ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ: ਸਤਲੁਜ ਦਰਿਆ ਵੱਲ ਜਾਂਦੀ ਸੜਕ 'ਤੇ ਮਿਲੀ ਲਾਸ਼, ਦਹਿਸ਼ਤ 'ਚ ਲੋਕ
ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਸੜਕ ਕਿਨਾਰੇ ਅਤੇ ਉਸ ਤੋਂ ਥੋੜਾ ਅੱਗੇ ਉਸਦਾ ਮੋਟਰਸਾਈਕਲ ਡਿੱਗਿਆ ਮਿਲਿਆ ਹੈ ਅਤੇ ਜਾਂਚ ਜਾਰੀ ਹੈ।
Publish Date: Tue, 24 Feb 2026 11:54 AM (IST)
Updated Date: Tue, 24 Feb 2026 11:57 AM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ। ਕਸਬਾ ਬੇਲਾ ਤੋਂ ਪਿੰਡ ਅਟਾਰੀ ਅਤੇ ਸਤਲੁਜ ਦਰਿਆ ਵੱਲ ਜਾਂਦੀ ਲਿੰਕ ਸੜਕ 'ਤੇ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ। ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬੇਲਾ ਪੁਲਿਸ ਚੌਂਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਅਤੇ ਮੁਨਸ਼ੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਸਕਰਨ ਸਿੰਘ (24 ਸਾਲ) ਪੁੱਤਰ ਤਰਲੋਚਨ ਸਿੰਘ, ਵਾਸੀ ਬੇਲਾ ਵਜੋਂ ਹੋਈ ਹੈ
ਪੁਲਿਸ ਅਨੁਸਾਰ ਜਸਕਰਨ ਸਿੰਘ ਦੀ ਲਾਸ਼ ਸੜਕ ਕਿਨਾਰੇ ਪਈ ਮਿਲੀ, ਜਦਕਿ ਉਸ ਦਾ ਮੋਟਰਸਾਈਕਲ ਲਾਸ਼ ਤੋਂ ਕੁਝ ਦੂਰੀ 'ਤੇ ਡਿੱਗਿਆ ਹੋਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮਾਮਲਾ ਸ਼ੱਕੀ ਹੋਣ ਕਾਰਨ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।