ਨੂਰਪੁਰਬੇਦੀ ਵਿਖੇ 90ਵਾਂ ਸ਼ਿਵਰਾਤਰੀ ਸਮਾਰੋਹ ਮਨਾਇਆ
ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਾ ਨੂਰਪੁਰਬੇਦੀ ਵਿਖੇ 90ਵਾਂ ਸ਼ਿਵਰਾਤਰੀ ਸਮਾਰੋਹ ਸ਼ਰਧਾਪੂਰਵਕ ਮਨਾਇਆ
Publish Date: Tue, 10 Feb 2026 05:51 PM (IST)
Updated Date: Tue, 10 Feb 2026 05:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਾ ਦੇ ਨੂਰਪੁਰਬੇਦੀ ਸਥਿਤ ਰਾਜਯੋਗ ਕੇਂਦਰ ਵਿਖੇ 90ਵਾਂ ਸ਼ਿਵਰਾਤਰੀ ਸਮਾਰੋਹ ਸ਼ਰਧਾਪੂਰਵਕ ਮਨਾਇਆ ਗਿਆ। ਸਭ ਤੋਂ ਪਹਿਲਾਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਮੋਹਾਲੀ ਅਤੇ ਰੂਪਨਗਰ ਜ਼ਿਲ੍ਹੇ ਦੇ ਰਾਜਯੋਗ ਕੇਂਦਰਾਂ ਦੀ ਡਾਇਰੈਕਟਰ ਭੈਣ ਪ੍ਰੇਮ ਲਤਾ, ਨੂਰਪੁਰਬੇਦੀ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਮਾ. ਜਗਨਨਾਥ ਭੰਡਾਰੀ, ਬ੍ਰਹਮਾਕੁਮਾਰੀ ਭੈਣ ਪੂਨਮ, ਬ੍ਰਹਮਕੁਮਾਰੀ ਭੈਣ ਅਮਨ, ਡਾ. ਸੁਰਿੰਦਰ ਭਾਰਦਵਾਜ, ਜ਼ਿਲ੍ਹਾਂ ਪ੍ਰੀਸ਼ਦ ਮੈਂਬਰ ਜਰਨੈਲ ਲਾਲੀ ਅਤੇ ਠੇਕੇਦਾਰ ਗਿਰਧਾਰੀ ਲਾਲ ਨੇ ਸੰਯੁਕਤ ਰੂਪ ’ਚ ਜੋਤੀ ਜਗਾ ਕੇ ਸਮਾਗਮ ਦਾ ਉਦਘਾਟਨ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾਇਰੈਕਟਰ ਭੈਣ ਪ੍ਰੇਮ ਲਤਾ ਨੇ ਕਿਹਾ ਕਿ ਮੌਜੂਦਾ ਸਮੇਂ ਮਨੁੱਖ ਕੋਲ ਜੀਵਨ ਜਿਊਣ ਦੇ ਭੌਤਿਕ ਸਾਧਨ ਤਾਂ ਬਹੁਤ ਹਨ ਪਰ ਅੰਦਰੂਨੀ ਸੰਤੋਸ਼ ਨਹੀਂ ਹੈ। ਇਸ ਲਈ ਪ੍ਰਮਾਤਮਾ ਸ਼ਿਵ ਦੇ ਰਾਜਯੋਗ ਰਾਹੀਂ ਮਨੋਬਲ ਵਧਾਉਣ ਦੀ ਲੋੜ ਹੈ ਤਾਂ ਹੀ ਮਨੁੱਖ ਸਮਾਜ, ਕੁਦਰਤੀ ਅਤੇ ਮਾਨਸਿਕ ਹਾਲਾਤਾਂ ਨੂੰ ਜਿੱਤ ਸਕਦਾ ਹੈ। ਸਵਾਮੀ ਅਤੁਲ ਕ੍ਰਿਸ਼ਨ ਨੇ ਕਿਹਾ ਕਿ ਮਨੁੱਖ ਕੋਲ ਸਾਰੇ ਕੰਮਾਂ ਲਈ ਸਮਾਂ ਹੈ ਪਰ ਪ੍ਰਮਾਤਮਾ ’ਚ ਧਿਆਨ ਲਗਾਉਣ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨਾਲ ਜੁੜ ਜਾਣ ’ਤੇ ਵਿਕਾਰ ਖਤਮ ਹੋ ਸਕਦੇ ਹਨ ਅਤੇ ਸਮਾਜ ’ਚ ਫੈਲੀ ਕੁਰੀਤੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਮੋਹਾਲੀ ਤੋਂ ਪਹੁੰਚੀ ਭੈਣ ਅਮਨ ਨੇ ਸ਼ਿਵਰਾਤਰੀ ਨਾਲ ਜੁੜੀਆਂ ਅਨੇਕ ਮਾਨਤਾਵਾਂ ਦੇ ਅਧਿਆਤਮਿਕ ਅਰਥ ਸਪੱਸ਼ਟ ਕਰਦਿਆਂ ਕਿਹਾ ਕਿ ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਨੂੰ ਆਪਣੀ ਜਾਇਦਾਦ ਸਮਝ ਬੈਠਾ ਹੈ ਤੇ ਇਨ੍ਹਾਂ ਵਿਕਾਰਾਂ ਕਾਰਣ ਹੀ ਰੰਗ-ਭੇਦ, ਮਤਭੇਦ, ਭਾਸ਼ਾ ਭੇਦ ਵਧਿਆ ਹੈ। ਨੂਰਪੁਰਬੇਦੀ ਕੇਂਦਰ ਦੀ ਇੰਚਾਰਜ ਬ੍ਰਹਮਕੁਮਾਰੀ ਭੈਣ ਪੂਨਮ ਨੇ ਕਿਹਾ ਕਿ ਸਮੁੱਚੇ ਧਰਮਾਂ ਅਤੇ ਸੰਪਰਦਾਵਾਂ ਨੂੰ ਇਕ ਧਾਗੇ ’ਚ ਪਿਰੋਣ ਵਾਲਾ ਇਹ ਤਿਓਹਾਰ ਵਿਸ਼ਵ ’ਚ ਸ਼ਾਂਤੀ, ਏਕਤਾ, ਸਦਭਾਵਨਾ ਤੇ ਭਾਈਚਾਰੇ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਲਾਲੀ ਨੇ ਕਿਹਾ ਕਿ ਸੱਚਾਈ, ਈਮਾਨਦਾਰੀ ਅਤੇ ਸਮਾਜ ਨੂੰ ਜੋੜਣ ਦਾ ਬਹੁਤ ਮਹੱਤਵਪੂਰਣ ਕੰਮ ਬ੍ਰਹਮਾਕੁਮਾਰੀ ਭੈਣਾਂ ਕਰ ਰਹੀਆਂ ਹਨ। ਬ੍ਰਹਮਾਕੁਮਾਰ ਪ੍ਰਵੀਨ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਸਮਾਗਮ ਤੋਂ ਪਹਿਲਾਂ ਸ਼ਿਵ ਦਾ ਝੰਡਾ ਲਹਿਰਾਇਆ ਗਿਆ।