ਕੀਰਤਪੁਰ ਸਾਹਿਬ ਵਿੱਚ ਹੇਰੋਇਨ ਸਮੇਤ ਨੌਜਵਾਨ ਗ੍ਰਿਫਤਾਰ
ਕੀਰਤਪੁਰ ਸਾਹਿਬ ਵਿੱਚ ਹੇਰੋਇਨ ਸਮੇਤ ਨੌਜਵਾਨ ਗ੍ਰਿਫਤਾਰ
Publish Date: Wed, 22 Apr 2026 04:09 PM (IST)
Updated Date: Wed, 22 Apr 2026 04:13 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਨਸ਼ਿਆਂ ਖਿਲਾਫ ਮੁਹਿੰਮ ਨੂੰ ਤੇਜ ਕਰਦੇ ਹੋਏ ਖਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਕਪਤਾਨ ਰੂਪਨਗਰ ਮਨਿੰਦਰ ਸਿੰਘ ਤੇ ਦਿਸ਼ਾ ਨਿਰਦੇਸ਼ਾਂ ਹੇਠ ਉਪ ਪੁਲਿਸ ਕਪਤਾਨ ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ, ਥਾਣਾ ਮੁੱਖੀ ਸ਼੍ਰੀ ਕੀਰਤਪੁਰ ਸਹਿਬ ਰਾਹੁਲ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਨਸ਼ਾ ਸਪਲਾਈ ਦੀ ਚੇਨ ਨੂੰ ਤੋੜਦੇ ਹੋਏ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਹੇਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਟੀਮ ਰੋਜ਼ਾਨਾ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਸ਼ਾਮ ਕਰੀਬ 5:15 ਵਜੇ ਪਿੰਡ ਭਟੋਲੀ ਨੇੜੇ ਐਸ ਵਾਈ ਐਲ ਨਹਿਰ ਦੇ ਕਿਨਾਰੇ ਇੱਕ ਨੌਜਵਾਨ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਅਤੇ ਆਪਣੀ ਜੇਬ ਵਿੱਚੋਂ ਕਾਲੇ ਰੰਗ ਦਾ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਰੋਹਿਤ ਹੀਰ ਵਾਸੀ ਪਿੰਡ ਬਾਠਕਲਾ, ਤਹਿਸੀਲ ਨਕੋਦਰ, ਜ਼ਿਲ੍ਹਾਂ ਜਲੰਧਰ ਦੱਸਿਆ। ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਹੇਰੋਇਨ (ਚਿੱਟਾ) ਬਰਾਮਦ ਹੋਇਆ। ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਕਥਿਤ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਥਾਣਾ ਮੁੱਖੀ ਰਾਹੁਲ ਸ਼ਰਮਾ ਨੇ ਕਿਹਾ ਕਿ ਇਲਾਕੇ ਅੰਦਰ ਨਸ਼ਾ ਸਮਗਲਰਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ । ਨਸ਼ੇ ਖਿਲਾਫ ਭਵਿੱਖ ਵਿੱਚ ਵੀ ਕਾਰਵਾਈ ਜਾਰੀ ਰਹੇਗੀ।