ਸਟਾਪ ਐਪੀਲੈਪਸੀ ਪ੍ਰੋਜੈਕਟ ਤਹਿਤ 44 ਮਿਰਗੀ ਦੇ ਮਰੀਜ਼ਾਂ ਨੇ ਕਰਵਾਈ ਜਾਂਚ
ਸਟਾਪ ਐਪੀਲੈਪਸੀ ਪ੍ਰੋਜੈਕਟ ਤਹਿਤ 44 ਮਿਰਗੀ ਦੇ ਮਰੀਜ਼ਾਂ ਨੇ ਕਰਵਾਈ ਜਾਂਚ
Publish Date: Thu, 30 Apr 2026 04:46 PM (IST)
Updated Date: Fri, 01 May 2026 04:08 AM (IST)

30ਐਨਐਸਆਰ10ਪੀ ਸਿਵਲ ਹਸਪਤਾਲ ਨਵਾਂਸ਼ਹਿਰ ਚ ਮਿਰਗੀ ਦੇ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਅਨੁਸਾਰ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ “ਸਟਾਪ ਐਪੀਲੈਪਸੀ ਪ੍ਰੋਜੈਕਟ’’ ਤਹਿਤ ਮਿਰਗੀ (ਐਪੀਲੈਪਸੀ) ਦੀ ਬਿਮਾਰੀ ਦੇ ਇਲਾਜ ਨੂੰ ਹੋਰ ਬਿਹਤਰ, ਪ੍ਰਭਾਵਸ਼ਾਲੀ ਤੇ ਆਮ ਲੋਕਾਂ ਲਈ ਪਹੁੰਚਣਯੋਗ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਪ੍ਰੋ. ਡਾ. ਗਗਨਦੀਪ ਸਿੰਘ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 44 ਮਿਰਗੀ ਤੋਂ ਪੀੜਤ ਗੰਭੀਰ ਮਰੀਜ਼ਾਂ ਦੀ ਵਿਸ਼ੇਸ਼ ਸਿਹਤ ਜਾਂਚ ਕੀਤੀ ਉਪਰੰਤ ਉਨ੍ਹਾਂ ਨੂੰ ਇਲਾਜ ਸੰਬੰਧੀ ਲੋੜੀਂਦੀ ਸਲਾਹ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮਿਰਗੀ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਨਿਊਰੋਲੋਜੀਕਲ ਬਿਮਾਰੀ ਹੈ ਪਰ ਸਮੇਂ ਸਿਰ ਸਹੀ ਜਾਂਚ ਤੇ ਨਿਯਮਿਤ ਇਲਾਜ ਨਾਲ ਇਸ ਨੂੰ ਕਾਫੀ ਹੱਦ ਤੱਕ ਨਿਯੰਤਰਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਿਰਗੀ ਦੇ ਇਲਾਜ ਵਿਚ ਲਗਾਤਾਰ ਫਾਲੋਅੱਪ ਹੀ ਸਫਲ ਇਲਾਜ ਦੀ ਕੁੰਜੀ ਹੈ।।ਉਨ੍ਹਾਂ ਕਿਹਾ ਕਿ ਸਟਾਪ ਐਪੀਲੈਪਸੀ ਪ੍ਰੋਜੈਕਟ“ਦਾ ਮੁੱਖ ਉਦੇਸ਼ ਮਿਰਗੀ ਬਾਰੇ ਲੋਕਾਂ ’ਚ ਜਾਗਰੂਕਤਾ ਵਧਾਉਣਾ, ਗੰਭੀਰ ਮਰੀਜ਼ਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਇਲਾਜ ਨਾਲ ਜੋੜਨਾ ਹੈ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਆਏ ਮਿਰਗੀ ਦੇ ਮਰੀਜ਼ਾਂ ਨੂੰ ਕੈਂਪ ਰਾਹੀਂ ਮਾਹਿਰ ਡਾਕਟਰਾਂ ਦੀ ਸੇਵਾ ਮਿਲੀ ਹੈ। ਉਨ੍ਹਾਂ ਮਿਰਗੀ ਮਰੀਜ਼ਾਂ ਨੂੰ ਇਸ ਪ੍ਰੋਜੈਕਟ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।