ਧੱਕੇ ਨਾਲ ਸੂਬਾ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਵਿਰੋਧ
ਧੱਕੇਸ਼ਾਹੀ ਦੇ ਨਾਲ ਜੂਨੀਅਰ ਸਾਥੀ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਵਿਰੋਧ
Publish Date: Tue, 28 Apr 2026 05:08 PM (IST)
Updated Date: Tue, 28 Apr 2026 05:10 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਰੂਪਨਗਰ : ਪੰਜਾਬ ਰਾਜ ਬਿਜਲੀ ਬੋਰਡ ਦੀ ਮੁੱਖ ਜੱਥੇਬੰਦੀ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਵੱਲੋਂ ਹਾਲ ਹੀ ਵਿਚ ਜਲੰਧਰ ਦੇ ਦੇਸ਼ ਭਗਤ ਹਾਲ ਵਿਖੇ ਹੋਏ ਰਾਜ ਪੱਧਰੀ ਚੋਣ ਡੈਲੀਗੇਟ ਇਜਲਾਸ ਦੌਰਾਨ ਇੱਕ ਜੂਨੀਅਰ ਸਾਥੀ ਨੂੰ ਧੱਕੇਸ਼ਾਹੀ ਦੇ ਨਾਲ ਜ਼ਬਰਦਸਤੀ ਸੂਬਾ ਪ੍ਰਧਾਨ ਨਿਯੁਕਤ ਕੀਤੇ ਜਾਣ ਵਿਰੁੱਧ ਜੱਥੇਬੰਦੀ ਵਿਚ ਵੱਡੇ ਪੱਧਰ ’ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਅਕਬਰਪੁਰ ਨੇ ਦੱਸਿਆ ਕਿ ਜਲੰਧਰ ਵਿਖੇ ਹੋਏ ਰਾਜ ਪੱਧਰੀ ਚੋਣ ਡੈਲੀਗੇਟ ਇਜਲਾਸ ਦੌਰਾਨ ਸੰਗਠਨ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਜੱਥੇਬੰਦੀ ਦੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਇੱਕ ਜੂਨੀਅਰ ਸਾਥੀ ਨੂੰ ਜੱਥੇਬੰਦੀ ਦਾ ਸੂਬਾ ਪ੍ਰਧਾਨ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਐਲਾਨ ਦਾ 70-80 ਡੈਲੀਗੇਟਾਂ ਨੇ ਵਿਰੋਧ ਕੀਤਾ ਸੀ, ਪ੍ਰੰਤੂ ਇਸ ਦੇ ਬਾਵਜੂਦ ਪੰਜਾਬ ਤੋਂ ਆਬਜ਼ਰਵਰ ਵਜੋਂ ਆਏ ਏਟਕ ਆਗੂਆਂ ਨਾਲ ਮਿਲੀਭੁਗਤ ਕਰਕੇ ਲੋਕਤੰਤਰੀ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕਰਕੇ ਜੂਨੀਅਰ ਸਾਥੀ ਨੂੰ ਸੂਬਾ ਪ੍ਰਧਾਨ ਐਲਾਨ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਟੇਟ ਜਾਂ ਸਟੇਟ ਵਰਕਿੰਗ ਕਮੇਟੀ, ਕਿਸੇ ਤੋਂ ਵੀ ਨਵੇਂ ਪੈਨਲ ਨੂੰ ਪਾਸ ਕਰਵਾਉਣ ਦੀ ਜ਼ਰੂਰਤ ਤੱਕ ਨਹੀਂ ਸਮਝੀ ਗਈ। ਉਨ੍ਹਾਂ ਦੱਸਿਆ ਕਿ ਜੱਥੇਬੰਦੀ ਦੇ ਸੰਗਠਨ ਦੇ ਸੰਵਿਧਾਨ ਅਨੁਸਾਰ, ਪਿਛਲੇ 30 ਸਾਲਾਂ ਤੋਂ, ਪੰਜਾਬ ਵਰਕਿੰਗ ਕਮੇਟੀ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਇੱਕ ਤਜਰਬੇਕਾਰ ਸੀਨੀਅਰ ਮੈਂਬਰ ਦੀ ਚੋਣ ਕੀਤੀ ਜਾਂਦੀ ਰਹੀ ਹੈ। ਇਸ ਸਿਧਾਂਤ ਨੂੰ ਨਜ਼ਰਅੰਦਾਜ ਕੀਤੇ ਜਾਣ ਦੇ ਕਾਰਨ, ਪੰਜਾਬ ਦੇ ਲਗਭਗ ਦਸ ਸਰਕਲਾਂ ਨੇ ਇਸ ਤਾਨਾਸ਼ਾਹੀ ਫਰਮਾਨ ਦਾ ਵਿਰੋਧ ਕਰਨ ਲਈ ਇੱਕ ਐਡਹਾਕ ਕਮੇਟੀ ਬਣਾਈ ਹੈ, ਜਿਸ ਵਿਚ ਪੰਜਾਬ ਦੇ ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ ਹਜ਼ਾਰਾ ਨੂੰ ਕਨਵੀਨਰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਦਸ ਸਰਕਲਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਜਿਸ ਵਿਚ ਸਾਬਕਾ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਅਤੇ ਸਾਬਕਾ ਜਨਰਲ ਸਕੱਤਰ ਇੰਜੀਨੀਅਰ ਨਰਿੰਦਰ ਸੈਣੀ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜੇਕਰ ਮਨਮਾਨੇ ਢੰਗ ਨਾਲ ਚੁਣੀ ਗਈ ਕਮੇਟੀ 5 ਮਈ ਤੱਕ ਨਾਰਾਜ਼ ਅਤੇ ਵਿਰੋਧ ਕਰ ਰਹੇ ਮੈਂਬਰਾਂ ਨਾਲ ਗੱਲਬਾਤ ਕਰਨ ਵਿਚ ਅਸਫਲ ਰਹਿੰਦੀ ਹੈ, ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਭਰ ਵਿਚ ਇੱਕ ਵੱਡਾ ਡੈਲੀਗੇਟ ਇਜਲਾਸ ਕਰਦੇ ਹੋਏ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ।