ਭਾਰਤ ਮਾਲਾ ਰੋਡ ਪ੍ਰੋਜੈਕਟ ਨਾਲ ਸਬੰਧਤ ਟਿੱਪਰ ਚੋਰੀ
ਢੰਗਰਾਲੀ ਨੇੜਿਓਂ ਭਾਰਤ ਮਾਲਾ ਰੋਡ ਪ੍ਰੋਜੈਕਟ ਨਾਲ ਸਬੰਧਤ ਟਿੱਪਰ ਚੋਰੀ
Publish Date: Tue, 28 Apr 2026 03:17 PM (IST)
Updated Date: Tue, 28 Apr 2026 03:19 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਥਾਣਾ ਸਦਰ ਮੋਰਿੰਡਾ ਦੇ ਅਧੀਨ ਆਉਂਦੇ ਪਿੰਡ ਢੰਗਰਾਲੀ ਵਿਖੇ ਇੱਕ ਨਿਰਮਾਣ ਸਾਈਟ ਤੋਂ ਭਾਰਤ ਮਾਲਾ ਰੋਡ ਪ੍ਰੋਜੈਕਟ ਨਾਲ ਸਬੰਧਤ ਟਿੱਪਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏਐੱਸਆਈ ਸੁਭਾਸ਼ ਚੰਦ ਨੇ ਦੱਸਿਆ ਕਿ ਸ਼ਿਕਾਇਤਕਰਤਾ ਸ਼੍ਰੀ ਲਕਸ਼ਮੀ ਕਾਂਟ੍ਰੈਕਟਰਜ਼ ਫਰਮ ਦੇ ਵਰਕਰ ਹਰਕੀਰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਜ਼ਿਲ੍ਹਾ ਰੂਪਨਗਰ ਵਿਚ ਭਾਰਤ ਮਾਲਾ ਰੋਡ ਦਾ ਨਿਰਮਾਣ ਕਰ ਰਹੀ ਹੈ ਅਤੇ ਪਿੰਡ ਢੰਗਰਾਲੀ ਵਿਚ ਕੰਮ ਚੱਲ ਰਿਹਾ ਹੈ ਤੇ ਕੰਪਨੀ ਦੇ ਡਰਾਈਵਰ ਆਪਣੀਆਂ ਸਾਰੀਆਂ ਗੱਡੀਆਂ ਨਿਰਮਾਣ ਸਥਾਨ ਦੇ ਨੇੜੇ ਸੜਕ ਕਿਨਾਰੇ ਖੜੀਆਂ ਕਰਦੇ ਸਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੇ ਦਿਨੀਂ ਸ਼ਾਮ ਨੂੰ ਵੀ ਕੰਮ ਖਤਮ ਹੋਣ ਤੋਂ ਬਾਅਦ ਵਾਹਨ ਸੜਕ ਕਿਨਾਰੇ ਖੜੇ ਕੀਤੇ ਗਏ ਸਨ ਪ੍ਰੰਤੂ ਅਗਲੇ ਦਿਨ ਸਵੇਰੇ ਕਰੀਬ 8 ਵਜੇ ਟਿੱਪਰ ਦੇ ਡਰਾਈਵਰ ਗੁਰਚੈਨ ਸਿੰਘ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਟਿੱਪਰ (ਐੱਚਪੀ-69ਏ-0869) ਮੌਕੇ ਤੋਂ ਗਾਇਬ ਹੈ, ਜਿਸ ਦੀ ਕਾਫ਼ੀ ਭਾਲ ਕਰਨ ਦੇ ਬਾਵਜੂਦ ਕੁੱਝ ਪਤਾ ਨਹੀਂ ਲੱਗਿਆ। ਏਐੱਸਆਈ ਸੁਭਾਸ਼ ਚੰਦ ਨੇ ਦੱਸਿਆ ਕਿ ਪੁਲਿਸ ਨੇ ਹਰਕੀਰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਟਿੱਪਰ ਦੀ ਭਾਲ ਲਈ ਆਸ-ਪਾਸ ਦੇ ਇਲਾਕਿਆਂ ਵਿਚ ਨਾਕਾਬੰਦੀ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਵੱਲੋਂ ਪਿੰਡ ਢੰਗਰਾਲੀ ਨੇੜੇ ਇੱਕ ਪੈਟਰੋਲ ਪੰਪ ਤੋਂ ਅਤੇ ਮੋਰਿੰਡਾ ਦੀ ਦਾਣਾ ਮੰਡੀ ਤੋਂ ਟਰੱਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੁੰਡੀਆਂ ਦਾ ਟਰੱਕ-ਟਰਾਲਾ ਚੋਰੀ ਕੀਤਾ ਗਿਆ ਸੀ, ਜਿਸਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ।