ਤੇਲ ਦੀਆਂ ਕੀਮਤਾਂ ’ਚ ਵਾਧੇ ਖ਼ਿਲਾਫ਼ ਕੇਐੱਮਐੱਸਕੇ ਵੱਲੋਂ ਵਿਰੋਧ
ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਿੱਖਾ ਵਿਰੋਧ
Publish Date: Wed, 27 May 2026 03:20 PM (IST)
Updated Date: Wed, 27 May 2026 03:22 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਪਿੰਡ ਦਾਤਾਰਪੁਰ ਦੀ ਇੱਕ ਹੰਗਾਮੀ ਮੀਟਿੰਗ ਮੀਤ ਪ੍ਰਧਾਨ ਜਸਵੀਰ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਕੱਤਰ ਸੁਰਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਕੇਂਦਰ ਸਰਕਾਰ ਵੱਲੋਂ ਪਿਛਲੇ 12 ਦਿਨਾਂ ਦੌਰਾਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਰ-ਵਾਰ ਕੀਤੇ ਗਏ ਵਾਧੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਇਸ ਵਾਧੇ ਨੂੰ ਜਨਤਾ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਲਾ ਕਦਮ ਦੱਸਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸਵਰਨ ਸਿੰਘ ਢੰਗਰਾਲੀ ਕਿਹਾ ਕਿ ਪਿਛਲੇ 12 ਦਿਨਾਂ ਵਿਚ ਹੋਏ ਵਾਧੇ ਨੇ ਕਿਸਾਨਾਂ ਦੇ ਬਜਟ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਡੀਜਲ -ਪੈਟਰੋਲ ਦੀਆਂ ਵਧੀਆਂ ਕੀਮਤਾਂ ਨਾਲ ਝੋਨਾ ਤੇ ਦੂਜੀਆਂ ਫ਼ਸਲਾਂ ਦੇ ਲਾਗਤ ਖਰਚਿਆਂ ਵਿਚ ਭਾਰੀ ਵਾਧਾ ਹੋਵੇਗਾ। ਉਨ੍ਹਾਂ ਕਿਹਾਕਿ ਫ਼ਸਲ ਨੂੰ ਖੇਤਾਂ ਤੋਂ ਮੰਡੀਆਂ ਤੱਕ ਪਹੁੰਚਾਉਣ ਦਾ ਖਰਚ ਵਧਣ ਕਾਰਨ ਕਿਸਾਨਾਂ ਦੀ ਸ਼ੁੱਧ ਆਮਦਨ ਲਗਾਤਾਰ ਘਟ ਰਹੀ ਹੈ, ਜਦਕਿ ਫ਼ਸਲਾਂ ਦੇ ਭਾਅ ਐਮਐਸਪੀ ਉਸ ਅਨੁਪਾਤ ਵਿੱਚ ਨਹੀਂ ਵਧ ਰਹੇ।ਫ਼ਸਲਾਂ ਦੀ ਕੀਮਤ ਇਸ ਵਧੇ ਖਰਚੇ ਤੋਂ ਪਹਿਲਾਂ ਹੀ ਤਹਿ ਹੋ ਗਈਆਂ ਹਨ। ਇਸ ਵਾਧੇ ਨਾਲ ਕਿਸਾਨ ਦੀ ਕਰਜ਼ੇ ਦੀ ਪੰਡ ਨੇ ਹੋਰ ਭਾਰੀ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਡੀਜ਼ਲ -ਪੈਟਰੋਲ ਮਹਿੰਗਾ ਹੋਣ ਨਾਲ ਟਰਾਂਸਪੋਰਟੇਸ਼ਨ (ਭਾੜਾ) ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਦੁੱਧ, ਸਬਜ਼ੀਆਂ, ਫਲ, ਦਾਲਾਂ ਅਤੇ ਹੋਰ ਘਰੇਲੂ ਵਸਤੂਆਂ ਮਹਿੰਗੀਆਂ ਹੋ ਰਹੀਆਂ ਹਨ। ਮਜ਼ਦੂਰ ਅਤੇ ਮੁਲਾਜ਼ਮ ਵਰਗ, ਜੋ ਰੋਜ਼ਾਨਾ ਮੋਟਰਸਾਈਕਲਾਂ ਜਾਂ ਬੱਸਾਂ ਰਾਹੀਂ ਕੰਮ-ਧੰਦਿਆਂ ਤੇ ਜਾਂਦੇ ਹਨ, ਉਨ੍ਹਾਂ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਸਫ਼ਰ ਦੇ ਖਰਚੇ ਵਿਚ ਹੀ ਉੱਡ ਰਿਹਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਅੱਛੇ ਦਿਨਾਂ ਦੇ ਦਾਅਵੇ ਕਰਦੀਆਂ ਹਨ, ਪਰ ਦੂਜੇ ਪਾਸੇ ਰੋਜ਼ਾਨਾ ਤੇਲ ਦੀਆਂ ਕੀਮਤਾਂ ਵਧਾ ਕੇ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ। ਮੀਟਿੰਗ ਵਿਚ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਧਾਈਆਂ ਗਈਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਤੁਰੰਤ ਵਾਪਸ ਲਈਆਂ ਜਾਣ। ਖੇਤੀਬਾੜੀ ਸੈਕਟਰ ਲਈ ਡੀਜ਼ਲ ਤੇ ਵਿਸ਼ੇਸ਼ ਸਬਸਿਡੀ ਦਿੱਤੀ ਜਾਵੇ। ਤੇਲ ਦਾ ਅਜਿਹਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਦੀਆਂ ਕੀਮਤਾਂ ਸਸਤੀਆਂ ਹੋ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੇਲ ਦੀਆਂ ਕੀਮਤਾਂ ਨੂੰ ਨੱਥ ਨਾ ਪਾਈ ਅਤੇ ਵਧੇ ਹੋਏ ਰੇਟ ਵਾਪਸ ਨਾ ਲਏ, ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਵਿਚ ਇਕ ਪੱਤਰਕਾਰ ਦੇ ਘਰ ਪੁਲੀਸ ਛਾਪੇਮਾਰੀ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਲੋਕਤੰਤਰ ਘਾਣ ਅਤੇ ਲੋਕਤੰਤਰ ਦੇ ਚੌਥੈ ਥੰਮ ਤੇ ਕਰੂਰ ਹਮਲਾ ਦੱਸਿਆ। ਹੋਰਨਾਂ ਤੋ ਇਲਾਵਾ ਮੀਟਿੰਗ ਵਿਚ ਕੁਲਵੀਰ ਸਿੰਘ ਦਾਤਾਰਪੁਰ, ਖ਼ਜਾਨਚੀ ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਸੱਜਣ ਸਿੰਘ ਬਡਵਾਲੀ, ਰਣਜੋਧ ਸਿੰਘ ਬਾਠ ਆਦਿ ਨੇ ਸ਼ਮੂਲੀਅਤ ਕੀਤੀ।