Ropar News : ਨੂਰਪੁਰ ਬੇਦੀ 'ਚ ਰਾਤ ਸਮੇਂ ਵੇਖੇ ਗਏ ਸ਼ੱਕੀ ਨਕਾਬਪੋਸ਼ ਵਿਅਕਤੀ, ਲੋਕਾਂ ਦਾ ਸਹਿਮ ਦਾ ਮਾਹੌਲ
ਉਕਤ ਵਿਅਕਤੀ ਘਰਾਂ ਦੀਆਂ ਬਾਉਂਡਰੀਆਂ ਕੋਲ ਜਾ ਕੇ ਅੰਦਰ ਝਾਕਦਾ ਰਿਹਾ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਲੋਨੀ ਵਾਸੀਆਂ ਅਨੁਸਾਰ ਜਦੋਂ ਕੁਝ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਬਾਹਰ ਨਿਕਲ ਕੇ ਵੇਖਿਆ ਪਰ ਇਸ ਤੋਂ ਪਹਿਲਾਂ ਹੀ ਉਹ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।
Publish Date: Sat, 23 May 2026 06:51 PM (IST)
Updated Date: Sat, 23 May 2026 06:54 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਸ਼ਹਿਰ ਚ ਰਾਤ ਸਮੇਂ ਘੁੰਮਦੇ ਇੱਕ ਅਣਪਛਾਤੇ ਨਕਾਬਪੋਸ਼ ਵਿਅਕਤੀ ਦੇਖੇ ਜਾਣ ਤੇ ਲੋਕਾਂ ਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਊ ਆਦਰਸ਼ ਕਲੋਨੀ ਨੂਰਪੁਰ ਬੇਦੀ ਦੇ ਨਿਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਇੱਕ ਅਣਪਛਾਤਾ ਨਕਾਬਪੋਸ਼ ਵਿਅਕਤੀ ਕਲੋਨੀ ਵਿੱਚ ਸ਼ੱਕੀ ਹਾਲਾਤ ਵਿੱਚ ਘੁੰਮਦਾ ਦੇਖਿਆ ਗਿਆ।
ਇਸ ਸਬੰਧੀ ਕਲੋਨੀ ਵਾਸੀਆਂ ਨੇ ਸਥਾਨਕ ਪੁਲਿਸ ਥਾਣਾ ਨੂਰਪੁਰ ਬੇਦੀ ਵਿੱਚ ਦਰਖਾਸਤ ਦੇ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਵਿਪਨ ਕੁਮਾਰ, ਚੇਤਨ ਵਰਮਾ, ਰਕੇਸ਼ ਕੁਮਾਰ ਸਮੇਤ ਹੋਰ ਕਲੋਨੀ ਨਿਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਇੱਕ ਵਿਅਕਤੀ, ਜਿਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਕਲੋਨੀ ਵਿੱਚ ਬੇਖੌਫ ਹੋ ਕੇ ਘੁੰਮ ਰਿਹਾ ਸੀ।
ਉਕਤ ਵਿਅਕਤੀ ਘਰਾਂ ਦੀਆਂ ਬਾਉਂਡਰੀਆਂ ਕੋਲ ਜਾ ਕੇ ਅੰਦਰ ਝਾਕਦਾ ਰਿਹਾ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਲੋਨੀ ਵਾਸੀਆਂ ਅਨੁਸਾਰ ਜਦੋਂ ਕੁਝ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਬਾਹਰ ਨਿਕਲ ਕੇ ਵੇਖਿਆ ਪਰ ਇਸ ਤੋਂ ਪਹਿਲਾਂ ਹੀ ਉਹ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਲੋਕਾਂ ਚ ਡਰ ਪੈਦਾ ਹੋ ਗਿਆ ਹੈ ਅਤੇ ਰਾਤ ਸਮੇਂ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਨਿਵਾਸੀਆਂ ਨੇ ਦੱਸਿਆ ਕਿ ਉਕਤ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਕਲੋਨੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ, ਜੋ ਪੁਲਿਸ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਪੁਲਿਸ ਤੁਰੰਤ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਵਿਅਕਤੀ ਦੀ ਪਹਿਚਾਣ ਕਰੇ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਕਲੋਨੀ ਵਾਸੀਆਂ ਨੇ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲਗਾਤਾਰ ਪੁਲਿਸ ਪਹਿਰਾ ਹੋਣ ਨਾਲ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਅਤੇ ਸ਼ਰਾਰਤੀ ਅਨਸਰਾਂ ਵਿੱਚ ਡਰ ਪੈਦਾ ਹੋਵੇਗਾ।