ਮੱਝਾਂ ਵੇਚ-ਵੇਚ ਕੇ ਲਖਵਿੰਦਰ ਦੇ ਮਾਪਿਆਂ ਨੇ ਕਰਵਾਈ ਡਾਕਟਰੀ ਦੀ ਡਿਗਰੀ
ਮੱਝਾਂ ਵੇਚ ਵੇਚ ਕੇ ਲਖਵਿੰਦਰ ਦੇ ਮਾਪਿਆ ਨੇ ਕਰਵਾਈ ਏਮਜ਼ ਤੋਂ ਡਾਕਟਰੀ ਦੀ ਡਿਗਰੀ
Publish Date: Sun, 03 May 2026 03:19 PM (IST)
Updated Date: Sun, 03 May 2026 03:23 PM (IST)

- ਡਾਕਟਰ ਪੁੱਤ ਨੂੰ ਪਿਤਾ ਨੇ ਦਿੱਤੀ ਸਿੱਖਿਆ : ਪੁੱਤ ਲੋਕ ਡਾਕਟਰ ਨੂੰ ਰੱਬ ਦਾ ਰੂਪ ਸਮਝਦੇ ਹਨ ਇਸ ਨੂੰ ਸਾਹਮਣੇ ਰੱਖ ਕੇ ਇਲਾਜ ਕਰੀ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਬੂਰ ਮਾਜਰਾ ਦੇ ਗ਼ਰੀਬ ਪਰਿਵਾਰ ਨਾਲ ਸਬੰਧਿਤ ਲਖਵਿੰਦਰ ਸਿੰਘ ਐੱਮਸੀਐੱਚ ਦੀ ਡਿਗਰੀ ਪ੍ਰਾਪਤ ਕਰ ਕੇ ਕੈਂਸਰ ਦੇ ਸਪੈਸਲਿਸਟ ਡਾਕਟਰ ਬਣ ਗਿਆ ਹੈ, ਜਿਸ ’ਤੇ ਪਰਿਵਾਰ ਤੇ ਪਿੰਡ ਦੇ ਲੋਕਾਂ ਨੂੰ ਮਾਣ ਹੈ। ਪਿਛਲੇ ਦਿਨੀਂ ਡਾ. ਲਖਵਿੰਦਰ ਸਿੰਘ ਨੂੰ ਦੇਸ਼ ਦੇ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੇ ਮੈਰਿਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਅੱਤ ਦੀ ਗ਼ਰੀਬੀ ਵਿਚ ਉਸ ਨੂੰ ਪੜ੍ਹਾਇਆ ਆਪ ਕਦੇ ਚੱਜ ਦਾ ਕੱਪੜਾ ਨਾ ਪਾ ਕੇ ਨਹੀਂ ਦੇਖਿਆ, ਉਸ ਦੀ ਪੜ੍ਹਾਈ ਨਾਲ ਸਬੰਧਿਤ ਚੀਜ਼ਾਂ ਲੈ ਕੇ ਦਿੱਤੀਆਂ। ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਮੁਖਤਿਆਰ ਸਿੰਘ ਪਿੰਡ ਵਿਚ ਹੀ ਇੱਕ ਛੋਟੀ ਕਰਿਆਨੇ ਦੀ ਦੁਕਾਨ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਹਨ ਅਤੇ ਮੱਝਾਂ ਪਾਲ ਕੇ ਵੇਚਦੇ ਰਹੇ ਤਾਂ ਉਸ ਦੀ ਪੜ੍ਹਾਈ ਦਾ ਖਰਚਾ ਪੂਰਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਕਾਲਜ ਤੋਂ ਛੱਟੀਆਂ ਹੁੰਦੀਆਂ ਤਾਂ ਘਰ ਆ ਜਾਂਦਾ ਸੀ ਤੇ ਆ ਕੇ ਘਰ ਦੇ ਕੰਮ ਕਰਵਾਉਣੇ ਅਤੇ ਮੱਝਾਂ ਲਈ ਘਾਹ ਲੈ ਕੇ ਆਉਣਾ, ਜਿਸ ’ਤੇ ਉਸ ਨੂੰ ਮਾਣ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਪੜ੍ਹਾਈ ਉਸ ਨੇ ਪਿੰਡ ਤੋਂ ਕੀਤੀ ਅਤੇ ਐੱਮਬੀਬੀਐੱਸ ਦੀ ਡਿਗਰੀ ਰਾਜਿੰਦਰ ਕਾਲਜ ਪਟਿਆਲਾ ਤੋਂ ਏਮਜ਼ ਦਿੱਲੀ ਤੋਂ ਗਾਇਨੀ ਦੀ ਡਿਗਰੀ ਅਤੇ ਏਮਜ਼ ਦੀ ਹੀ ਸੰਸਥਾ ਰਿਸ਼ੀਕੇਸ਼ ਤੋਂ ਐੱਮਸੀਐੱਚ ਦੀ ਡਿਗਰੀ ਪ੍ਰਾਪਤ ਕਰ ਕੇ ਅੱਜ ਕੱਲ ਹੋਮੀ ਭਾਬਾ ਕੈਂਸਰ ਹਸਪਤਾਲ ਮੁੱਲਾਪੁਰ ਵਿਖੇ ਜੁਆਇੰਨ ਕੀਤਾ ਹੈ। ਡਾ. ਲਖਵਿੰਦਰ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਨੇ ਖੁਸ਼ੀ ਦੇ ਹੰਝੂਆਂ ਨਾਲ ਅੱਖਾਂ ਭਰਦਿਆਂ ਕਿਹਾ ਕਿ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿਚ ਸਫ਼ਲਤਾ ਲੈਣ ਲਈ ਸਖ਼ਤ ਮਿਹਨਤ ਦੀ ਲੋੜ ਹੈ। ਉਨ੍ਹਾਂ ਦੇ ਪੁੱਤਰ ਨੇ ਅੱਤ ਦੀ ਗ਼ਰੀਬੀ ਵਿਚ ਆਪਣੀਆਂ ਲੋੜਾਂ ਨੂੰ ਇੱਕ ਪਾਸੇ ਰੱਖ ਕੇ ਸਿਰਫ਼ ਪੜ੍ਹਾਈ ਵੱਲ ਧਿਆਨ ਦਿੱਤਾ ਹੈ। ਪਰਮਾਤਮਾ ਹਰੇਕ ਇਨਸਾਨ ਨੂੰ ਅਜਿਹੀ ਔਲਾਦ ਬਖ਼ਸ਼ੇ। ਉਨ੍ਹਾਂ ਕਿਹਾ ਕਿ ਲਖਵਿੰਦਰ ਨੇ ਜਦੋਂ ਡਾਕਟਰੀ ਲਾਈਨ ਵਿਚ ਜਾਣ ਲਈ ਕਿਹਾ ਤਾਂ ਇੱਕ ਵਾਰ ਤਾਂ ਲੱਗ ਰਿਹਾ ਸੀ ਕਿ ਇੰਨੇ ਵੱਡੇ ਖਰਚੇ ਵਾਲਾ ਕੋਰਸ ਕਿਵੇਂ ਕਰਵਾਵਾਂਗੇ ਕਿਉਂਕਿ ਘਰ ਦਾ ਗੁਜ਼ਾਰਾ ਪਹਿਲਾਂ ਹੀ ਬਹੁਤ ਔਖਾ ਚੱਲ ਰਿਹਾ ਸੀ ਪਰ ਹੌਸਲਾ ਨਹੀਂ ਹਾਰੇ। ਲਖਵਿੰਦਰ ਨੇ ਕਦੇ ਵੀ ਫਾਲਤੂ ਖਰਚਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਤਾਂ ਹੁਣ ਲਖਵਿੰਦਰ ਨੂੰ ਡਾਕਟਰ ਦੀ ਡਿਗਰੀ ਮਿਲਣ ’ਤੇ ਇਹੀ ਕਿਹਾ ਹੈ ਕਿ ਪੁੱਤ ਲੋਕ ਡਾਕਟਰ ਨੂੰ ਰੱਬ ਦਾ ਰੂਪ ਸਮਝਦੇ ਹਨ। ਮਰੀਜ਼ਾਂ ਦੇ ਵਿਸ਼ਵਾਸ ਨੂੰ ਹਮੇਸ਼ਾ ਸਾਹਮਣੇ ਰੱਖ ਕੇ ਇਲਾਜ ਕਰੀ।