ਸਫਾਈ ਨੂੰ ਲੈ ਕੇ ਸੀਨੀਅਰ ਸਿਟੀਜਨਜ਼ ਕੌਂਸਲ ਨੇ ਜਤਾਈ ਚਿੰਤਾ
ਰੂਪਨਗਰ ’ਚ ਸਫਾਈ ਦੀ ਦੁਰਦਸ਼ਾ ਨੂੰ ਲੈ ਕੇ ਸੀਨੀਅਰ ਸਿਟੀਜਨਜ਼ ਕੌਂਸਲ ਨੇ ਜਤਾਈ ਚਿੰਤਾ
Publish Date: Wed, 20 May 2026 04:23 PM (IST)
Updated Date: Wed, 20 May 2026 04:25 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਰੂਪਨਗਰ ਸਮੇਤ ਸੂਬੇ ਦੇ ਸਮੂਹ ਸ਼ਹਿਰਾਂ ਵਿਚ 6 ਮਈ ਤੋਂ ਚੱਲ ਰਹੀ ਸਫਾਈ ਕਰਮਚਾਰੀਆਂ ਦੀ ਹੜ੍ਹਤਾਲ ਦੇ ਸਫਾਈ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਰੂਪਨਗਰ ਸ਼ਹਿਰ ਦੇ ਬਜ਼ਾਰਾਂ, ਗਲੀਆਂ, ਰਹਾਇਸ਼ੀ ਇਲਾਕਿਆਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਵਿਚ ਸੀਨੀਅਰ ਸਿਟੀਜਨਜ਼ ਕੌਂਸਲ ਰੂਪਨਗਰ ਦਫ਼ਤਰ ਵਿਖੇ ਅਹੁੱਦੇਦਾਰਾਂ, ਸਥਾਨਕ ਦੁਕਾਨਦਾਰਾਂ ਅਤੇ ਰੂਪਨਗਰ ਦੇ ਸਫਾਈ ਕਰਮਚਾਰੀਆਂ ਦੀ ਕੰਟਰੈਕਟ ਯੂਨੀਅਨ ਦੇ ਪ੍ਰਧਾਨ ਅਜੇ ਭੱਟੀ, ਅਸ਼ੋਕ ਕੁਮਾਰ, ਮੋਹਨ ਲਾਲ, ਅਨਿਲ ਕੁਮਾਰ ਆਦਿ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਸਫਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਅਤੇ ਮੌਜੂਦਾ ਹਾਲਾਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਅਤੇ ਹੋਰ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਨਾਲ ਸਾਂਝੀ ਕੀਤੀ। ਇਸ ਮੌਕੇ ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਕਰਮਚਾਰੀਆਂ ਦੀਆਂ ਕਈ ਮੰਗਾਂ ਨੂੰ ਜਾਇਜ਼ ਮੰਨਦਿਆਂ ਉਨ੍ਹਾਂ ਦਾ ਸਮੱਰਥਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਸਥਾਈ ਹੱਲ੍ਹ ਕੀਤਾ ਜਾਵੇ। ਇਸ ਮੌਕੇ ਕੌਂਸਲ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਗੰਭੀਰ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਗੰਦਗੀ, ਬਦਬੂ ਅਤੇ ਖੁੱਲੇ ਵਿਚ ਸਾੜੇ ਜਾ ਰਹੇ ਕੂੜੇ ਕਾਰਨ ਸਭ ਤੋਂ ਵੱਧ ਪ੍ਰਭਾਵ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਤੋਂ ਵੱਧ ਸਾਲਾਂ ਬਾਅਦ ਵੀ ਲੋਕਾਂ ਨੂੰ ਮਜ਼ਬੂਤ ਅਤੇ ਜਵਾਬਦੇਹ ਸ਼ਹਿਰੀ ਸਹੂਲਤ ਪ੍ਰਣਾਲੀ ਨਾ ਮਿਲਣਾ ਬਹੁਤ ਦੁੱਖਦਾਈ ਗੱਲ ਹੈ। ਕੌਂਸਲ ਨੇ ਪੰਜਾਬ ਸਰਕਾਰ, ਲੋਕਲ ਬਾਡੀਜ਼ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਮਸਲੇ ਦਾ ਹੱਲ੍ਹ ਕੱਢ ਕੇ ਸਫਾਈ ਸੇਵਾਵਾਂ ਬਹਾਲ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਕੌਂਸਲ ਕਾਰਜਕਾਰਣੀ ਮੈਂਬਰ ਪਰਮਿੰਦਰਬੀਰ ਸਿੰਘ ਚੀਮਾਾ, ਇੰਜ:ਦੀਦਾਰ ਸਿੰਘ, ਗੁਰਨਾਮ ਸਿੰਘ ਧਾਮੀ, ਇੰਸਪੈਕਟਰ ਕੇਹਰ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ ਲੌਂਗੀਆ ਆਦਿ ਸਮੇਤ ਮੇਨ ਬਜ਼ਾਰ ਦੇ ਦੁਕਾਨਦਾਰ ਰਾਜਿੰਦਰ ਕੁਮਾਰ, ਹਰਦੀਪ ਸਿੰਘ, ਸੰਦੀਪ ਅਨੰਦ, ਕਮਲ ਸਿੰਘ, ਅਮਿਤ ਕੁਮਾਰ, ਦਵਿੰਦਰ ਕੁਮਾਰ, ਹਰਪ੍ਰੀਤ ਸਿੰਘ ਸੇਠੀ ਆਦਿ ਹਾਜ਼ਰ ਸਨ।