ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ 11 ਵਾਰਡਾਂ ਲਈ ਵੋਟਾਂ ਪਈਆ
ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ 11 ਵਾਰਡਾਂ ਲਈ ਵੋਟਾਂ ਪਈਆ
Publish Date: Tue, 26 May 2026 04:18 PM (IST)
Updated Date: Tue, 26 May 2026 04:19 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵੋਟਾਂ ਪਾਈਆਂ ਗਈਆਂ, ਬੈਲਟ ਪੇਪਰ ਨਾਲ ਪਈਆਂ ਵੋਟਾਂ ਦੋਰਾਨ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਹੋ ਗਈ ਹੈ। ਸੂਬੇ ਅੰਦਰ ਅੱਜ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪਾਈਆਂ ਗਈਆਂ। ਇਸੇ ਕੜੀ ਤਹਿਤ ਨਗਰ ਪੰਚਾਇਤ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਵੀ 11 ਵਾਰਡਾਂ ਲਈ 30 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਦੀ ਚੋਣ ਲਈ ਅੱਜ ਸਵੇਰੇ 8 ਵਜੇ ਤੋਂ ਵੱਖ ਵੱਖ ਵਾਰਡਾਂ ਵਿੱਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ, ਜੋ ਸ਼ਾਮ 5 ਵਜੇ ਤੱਕ ਜਾਰੀ ਰਹੀਆਂ। ਸੂਬੇ ਦੀ ਗੱਲ ਕਰੀਏ ਤਾਂ ਨਗਰ ਕੌਂਸਲ ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੇ ਕੁੱਲ 7555 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਸੇ ਤਰ੍ਹਾਂ ਸੂਬੇ ਅੰਦਰ 20 ਨਗਰ ਪੰਚਾਇਤਾਂ ਲਈ ਕੋਲਾ 132 ਨਾਮਜਦਗੀਆਂ ਆਈਆਂ ਸਨ, ਜਿਨ੍ਹਾਂ ਵਿੱਚੋਂ 115 ਉਮੀਦਵਾਰਾਂ ਦੇ ਪਰਚੇ ਰੱਦ ਹੋ ਗਏ ਸਨ ਅਤੇ ਬੀਤੇ 19 ਮਈ ਨੂੰ 312 ਉਮੀਦਵਾਰਾਂ ਵੱਲੋਂ ਆਪਣੇ ਕਾਗਜ ਵਾਪਸ ਲੈ ਲਏ ਗਏ ਸਨ, ਜਿਨ੍ਹਾਂ ਵਿੱਚੋਂ 28 ਉਮੀਦਵਾਰ ਨਿਰਵਿਰੋਧ ਚੁਣੇ ਗਏ ਅਤੇ ਲਗਭਗ 800 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਡੱਬਿਆਂ ਵਿੱਚ ਬੰਦ ਹੋ ਗਿਆ ਹੈ ਜਿਸ ਦਾ ਨਤੀਜਾ 29 ਮਈ ਨੂੰ ਐਲਾਨਿਆ ਜਾਵੇਗਾ। ਚੋਣ ਅਮਲੇ ਵੱਲੋਂ ਕੱਲ ਤੋਂ ਹੀ ਆਪਣੇ ਆਪਣੇ ਬੂਥਾਂ ’ਤੇ ਪਹੁੰਚ ਕੇ ਚੋਣ ਪ੍ਰਕਿਰਿਆ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਸੂਬੇ ਅੰਦਰ ਪੈ ਰਹੀ ਗਰਮੀ ਕਾਰਨ ਸਵੇਰੇ ਤੋਂ ਹੀ ਸ੍ਰੀ ਕੀਰਤਪੁਰ ਸਾਹਿਬ ਦੇ ਵੱਖ ਵੱਖ ਬੂਥਾਂ ’ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਸਵੇਰ ਸਮੇਂ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਆਪਣੇ ਵੋਟ ਮੱਤ ਦਾ ਇਸਤੇਮਾਲ ਕਰਨ ਲਈ ਬੂਥਾਂ ’ਤੇ ਪਹੁੰਚੇ ਹੋਏ ਸਨ ਅਤੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾਉਣ ਲਈ ਲਾਈਨਾਂ ਵਿੱਚ ਲੱਗੇ ਹੋਏ ਸਨ। ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਮੱਦੇ ਨਜ਼ਰ ਕਰੜੇ ਪ੍ਰਬੰਧ ਕੀਤੇ ਗਏ ਸਨ ਚੋਣ ਬੂਥਾਂ ’ਤੇ ਪੰਜਾਬ ਪੁਲਿਸ ਦੇ ਨੌਜਵਾਨ ਬੀਤੀ ਸ਼ਾਮ ਤੋਂ ਹੀ ਪਹੁੰਚ ਕੇ ਚੋਣਾਂ ਨੂੰ ਅਮਨ ਨਾਲ ਨੇਪਰੇ ਚੜਨ ਲਈ ਮੁਸਤੈਦ ਸਨ। ਕਈ ਬਜ਼ੁਰਗ ਪਰਿਵਾਰਿਕ ਮੈਂਬਰਾਂ ਦੀ ਸਹਾਇਤਾ ਨਾਲ ਆਪਣੇ ਵੋਟ ਮੱਤ ਦਾ ਇਸਤੇਮਾਲ ਕਰਨ ਲਈ ਪਹੁੰਚੇ। ਚੌਣ ਅਮਲੇ ਅਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਵੋਟਰਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਅਤੇ ਚੋਣ ਪ੍ਰਕਿਰਿਆ ਸ਼ਾਂਤੀ ਨਾਲ ਜਾਰੀ ਸੀ। ਚੋਣ ਅਧਿਕਾਰੀਆਂ ਸਮੇਤ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਵੀ ਵੱਖ-ਵੱਖ ਬੂਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ । ਸੱਤਾਧਾਰੀ ਧਿਰ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣਾਂ ਵਿੱਚ ਖੜੇ ਕੀਤੇ ਹੋਏ ਹਨ।