ਆਪ ਦੇ 7 ਰਾਜ ਸਭਾ ਮੈਂਬਰਾਂ ਦਾ ਈਡੀ ਦੇ ਡਰੋਂ ਭਾਜਪਾ 'ਚ ਜਾਣਾ ਨਿੰਦਣਯੋਗ

‘ਆਪ’ ਦੇ 7 ਰਾਜ ਸਭਾ ਮੈਂਬਰਾਂ ਦਾ ਈਡੀ ਦੇ ਡਰੋਂ ਭਾਜਪਾ 'ਚ ਜਾਣਾ ਨਿੰਦਣਯੋਗ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਆਪ ਦੇ 7 ਰਾਜ ਸਭਾ ਮੈਂਬਰਾਂ ਵੱਲੋਂ ਈਡੀ ਅਤੇ ਕੇਂਦਰੀ ਜਾਂਚ ਏਜੰਸੀਆਂ ਦੇ ਡਰੋਂ ਆਪ ਨੂੰ ਛੱਡ ਕੇ ਭਾਜਪਾ 'ਚ ਜਾਣ ਦੇ ਕੀਤੇ ਜਾ ਰਹੇ ਐਲਾਨ ਦਾ ਵਿਰੋਧ ਕਰਦਿਆਂ ਅੱਜ ਨਵਾਂਸ਼ਹਿਰ 'ਚ ਆਪ ਆਗੂਆਂ ਨੇ ਰਾਜ ਸਭਾ ਮੈਂਬਰਾਂ ਦੇ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਮਿੱਟੀ ਦੇ ਗੱਦਾਰ ਆਖਦਿਆਂ ਮੁਰਦਾਬਾਦ, ਪੰਜਾਬ ਨਾਲ ਧੋਖਾ ਕਰਨ ਵਾਲਿਓ ਸ਼ਰਮ ਕਰੋ, ਸ਼ਰਮ ਕਰੋ, ਆਪਰੇਸ਼ਨ ਲੋਟਸ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਅੱਜ ਈਡੀ ਅਤੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਰਾਜ ਸਭਾ ਮੈਂਬਰਾਂ ਦੇ ਘਰਾਂ ਅਤੇ ਕਾਰੋਬਾਰਾਂ ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਡਰਾ ਧਮਕਾ ਕੇ ਭਾਜਪਾ 'ਚ ਸ਼ਾਮਲ ਕਰਵਾਉਣ ਦੇ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਸ ਤੋਂ ਆਪ ਦੇ ਨੇਤਾ, ਆਗੂ ਅਤੇ ਵਲੰਟੀਅਰ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਐਮਐਲਏਜ਼ ਨੂੰ ਵੋਟਾਂ ਪਾ ਕੇ ਜਿਤਾਇਆ ਸੀ। ਐਮਐਲਏਜ਼ ਨੇ ਰਾਜ ਸਭਾ ਮੈਂਬਰਾਂ ਨੂੰ ਸਮਰਥਨ ਦੇ ਕੇ ਸੱਤਾ 'ਚ ਕਾਬਜ ਕੀਤਾ ਸੀ। ਪਰ ਸੰਸਦ ਮੈਂਬਰਾਂ ਨੇ ਆਪ ਨੂੰ ਛੱਡ ਕੇ ਭਾਜਪਾ 'ਚ ਸ਼ਮੂਲੀਅਤ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸੰਸਦ ਮੈਂਬਰ ਪੰਜਾਬ 'ਚ ਚੋਣਾਂ 'ਚ ਖੜੇ ਹੋਣ। ਤਾਂ ਇੰਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਲੋਕਾਂ 'ਚ ਇੰਨ੍ਹਾਂ ਦਾ ਆਧਾਰ ਕੀ ਹੈ। ਉਨ੍ਹਾਂ ਕਿਹਾ ਕਿ ਆਪ ਨੂੰ ਛੱਡ ਕੇ ਭਾਜਪਾ ਜੁਆਇੰਨ ਕਰਨ ਵਾਲੇ ਪਾਰਟੀ ਅਤੇ ਲੋਕਾਂ ਦੇ ਗੱਦਾਰ ਹਨ। ਜਿਨਾਂ ਨੂੰ ਪੰਜਾਬ ਦੇ ਲੋਕ ਮੁੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਡਰਪੋਕ ਪਾਰਟੀ ਛੱਡ ਜਾਂਦੇ ਹਨ ਜਦਕਿ ਦਿਲੇਰ ਹਮੇਸ਼ਾ ਪਾਰਟੀ ਨਾਲ ਖੜਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਗਗਨ ਅਗਨੀਹੋਤਰੀ ਨੇ ਕਿਹਾ ਕਿ ਭਾਜਪਾ ਵੱਲੋਂ ਚਲਾਇਆ ਜਾ ਰਿਹਾ ਆਪਰੇਸ਼ਨ ਲੋਟਸ ਜਿਥੇ ਵਿਰੋਧੀ ਧਿਰ ਦੇ ਨੇਤਾਵਾਂ ਅਤੇ ਆਗੂਆਂ ਨੂੰ ਈਡੀ ਅਤੇ ਕੇਂਦਰੀ ਜਾਂਚ ਏਜੰਸੀਆਂ ਦਾ ਡਰਾਵਾ ਦੇ ਕੇ ਪਾਰਟੀ ਵਿਚ ਸ਼ਾਮਲ ਕਰਨ ਦੇ ਉਪਰਾਲੇ ਕਰ ਰਿਹਾ ਹੈ। ਪਰ ਇਸ ਨਾਲ ਪਾਰਟੀ ਦਾ ਆਧਾਰ ਮਜ਼ਬੂਤ ਨਹੀਂ ਹੋਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਵੱਲੋਂ ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ਦਾ ਵਫਾਦਾਰ ਸਮਝਣਾ ਅਤੇ ਪੁਰਾਣੇ ਨਸ਼ਾ ਤਸਕਰਾਂ ਅਤੇ ਇਸ ਕੰਮ ਨਾਲ ਜੁੜੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸਮਰਥਨ ਦੇਣਾ ਲੋਕਾਂ ਤੇ ਸਮਾਜ ਲਈ ਕਲੰਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਆਪ ਨੇਤਾ ਅਰਵਿੰਦ ਕੇਜ਼ਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਨਾਲ ਚੱਟਾਨ ਵਾਂਗ ਖੜੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਮ ਵਰਕਰਾਂ ਨੂੰ ਲੋਕਾਂ ਦੀ ਭਲਾਈ ਲਈ ਕੰਮ ਕਰਨ ਦਾ ਮੌਕਾ ਦਿੱਤਾ ਹੈ। ਜਿਸ ਲਈ ਉਹ ਪਾਰਟੀ ਦੇ ਹਮੇਸ਼ਾ ਆਭਾਰੀ ਰਹਿਣਗੇ ਅਤੇ ਆਪ ਸਰਕਾਰ ਦੀ ਆਗਵਾਈ 'ਚ ਲੋਕਾਂ ਦੀ ਭਲਾਈ ਦੇ ਕੰਮ ਕਰਦੇ ਰਹਿਣਣਗੇ। ਉਨ੍ਹਾਂ ਕਿਹਾ ਕਿ ਰਾਘਵ ਚੱਡਾ ਨੇ ਸੰਸਦ ਵਿਚ ਏਅਰਪੋਰਟਾਂ ਤੇ ਚਾਹ ਸਮੋਸੇ ਦਾ ਮਸਲਾ ਚੁੱਕੇ ਪਰ ਉਨ੍ਹਾਂ ਪੰਜਾਬ ਦੇ ਮਸਲਿਆਂ ਨੂੰ ਅਣਗੋਲਿਆ ਕੀਤਾ। ਜਿਸ ਕਾਰਨ ਲੋਕ ਉਨ੍ਹਾਂ ਤੋਂ ਨਾਰਾਜ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਰਾਜਸਥਾਨ ਨੂੰ ਦਿੱਤੇ ਪਾਣੀ ਦੇ 1 ਲੱਖ ਕਰੋੜ ਰੁਪਏ ਦੀ ਵਸੂਲੀ, ਐਮਐੱਸਪੀ ਸਮੇਤ ਹੋਰਨਾਂ ਲੋਕ ਹਿਤੈਸ਼ੀ ਮੁਦਿਆਂ ਨੂੰ ਲੈ ਕੇ ਕੇਂਦਰ ਖਿਲਾਫ਼ ਆਪਣਾ ਸੰਘਰਸ਼ ਜਾਰੀ ਰਖੇਗੀ। ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਖੜੇ ਹਨ। 2027 ਦੀਆਂ ਚੋਣਾਂ ਵਿਚ ਇਕ ਵਾਰ ਫਿਰ ਆਪ ਸਰਕਾਰ ਸੱਤਾ ਵਿਚ ਕਾਬਜ ਹੋਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਦਿਨੇਸ਼ ਸੁਰੀ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।