ਨਗਰ ਕੌਂਸਲ ਦੀ ਆਰਡੀਨਰੀ ਮੀਟਿੰਗ 'ਚ 15 ਚੋਂ 12 ਮਤੇ ਪਾਸ

ਮਤਾ ਨੰਬਰ 4, 12, 15 ’ਤੇ ਜਤਾਇਆ ਇਤਰਾਜ਼
ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ
ਨਗਰ ਕੌਂਸਲ ਨਵਾਂਸ਼ਹਿਰ ਦੀ ਆਰਡੇਨਰੀ ਮੀਟਿੰਗ ਪ੍ਰਧਾਨ ਬਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਵਿਧਾਇਕ ਨਛੱਤਰ ਪਾਲ, ਬੀਬੀ ਜਿੰਦਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਗੁਰਮੁੱਖ ਸਿੰਘ ਨੌਰਦ ਜੂਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਲਲਿਤ ਮੋਹਨ ਪਾਠਕ, ਪਰਮ ਸਿੰਘ ਖ਼ਾਲਸਾ, ਮੱਖਣ ਸਿੰਘ ਗਰੇਵਾਲ, ਕੁਲਵੰਤ ਕੌਰ, ਸੀਸ ਕੌਰ ਬੀਕਾ, ਚੇਤ ਰਾਮ ਰਤਨ, ਨੀਸ਼ੂ ਚੋਪੜਾ ਸਮੇਤ ਈਓ ਮਨੀਸ਼ ਕੁਮਾਰ ਤੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ।
ਬਾਕਸ--
ਸਾਰੇ ਵਾਰਡਾਂ ’ਚ 10 ਲੱਖ ਦੇ ਇਲਾਜ ਦੇ ਕਾਰਡ ਬਣਾਏ ਜਾਣ : ਚੇਤ ਰਾਮ ਰਤਨ
ਇਸ ਮੌਕੇ ਕੌਂਸਲਰ ਚੇਤ ਰਾਮ ਰਤਨ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਲਈ ਕਾਰਡ ਬਣਾਉਣ ਵਾਲੀਆਂ ਟੀਮਾਂ ਨੂੰ ਸਾਰੇ ਵਾਰਡਾਂ ’ਚ ਸਮੇਂ ਸਮੇਂ ਭੇਜਣ ਦੀ ਮੰਗ ਕੀਤੀ ਗਈ। ਇਸ ਮੰਗ ਨੂੰ ਪੂਰਾ ਕਰਨ ਅਤੇ ਟੀਮਾਂ ਭੇਜਣ ਦਾ ਭਰੋਸਾ ਲਲਿਤ ਮੋਹਨ ਪਾਠਕ ਵੱਲੋਂ ਦਿਵਾਇਆ ਗਿਆ। ਇਸ ਮੰਗ ਦਾ ਸਮਰਥਨ ਸਾਰੇ ਕਾਂਗਰਸੀ ਕੌਂਸਲਰਾਂ ਵੱਲੋਂ ਵੀ ਕੀਤਾ ਗਿਆ।
ਬਾਕਸ--
ਸਾਬਕਾ ਕੌਂਸਲਰ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਰੋਕੀ ਜਾਵੇ : ਨੌਰਥ
ਇਸ ਮੌਕੇ ਕੌਂਸਲਰ ਗੁਰਮੁਖ ਸਿੰਘ ਨੌਰਥ ਨੇ ਕਿਹਾ ਕਿ ਜੇਕਰ ਕੋਈ ਗਰੀਬ ਆਪਣੀ ਝੁੱਗੀ-ਝੌਂਪੜੀ ਬਣਾਉਂਦਾ ਹੈ ਤਾਂ ਉਸ ਖਿਲਾਫ਼ ਅਫ਼ਸਰਾਂ ਅਤੇ ਮੁਲਾਜ਼ਮਾਂ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਪਰ ਸਾਬਕਾ ਕੌਂਸਲਰ ਮਹਿੰਦਰ ਸਿੰਘ ਡੀਐੱਸਪੀ ਵੱਲੋਂ ਨਾਜਾਇਜ਼ ਤੌਰ ’ਤੇ ਕੀਤੀ ਜਾ ਰਹੀ ਉਸਾਰੀ ’ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ, ਜਦਕਿ ਉਸ ਵੱਲੋਂ ਮਨਮਰਜ਼ੀ ਨਾਲ ਕੀਤੀ ਜਾ ਰਹੀ ਉਸਾਰੀ ਦਾ ਕੰਮ ਹੁਣ ਲੈਂਟਰ ਤੱਕ ਪੁੱਜ ਗਿਆ ਹੈ। ਉਨ੍ਹਾਂ ਸਮੂਹ ਕੌਂਸਲਰਾਂ ਤੇ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਮੌਕੇ ’ਤੇ ਪੁੱਜ ਕੇ ਬਣਦੀ ਕਾਰਵਾਈ ਕਰਵਾਉਣ, ਜਦਕਿ ਈਓ ਮਨੀਸ਼ ਕੁਮਾਰ ਨੇ ਆਖਿਆ ਕਿ ਇਸ ਮਾਮਲੇ ਵਿਚ ਬਣਦੀ ਜਾਂਚ ਤੇ ਕਾਰਵਾਈ ਕਰਨ ਲਈ ਬਣਦੇ ਉਪਰਾਲੇ ਕੀਤੇ ਜਾ ਰਹੇ ਹਨ।
ਬਾਕਸ--
ਟੈਕਸਾਂ ਦੀ ਵਸੂਲੀ ਤੋਂ ਬਾਅਦ ਸੜਕਾਂ ਦੀ ਉਸਾਰੀ ’ਤੇ ਰੋਕ ਗਲਤ : ਪਾਠਕ
ਨਵਾਂਸ਼ਹਿਰ ਦੀ ਮੀਟਿੰਗ ਵਿਚ 15 ਲੱਖ ਰੁਪਏ ਨਾਲ ਸ਼ਮਸ਼ਾਨ ਘਾਟ ਦੀ ਸ਼ੈਡਾਂ ਦੀ ਉਸਾਰੀ ਦਾ ਮਤਾ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਕਈ ਵਾਰਡਾਂ 'ਚ ਕੀਤੀਆਂ ਉਸਾਰੀਆਂ ਦੀਆਂ ਨਕਸ਼ਾ ਫੀਸਾਂ ਅਤੇ ਹੋਰਨਾਂ ਟੈਕਸਾਂ ਰਾਹੀਂ ਕੀਤੀ ਕਰੋੜਾਂ ਰੁਪਏ ਦੀ ਵਸੂਲੀ ਤੋਂ ਬਾਅਦ ਉਨ੍ਹਾਂ ਇਲਾਕਿਆਂ ਦੀ ਸੜਕਾਂ ਦੀ ਉਸਾਰੀ ਵੇਲੇ ਨਗਰ ਕੌਂਸਲ ਕੋਲ ਪੈਸੇ ਨਾ ਹੋਣ ਦੀ ਗੱਲ ਆਖੀ ਜਾਂਦੀ ਹੈ ਜੋ ਕਿ ਠੀਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਕਸ਼ਾ ਫੀਸਾਂ ਅਤੇ ਹੋਰਨਾਂ ਟੈਕਸਾਂ ਦੀ ਉਗਰਾਹੀ ਕਰਨ ਤੋਂ ਬਾਅਦ ਇਲਾਕੇ ਦੇ ਲੋਕਾਂ ਦੀ ਮੰਗ ਅਨੁਸਾਰ ਸੜਕਾਂ ਅਤੇ ਹੋਰਨਾਂ ਮੁੱਢਲੀਆਂ ਸਹੁਲਤਾਂ ਦੇਣੀਆਂ ਚਾਹੀਦੀਆਂ ਹਨ। ਜਿਸ ਤੇ ਸਾਰਿਆਂ ਨੇ ਸਹਿਮਤੀ ਜਤਾਈ ਗਈ। ਇਸ ਮੌਕੇ ਕੌਂਸਲਰ ਕੁਲਵੰਤ ੌਕੌਰ ਨੇ ਇਲਾਕੇ ਵਿਚ ਸਫਾਈ ਸੇਵਕਾਂ ਦੀ ਤਾਇਨਾਤੀ ਅਤੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮਾ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਈ ਵਾਰਡਾਂ ਵਿਚ ਤਾਂ ਸਫਾਈ ਸੇਵਕ ਜਾਂਦੇ ਨਹੀਂ ਹਨ। ਜਿਸ ਕਾਰਨ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਹਨ।
ਬਾਕਸ
ਮਤਾ ਨੰਬਰ 4 ਸਾਫ ਨਾ ਹੋਣ ਕਾਰਨ ਕਾਂਗਰਸੀ ਕੌਂਸਲਰਾਂ ਨੇ ਜਤਾਇਆ ਇਤਰਾਜ਼
ਨਗਰ ਕੌਂਸਲ ਦੀ ਮੀਟਿੰਗ ਵਿਚ ਐੱਮਸੀ ਬਲਵਿੰਦਰ ਕੌਰ ਭੂੰਬਲਾ, ਐੱਮਸੀ ਕੁਲਵੰਤ ਕੌਰ ਵੱਲੋਂ ਚਾਰ ਨੰਬਰ ਮਤਾ ਸਪੱਸ਼ਟ ਨਾ ਹੋਣ ਦਾ ਆਰੋਪ ਲਗਾਉਂਦਿਆਂ ਮਤਾ ਨੰਬਰ 4 ਤੇ ਇਤਰਾਜ ਜਤਾਇਆ। ਉਨ੍ਹਾਂ ਆਖਿਆ ਕਿ ਇਸ ਮਤੇ ਨੂੰ ਸਾਫ ਤੌਰ ਤੇ ਲਿੱਖਿਆ ਜਾਵੇ ਤਾਂ ਜੋ ਸਾਰੇ ਕੌਂਸਲਰਾਂ ਦੇ ਸਮਝ ਆ ਸਕੇ। ਉਨ੍ਹਾਂ ਕਿਹਾ ਕਿ ਏਜੰਡੇ 'ਚ ਦਰਜ ਮਤੇ ਬਾਰੇ ਪ੍ਰਧਾਨ ਅਤੇ ਹੋਰਨਾਂ ਅਫਸਰਾਂ ਨੂੰ ਚੰਗੀ ਤਰ੍ਹਾਂ ਤਸੱਲੀ ਕਰਕੇ ਹੀ ਮਤਾ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਉਧਰ ਰੋਸ ਵਿਚ ਆਏ ਕੌਂਸਲਰ ਪਰਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਸ ਮਤੇ 'ਚ ਕੁਲਾਮ ਰੋਡ ਦੇ ਮੁਹੱਲਾ ਵਾਸੀਆਂ ਵੱਲੋਂ ਕੁਲਾਮ ਰੋਡ ਤੇ ਬਾਰਿਸ਼ ਦਾ ਪਾਣੀ ਖੜਾ ਹੋਣ ਕਾਰਨ ਹੋਣ ਵਾਲੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਕੁਲਾਮ ਰੋਡ ਤੋਂ ਇਕ ਪਾਇਪ ਪਾਈ ਗਈ ਸੀ। ਇਸ ਕਾਰਜ ਦੀ ਮੰਜੂਰੀ ਲਈ ਪਿਛਲੇ ਸੱਤ ਮਹੀਨੇ ਤੋਂ ਪੰਜਾਬ ਸਰਕਾਰ ਤੋਂ ਮਨਜ਼ੂਰੀ ਮੰਗੀ ਜਾ ਰਹੀ ਸੀ ਪਰ ਸਰਕਾਰ ਵੱਲੋਂ ਮਨਜ਼ੂਰੀ ਨਾ ਦੇਣ ਕਾਰਨ ਉਨ੍ਹਾਂ ਵੱਲੋਂ ਲੋਕਾਂ ਦੀ ਪਰੇਸ਼ਾਨੀ ਦੂਰ ਕਰਨ ਲਈ ਇਹ ਪਾਈਪ ਪਾਈ ਜਾ ਰਹੀ ਸੀ ਪਰ ਜੇਕਰ ਕਾਂਗਰਸੀ ਕੌਂਸਲਰਾਂ ਨੂੰ ਇਸ ਕੰਮ ਤੇ ਇਤਰਾਜ਼ ਹੈ ਤਾਂ ਉਹ ਇਸ ਪਾਈਪ ਨੂੰ ਪਾਉਣ ਦਾ ਕੰਮ ਬੰਦ ਕਰਵਾ ਦੇਣਗੇ।
ਇਸ ਮੌਕੇ ਕੌਂਸਲਰ ਪਰਮ ਸਿੰਘ ਖ਼ਾਲਸਾ ਅਤੇ ਮੱਖਣ ਸਿੰਘ ਗਰੇਵਾਲ ਨੇ ਕਿਹਾ ਕਿ ਅੱਗੇ ਕਾਂਗਰਸੀ ਕਿਹੜਾ ਲੋਕਾਂ ਦੇ ਵਿਕਾਸ ਕਾਰਜਾਂ ਨੂੰ ਕਰਵਾਉਣ 'ਚ ਆਪਣੀ ਸਹਿਮਤੀ ਦਿੰਦੇ ਸਨ ਜੋ ਹੁਣ ਉਨ੍ਹਾਂ ਤੋਂ ਮੰਜੂਰੀ ਦੀ ਆਸ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਇਪ ਨੂੰ ਨਾ ਪਾਉਣ ਕਾਰਨ ਬਾਰਿਸ਼ ਦਾ ਪਾਣੀ ਖੜਾ ਰਹਿੰਦਾ ਹੈ ਤਾਂ ਉਹ ਇਸ ਮਾਮਲੇ ਵਿਚ ਕੁੱਝ ਨਹੀਂ ਕਰ ਸਕਦੇ।
ਬਾਕਸ--
ਮਤਾ 5 ਤੋਂ 11 ਸਰਬਸੰਮਤੀ ਨਾਲ ਪਾਸ
ਮਤਾ ਨੰਬਰ 5 ਵਿਚ ਤਕਨੀਕੀ ਸ਼ਾਖਾ ਕਿ ਨਵਾਂਸ਼ਹਿਰ ਟਾਊਨ ਜ਼ਿਲ੍ਹਾ ਐੱਸਬੀਐੱਸ ਨਗਰ ਵਿਖੇ ਨਿਗਰਾਨੀ ਡੈਸ਼ਬੋਰਡ ਦੇ ਨਾਲ ਐੱਮਪੀਐੱਸ ਵਿਖੇ ਮੋਟਰਾਂ ਲਈ ਰੋਡਰ ਅਧਾਰਤ ਲੈਵਲ ਸੈਂਸਰ ਅਤੇ ਊਰਜਾ ਸੈਂਸਰ ਪ੍ਰਦਾਨ ਕਰਨ, ਸਥਾਪਤ ਕਰਨ ਅਤੇ ਚਾਲੂ ਕਰਨ ਲਈ ਅਨੁਮਾਨ (ਜਮਾ ਕੰਮ) ਮਹਿਕਮਾ ਪੰਜਾਬ ਵ/ਸ ਅਤੇ ਸੀਵਰੇਜ ਬੋਰਡ ਹੁਸ਼ਿਆਰਪੁਰ ਦੇ ਪੱਤਰ ਨੰਬਰ 837 ਮਿਤੀ 18.02.2026 ਸਬੰਧੀ ਅਦਾਇਗੀ ਰਕਮ 560000 ਦੀ ਅਦਾਇਗੀ ਕਰਨ ਦੀ ਪੇਸ਼ ਮਤੇ 'ਤੇ ਕਾਂਗਰਸੀ ਕੌਂਸਲਰ ਬਲਵਿੰਦਰ ਭੂੰਬਲਾ, ਕੁਲਵੰਤ ਕੌਰ ਵੱਲੋਂ ਰੂਲਾ ਮੁਤਾਬਕ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ।
ਮਤਾ ਨੰਬਰ 6 ਅਨੁਸਾਰ ਸਹਾਇਕ ਕਮਿਸ਼ਨਰ ਜਨਰਲ ਦਫਤਰ ਡਿਪਟੀ ਕਮਿਸ਼ਨਰ ਦੇ ਪੱਤਰ ਰਾਹੀਂ ਪੰਜਾਬ ਭਰ ਵਿਚ ਵੇਰਕਾ ਮਿਲਕ ਬੂਥਾਂ ਦੀ ਸਥਾਪਨਾ ਲਈ ਸਰਕਾਰੀ ਜਨਤਕ ਸਥਾਨਾਂ/ਸਾਇਟਾਂ ਦੀ ਅਲਾਟਮੈਂਟ ਸਬੰਧੀ ਜਾਰੀ ਪੱਤਰ ਅਨੁਸਾਰ ਵੇਰਕਾ ਦੇ ਨੁਮਾਇੰਦੇ ਵੱਲੋਂ ਸ਼ਹਿਰ ਵਿਚ ਦੋ ਬੂਥਾਂ ਖੋਲਣ ਲਈ ਕਿਹਾ ਗਿਆ। ਇਸ ਲਈ ਵੇਰਕਾ ਦੇ ਮਿਲਕ ਬੂਥਾਂ ਦੀ ਸਥਾਪਨਾ ਲਈ ਸਾਇਟਾਂ ਦੀ ਪ੍ਰਵਾਨਗੀ ਦੇਣ ਹਿੱਤ ਪੇਸ਼ ਰਿਪੋਰਟ ਤਹਿਤ ਵਿਧਾਇਕ ਨਛੱਤਰ ਪਾਲ ਸਮੇਤ ਹੋਰਨਾਂ ਕੌਂਸਲਰਾਂ ਨੇ ਨਵਾਂਸ਼ਹਿਰ ਦੇ ਚਾਰੇ ਐਂਟਰੀ ਪੁਆਇੰਟਾਂ, ਬਾਰਾਦਰੀ ਬਾਗ, ਸਬਜੀ ਮੰਡੀ ਸਮੇਤ ਹੋਰਨਾਂ ਥਾਵਾਂ 'ਤੇ ਵੀ ਬੂਥ ਖੋਲ੍ਹਣ ਤੇ ਸਹਿਮਤੀ ਜਤਾਈ। ਤਾਂ ਜੋ ਲੋਕਾਂ ਨੂੰ ਵੇਰਕਾ ਦੁੱਧ, ਘਿਉ ਸਮੇਤ ਹੋਰ ਉਤਪਾਦ ਆਸਾਨੀ ਨਾਲ ਮਿਲ ਸਕਣ।
ਮਤਾ ਨੰਬਰ 7 ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਡੰਪ ਸਾਈਟ ਦਾ ਦੁਬਾਰਾ ਟੋਪੋਗ੍ਰਾਫਿਕਲ ਸਰਵੇਖਣ ਕਰਵਾਉਣ ਅਤੇ ਸਰਵੇ ਅਨੁਸਾਰ ਦੁਬਾਰਾ ਤਖਮੀਨਾ 180.68 ਲੱਖ ਰੁਪਏ ਦਾ ਤਿਆਰ ਕਰਨ ਅਤੇ ਇਸ ਦੀ ਅਦਾਇਗੀ ਸਬੰਧੀ ਮਤਾ ਨੂੰ ਵੀ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਮਤਾ ਨੰਬਰ 8 ਪੰਡੋਰਾ ਮੁਹੱਲਾ ਭਗਤ ਹਜਾਰੇ ਵਾਲੀ ਗਲੀ ਨੇੜੇ ਸਮੀਮ ਟੈਲਰ ਵਿਚ 250 ਫੁੱਟ ਸੀਵਰੇਜ ਪਾਈਪ ਲਾਈਨ ਟੁੱਟ ਜਾਣ ਕਾਰਨ ਇਸ ਸੀਵਰੇਜ ਪਾਈਪ ਲਾਈਨ ਨੂੰ ਦੋਬਾਰਾ ਪਾਉਣ ਬਾਰੇ ਮਤੇ ਨੂੰ ਪਾਸ ਕਰ ਦਿੱਤਾ ਗਿਆ।
ਇਸ ਕੰਮ ਤੇ ਲਗਭਗ 2.5 ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ। ਮਤਾ ਨੰਬਰ 9 ਦਫਤਰ ਉਪ ਮੰਡਲ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਉਪ ਮੰਡਲ ਨਵਾਂਸ਼ਹਿਰ ਵੱਲੋਂ ਸੀਈਪੀ ਪੀਡਬਲਯੂਐੱਸਐੱਸਬੀ/ ਪੀਐੱਮਆਈਡੀਸੀ ਵੱਲੋਂ ਮੈਂਟੀਨੈਸ ਨਾਲ ਸਬੰਧਤ ਕੰਮ ਦਾ ਵਿਚਾਰ ਵਟਾਂਦਰਾ ਕਰਦੇ ਹੋਏ ਨਵਾਂਸ਼ਹਿਰ ਦੀ ਅੰਸ਼ਕ ਪਾਣੀ ਸਪਲਾਈ ਅਤੇ 10 ਨੰਬਰ ਟੀਵੈੱਲ (ਡਿਪਾਜ਼ਿਟ ਵਰਕਸ) ਦੀ ਸਾਭ ਸੰਭਾਲ ਦਾ ਕੰਮ ਨਗਰ ਕੌਂਸਲ ਵੱਲੋਂ ਸੌਂਪਣ ਦਾ ਮਤਾ ਵੀ ਪਾਸ ਕੀਤਾ ਗਿਆ। ਇਸੇ ਤਰ੍ਹਾਂ 10, 11 'ਚ ਦੀਪਕ ਖੋਸਲਾ (ਸੇਵਾਦਾਰ) ਅਤੇ ਸਵੀਤਾ (ਸਫਾਈ ਸੇਵਿਕਾ) ਵੱਲੋਂ ਅੱਗੇ ਪੜ੍ਹਾਈ ਜਾਰੀ ਰੱਖਣ ਦਾ ਮਤਾ ਪਾਸ ਕੀਤਾ ਗਿਆ।
ਬਾਕਸ--
ਈਓ ਦੇ ਜਾਅਲੀ ਹਸਤਾਖਰ ਦੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ
ਮਤਾ ਨੰਬਰ 12 ਜਤਿੰਦਰ ਕੁਮਾਰ ਕੈਸ਼ੀਅਰ ਵੱਲੋਂ ਨਗਰ ਕੌਂਸਲ ਨਵਾਂਸਹਿਰ ਦੇ ਕਾਰਜ ਸਾਧਕ ਅਫਸਰ ਦੀ ਬਣੀ ਮੋਹਰ ਉਪਰ ਕਿਸੇ ਹੋਰ ਵੱਲੋਂ ਜਾਅਲੀ ਹਸਤਾਖਰ ਹੋਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਬਾਰ ਬਾਰ ਦਰਖਾਸਤਾਂ/ਆਰਟੀਆਈ ਦੀ ਮੰਗ ਸਬੰਧੀ ਪੱਤਰ ਏਡੀਸੀ ਦਫਤਰ ਵਿਖੇ ਦਿੱਤੇ ਜਾ ਰਹੇ ਹਨ। ਇਸ ਮਤੇ ਤੇ ਲਲਿਤ ਮੋਹਨ ਪਾਠਕ, ਪਰਮ ਸਿੰਘ ਖ਼ਾਲਸਾ, ਮੱਖਣ ਸਿੰਘ ਗਰੇਵਾਲ ਵੱਲੋਂ ਇਸ ਮਾਮਲੇ ਵਿਚ ਜਾਂਚ ਕਮੇਟੀ ਦਾ ਗਠਨ ਕਰਕੇ ਬਣਦੀ ਕਾਰਵਾਈ 'ਤੇ ਸਹਿਮਤੀ ਜਤਾਈ। ਜਦਕਿ ਕਾਂਗਰਸੀ ਕੌਂਸਲਰਾਂ ਐਮਸੀ ਕੁਲਵੰਤ ਕੌਰ, ਬਲਵਿੰਦਰ ਭੂੰਬਲਾ, ਨਿਸ਼ੂ ਚੋਪੜਾ ਵੱਲੋਂ ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰਨ ਅਤੇ ਇਸਦੀ ਸਟੇਟ ਪੱਧਰੀ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਬਾਕਸ--
ਜੀ-8 ਤਹਿਤ ਵਸੂਲੀ ਰਕਮ ਦੀ ਅਦਾਇਗੀ ਦਾ ਮਤਾ ਪਾਸ
ਮਤਾ ਨੰਬਰ 13 ਅਨੁਸਾਰ ਸਰਕਾਰ ਦੇ ਪੱਤਰ ਅਨੁਸਾਰ ਨਕਸ਼ਾ/ਐਨਓਸੀ ਦੀਆਂ ਫੀਸਾਂ ਵਿਚ ਵਾਧਾ ਕੀਤਾ ਗਿਆ ਸੀ। ਜਿਸ ਉਪਰੰਤ 4-6-2025 ਤੋਂ ਬਾਅਦ ਅਪਲਾਈ ਕੀਤੀਆਂ ਨਕਸ਼ਾ/ਐਨਓਸੀ ਨੂੰ ਵੱਧ ਜਮਾਂ ਕੀਤੀ ਜਾਣ ਵਾਲੀ ਫੀਸ ਦੇ ਲਿੰਕ ਜਨਰੇਟ ਕਰਨ ਲਈ ਈ ਨਕਸ਼ਾ ਨੂੰ ਇਸ ਦਫਤਰ ਵੱਲੋਂ ਪੱਤਰ ਵੀ ਲਿਖੇ ਗਏ ਪਰ ਨਕਸ਼ਾ/ਐਨਓਸੀ ਉਨਰਾਂ ਵੱਲੋਂ ਇਸ ਦਫਤਰ ਵਿਖੇ ਵਾਰ ਵਾਰ ਆਉਣ ਨਾਲ ਨਕਸ਼ਾ/ਐੱਨਓਸੀ ਉਨ੍ਹਾਂ ਦੀ ਹਰਾਸਮੈਂਟ ਹੋ ਰਹੇ ਸੀ। ਜਿਸ ਕਾਰਨ ਨਗਰ ਕੌਂਸਲ ਦੀ ਬਿਲਡਿੰਗ ਬ੍ਰਾਂਚ ਵੱਲੋਂ ਨਗਰ ਕੌਂਸਲ ਦੀ ਲੇਖਾ ਸ਼ਾਖਾ ਤੋਂ ਆਨਲਾਈਨ ਜੀ-8 ਐੱਮ ਸੇਵਾ ਕਟਵਾਈਆਂ ਗਈਆਂ। ਇਸ ਦੀ ਵਾਪਸੀ ਸਬੰਧਿਤਾਂ ਨੂੰ ਕਰਨ ਦੇ ਮਤੇ ਨੂੰ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਪਾਸ ਕਰਦਿਆਂ ਲੋਕਾਂ ਦੀ ਪਰੇਸ਼ਾਨੀ ਦੂਰ ਕਰਨ ਦੀ ਅਪੀਲ ਕੀਤੀ। ਮਤਾ ਨੰਬਰ 14 ਅਰੁਣ ਕੁਮਾਰ ਸਵ. ਰਾਮ ਲੁਭਾਇਆ ਸਫਾਈ ਸੇਵਕ ਜੋ ਕਿ ਪਿਛਲੇ 7 ਸਾਲ ਤੋਂ ਸਫਾਈ ਦੀ ਨੌਕਰੀ ਕਰ ਰਿਹਾ ਹਾਂ ਤੇ ਡਰਾਈਵਰੀ ਵੀ ਜਾਣਦਾ ਹੈ। ਟਾਟਾ ਏਸ ਗੱਡੀ ਚਲਾ ਰਿਹਾ ਹੈ। ਉਸ ਦਾ ਡਰਾਇਵਰੀ ਦਾ ਮਤਾ ਪਾਸ ਕੀਤਾ ਗਿਆ।
ਬਾਕਸ==
ਆਰਟੀਆਈ ਕੇਸਾਂ 'ਚ ਵਕੀਲ ਤਾਇਨਾਤੀ ਤੇ ਕਾਂਗਰਸੀਆਂ ਨੇ ਜਤਾਇਆ ਇਤਰਾਜ਼
ਮਤਾ ਨੰਬਰ 15 ਨਗਰ ਨਵਾਂਸ਼ਹਿਰ ਆਰਟੀਆਈ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਵਾਰ-ਵਾਰ ਆਰਟੀਆਈ.ਕੇਸਾਂ ਦੀ ਤਾਰੀਖਾਂ ਤੇ ਜਾਣ ਨਾਲ ਦਫਤਰ ਕੰਮਕਾਜ ਕਾਫੀ ਪ੍ਰਭਾਵਿਤ ਹੁੰਦਾ ਹੈ ਅਤੇ ਪਬਲਿਕ ਨੂੰ ਕੰਮ ਕਰਵਾਉਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਆਰਟੀਆਈ ਕੇਸਾਂ ਲਈ ਵਕੀਲ ਨਿਯੁਕਤ ਕਰਨ ਲਈ ਕੇਸ ਹਾਉਸ ਦੀ ਪ੍ਰਵਾਨਗੀ ਹਿੱਤ ਪੇਸ਼ ਕੀਤਾ, ਜਿਸ ’ਤੇ ਲਲਿਤ ਮੋਹਨ ਪਾਠਕ ਵੱਲੋਂ ਇਸ ਸਬੰਧੀ ਨਗਰ ਕੌਂਸਲ ਦੇ ਸਰਕਾਰੀ ਵਕੀਲਾਂ ਜਾਂ ਪੈਨਲ ਚੋਂ ਵਕੀਲ ਨਿਯੁਕਤ ਕਰਨ ਦੀ ਗੱਲ ਆਖੀ। ਜਿਸ ਤੇ ਕਾਂਗਰਸੀ ਕੌਂਸਲਰ ਬਲਵਿੰਦਰ ਭੂੰਬਲਾ ਨੇ ਇਤਰਾਜ ਜਤਾਉਂਦਿਆਂ ਕਿਹਾ ਕਿ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਦਾ ਸਮਾਂ ਇਕ ਮਹੀਨੇ ਹੁੰਦਾ ਹੈ। ਇਸ ਕੰਮ ਲਈ ਨਗਰ ਕੌਂਸਲ ਕੋਲ ਅਫ਼ਸਰ ਅਤੇ ਮੁਲਾਜ਼ਮ ਹਾਜ਼ਰ ਹਨ। ਇਸ ਲਈ ਵਕੀਲ ਦੀ ਤਾਇਨਾਤੀ ਨਾ ਕੀਤੀ ਜਾਵੇ। ਜਦਕਿ ਲਲਿਤ ਮੋਹਨ ਪਾਠਕ, ਪਰਮ ਸਿੰਘ ਖ਼ਾਲਸਾ ਸਮੇਤ ਹੋਰਨਾਂ ਕੌਂਸਲਰਾਂ ਨੇ ਇਸ ਕੰਮ ਲਈ ਵਕੀਲ ਨਿਯੁਕਤ ਕਰਨ ਦੀ ਹਾਮੀ ਭਰੀ।
ਬਾਕਸ--
ਤਹਿਸੀਲ ਕੰਪਲੈਕਸ ਦੀ ਸੜਕ ਅਤੇ ਸਲੋਹ ਰੋਡ ਦੀ ਸੜਕ ਦਾ ਪੈਚਵਰਕ ਕਰਵਾਉਣ ਦੀ ਮੰਗ
ਕੌਂਸਲਰ ਚੇਤ ਰਾਮ ਰਤਨ ਨੇ ਕਿਹਾ ਕਿ ਨਵਾਂਸ਼ਹਿਰ ਦੀ ਤਹਿਸੀਲ ਨੂੰ ਜੋ ਸੜਕ ਜਾਂਦੀ ਹੈ। ਉਸ ਦਾ ਬੁਹੁਤ ਹੀ ਮਾੜਾ ਹਾਲ ਹੈ। ਨਗਰ ਕੌਂਸਲ ਆਖਦੀ ਹੈ ਕਿ ਇਹ ਸੜਕ ਪੀਡਬਲਿਉਡੀ ਦੀ ਹੈ। ਜਦਕਿ ਪੀਡਬਲਿਉਡੀ ਇਸ ਸੜਕ ਨੂੰ ਨਗਰ ਕੌਂਸਲ ਦੀ ਆਖ ਰਿਹਾ ਹੈ। ਲਲਿਤ ਮੋਹਨ ਪਾਠਕ ਅਤੇ ਪਰਮ ਸਿੰਘ ਖ਼ਾਲਸਾ ਨੇ ਨਗਰ ਕੌਂਸਲ ਦੇ ਅਫਸਰ ਨੂੰ ਕਿਹਾ ਕਿ ਉਹ ਤਹਿਸੀਲ ਕੰਪਲੈਕਸ ਦੀ ਸੜਕ ਦੇ ਨਾਲ ਨਾਲ ਸਲੋਹ ਰੋਡ ਦੀ ਸੜਕ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾ ਦੇਣ ਤਾਂ ਜੋ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੂਰ ਹੋ ਸਕੇ। ਇਸ ਮੀਟਿੰਗ ਵਿਚ ਕੌਂਸਲਰ ਪ੍ਰਵੀਨ ਭਾਟੀਆ ਗੈਰ ਹਾਜ਼ਰ ਰਹੇ।