ਨੂਰਪੁਰਬੇਦੀ ਸਕੂਲ ਵਿਖੇ 25 ਐੱਨ.ਸੀ.ਸੀ. ਕੈਡਿਟ ਭਰਤੀ ਹੋਏ
ਨੂਰਪੁਰਬੇਦੀ ਸਕੂਲ ਵਿਖੇ ਸ਼ਰੀਰਕ ਸਿਖਲਾਈ ਤੋਂ ਬਾਅਦ 25 ਐੱਨ.ਸੀ.ਸੀ. ਕੈਡਿਟ ਭਰਤੀ ਹੋਏ
Publish Date: Fri, 08 May 2026 05:13 PM (IST)
Updated Date: Sat, 09 May 2026 04:06 AM (IST)
ਦਿਨੇਸ਼ ਹੱਲਣ , ਪੰਜਾਬੀ ਜਾਗਰਣ,
ਨੂਰਪੁਰਬੇਦੀ: ਵਿਦਿਆਰਥੀਆਂ ਨੂੰ ਦੇਸ਼ ’ਤੇ ਸਮਾਜ ਸੇਵਾ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸਰਕਾਰੀ ਸਕੂਲਾਂ ’ਚ ਚਲਾਏ ਜਾ ਰਹੇ ਐੱਨਸੀਸੀ ਵਿੰਗ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਬੇਦੀ (ਲੜਕੇ) ਵਿਖੇ ਸਾਲ 2026-28 ਲਈ ਐੱਨਸੀਸੀ ਕੈਡਿਟਾਂ ਦੀ ਭਰਤੀ ਕੀਤੀ ਗਈ। ਇਹ ਭਰਤੀ ਪ੍ਰਕਿਰਿਆ 23 ਪੰਜਾਬ ਬਟਾਲੀਅਨ ਐੱਨਸੀਸੀ ਰੂਪਨਗਰ ਦੇ ਕਮਾਂਡਿੰਗ ਅਫਸਰ ਕਰਨਲ ਰਾਜੇਸ਼ਵਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਪੰਨ ਹੋਈ। ਜਿਸ ਦੌਰਾਨ ਵਿਦਿਆਰਥੀਆਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ।
ਪ੍ਰਿੰਸੀਪਲ ਅਨਿਲ ਕੁਮਾਰ ਦੀ ਅਗਵਾਈ ਹੇਠ ਹੋਈ ਭਰਤੀ ਪ੍ਰਕਿਰਿਆ ਸਬੰਧੀ ਸਕੂਲ ਦੇ ਐੱਨ.ਸੀ.ਸੀ. ਅਫਸਰ ਰੋਹਿਤ ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਸ਼ੈਸ਼ਨ ਲਈ ਅੱਜ ਸਕੂਲ ’ਚ ਨਵੇਂ ਕੈਡਿਟਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐੱਨਸੀਸੀ ਵਿਦਿਆਰਥੀਆਂ ’ਚ ਅਨੁਸ਼ਾਸਨ, ਅਗਵਾਈ ਯੋਗਤਾ, ਆਤਮ ਵਿਸ਼ਵਾਸ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਦੀ ਸਰੀਰਕ ਸਮਰੱਥਾ, ਅਨੁਸ਼ਾਸਨ ਅਤੇ ਹੋਰ ਲੋੜੀਂਦੀਆਂ ਯੋਗਤਾਵਾਂ ਦਾ ਖਾਸ ਧਿਆਨ ਰੱਖਿਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਐੱਨਸੀਸੀ ਅਫਸਰ ਸਰਬਜੀਤ ਸਿੰਘ, ਸੀ.ਐੱਚ.ਐੱਮ. ਅਰਵਿੰਦ ਕੁਮਾਰ ਅਤੇ ਹਵਲਦਾਰ ਰੋਬਿਨ ਸਿੰਘ ਨੇ ਭਰਤੀ ਪ੍ਰਕਿਰਿਆ ਦਾ ਸੰਚਾਲਨ ਕੀਤਾ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਸਕੂਲ ਦੇ 25 ਐੱਨ.ਸੀ.ਸੀ. ਕੈਡਿਟਾਂ ਦੀ ਚੋਣ ਕੀਤੀ ਗਈ। ਜਿਨ੍ਹਾਂ ਨੂੰ ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਅਤੇ ਐੱਨ.ਸੀ.ਸੀ. ਅਫਸਰ ਰੋਹਿਤ ਕੁਮਾਰ ਨੇ ਵਧਾਈ ਦਿੱਤੀ।