਣਾਅ ਅਤੇ ਆਪਸੀ ਖਿਚਾਅ ਦੇ ਮਾਹੌਲ ਵਿਚ ਇਹ ਦ੍ਰਿਸ਼ ਲੋਕਾਂ ਲਈ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।
Publish Date: Tue, 26 May 2026 01:17 PM (IST)
Updated Date: Tue, 26 May 2026 01:22 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ। ਨਗਰ ਕੌਂਸਲ ਚੋਣਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦੀ ਇਕ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ, ਜਿਸ ਦੀ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਆਮ ਤੌਰ ’ਤੇ ਚੋਣਾਂ ਦੌਰਾਨ ਸਿਆਸੀ ਤਣਾਅ ਅਤੇ ਆਪਸੀ ਖਿਚਾਅ ਦੇ ਮਾਹੌਲ ਵਿਚ ਇਹ ਦ੍ਰਿਸ਼ ਲੋਕਾਂ ਲਈ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।
ਭਾਜਪਾ ਦੇ ਕਦਾਵਰ ਆਗੂ ਅਰਵਿੰਦ ਮਿੱਤਲ ਨੇ ਆਪਣੇ ਵਾਰਡ ਤੋਂ ਚੋਣ ਲੜ ਰਹੇ ਦੋਵੇਂ ਵਿਰੋਧੀ ਉਮੀਦਵਾਰਾਂ ਨੂੰ ਗਲਵੱਕੜੀ ਵਿਚ ਲੈ ਕੇ ਇਕੱਠੇ ਤਸਵੀਰ ਖਿਚਵਾਈ। ਇਕ ਪਾਸੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਅਤੇ ਦੂਜੇ ਪਾਸੇ ਪਰਮ ਰਾਣਾ ਖੜ੍ਹੇ ਨਜ਼ਰ ਆਏ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਵੀ ਤੇਜ਼ੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਨੂੰ ਲੋਕਤੰਤਰ ਦੀ ਸਿਹਤਮੰਦ ਰਵਾਇਤ ਵਜੋਂ ਵੇਖ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਵਾਰਡ ਇਸ ਵਾਰ ਚੋਣਾਂ ਦਾ ਸਭ ਤੋਂ ਚਰਚਿਤ ਵਾਰਡ ਬਣਿਆ ਹੋਇਆ ਹੈ ਅਤੇ ਸਾਰੇ ਸ਼ਹਿਰ ਦੀਆਂ ਨਜ਼ਰਾਂ ਇਸੇ ਮੁਕਾਬਲੇ ’ਤੇ ਟਿਕੀਆਂ ਹੋਈਆਂ ਹਨ। ਇਸ ਦੇ ਬਾਵਜੂਦ ਆਪਸੀ ਸਨਮਾਨ ਅਤੇ ਭਾਈਚਾਰੇ ਦੀ ਇਹ ਮਿਸਾਲ ਲੋਕਾਂ ਲਈ ਇਕ ਸਕਾਰਾਤਮਕ ਸੁਨੇਹਾ ਲੈ ਕੇ ਆਈ ਹੈ।
ਅਰਵਿੰਦ ਮਿੱਤਲ ਨੇ ਕਿਹਾ ਕਿ ਚੋਣਾਂ ਪੰਜ ਸਾਲਾਂ ਬਾਅਦ ਆਉਂਦੀਆਂ ਹਨ ਅਤੇ ਚੋਣਾਂ ਤੋਂ ਬਾਅਦ ਵੀ ਲੋਕਾਂ ਨੇ ਇਕੱਠੇ ਹੀ ਰਹਿਣਾ ਹੁੰਦਾ ਹੈ। ਇਸ ਲਈ ਸਾਰੇ ਸ਼ਹਿਰ ਦਾ ਮਾਹੌਲ ਸਾਫ ਸੁਥਰਾ ਅਤੇ ਵਧੀਆ ਬਣਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਿੱਜੀ ਟੀਕਾ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਪਣੇ ਕੰਮਾਂ ਜਾਂ ਆਪਣੀਆਂ ਨੀਤੀਆਂ ਦੇ ਆਧਾਰ ’ਤੇ ਹੀ ਚੋਣ ਲੜਨੀ ਚਾਹੀਦੀ ਹੈ।
ਉਨ੍ਹਾਂ ਹੋਰ ਕਿਹਾ ਕਿ ਚੋਣਾਂ ਤੋਂ ਬਾਅਦ ਆਪਸੀ ਮਨਮੁਟਾਅ ਨਹੀਂ ਰੱਖਣਾ ਚਾਹੀਦਾ ਕਿਉਂਕਿ ਸਮਾਜ ਦੀ ਤਰੱਕੀ ਲਈ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਬਹੁਤ ਜ਼ਰੂਰੀ ਹੈ। ਸ਼ਹਿਰ ਵਾਸੀਆਂ ਨੇ ਵੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਆਸਤ ਵਿਚ ਇਸ ਤਰ੍ਹਾਂ ਦੀ ਸੋਚ ਲੋਕਾਂ ਨੂੰ ਇਕਜੁੱਟ ਕਰਨ ਵਿਚ ਮਦਦਗਾਰ ਸਾਬਤ ਹੁੰਦੀ ਹੈ।