ਦਿਨ-ਦਿਹਾੜੇ ਘਰ ’ਚੋਂ ਨਕਦੀ ਤੇ ਸੋਨਾ ਚੋਰੀ, ਮਾਮਲਾ ਦਰਜ
ਦਿਨ-ਦਿਹਾੜੇ ਘਰ ਦੀ ਗਰਿੱਲ ਤੋੜ ਕੇ ਨਕਦੀ ਤੇ ਸੋਨਾ ਚੋਰੀ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
Publish Date: Tue, 28 Apr 2026 03:11 PM (IST)
Updated Date: Tue, 28 Apr 2026 03:13 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਸ਼ਹਿਰ ਵਿਚ ਚੋਰੀਆ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੋਰਾਂ ਵੱਲੋ ਜੌਲੀ ਮਾਰਕੀਟ ਨੇੜੇ ਸਥਿਤ ਇੱਕ ਘਰ ਵਿਚ ਦਾਖਲ ਹੋ ਕੇ ਸੋਨੇ ਦੀ ਇੱਕ ਮੁੰਦਰੀ ਤੇ ਨਗਦੀ ਚੋਰੀ ਕੀਤੀ ਗਈ, ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ , ਜਿਸ ਉਪਰੰਤ ਪੁਲਿਸ ਨੇ ਇਸ ਚੋਰੀ ਦੇ ਸਬੰਧ ਵਿਚ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਚਓ ਮੋਰੰਡਾ ਗੁਰਮੱਖ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਿਥਲੇਸ਼ ਕੁਮਾਰੀ ਪਤਨੀ ਸਵਰਗੀ ਵਿਜੇ ਗੁਪਤਾ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਆਪਣੇ ਨਿੱਜੀ ਕੰਮ ਲਈ ਦੁਕਾਨ ਤੇ ਗਈ ਹੋਈ ਸੀ, ਤਾਂ ਦੁਪਹਿਰ 1:00 ਤੋਂ 1:30 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀ ਘਰ ਦੀ ਪਿਛਲੀ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ। ਜਿਨ੍ਹਾਂ ਵੱਲੋਂ ਘਰ ਵਿੱਚੋਂ ਕਰੀਬ 20-25 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਸੋਨੇ ਦੀ ਰਿੰਗ (ਮੁੰਦਰੀ ) ਆਦਿ ਚੋਰੀ ਕੀਤੀਆਂ ਗਈਆਂ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸ ਨੇ ਸ਼ਾਮ 7:00 ਵਜੇ ਘਰ ਆ ਕੇ ਦੇਖਿਆ ਤਾਂ ਘਰ ਅੰਦਰ ਸਾਰਾ ਸਮਾਨ ਖਿੱਲਰਿਆ ਪਿਆ ਸੀ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. (CCTV) ਵਿਚ ਕੈਦ ਹੋ ਗਈ ਜਿਸ ਦੀ ਫੁਟੇਜ ਵੀ ਪੁਲਿਸ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਏਐਸਆਈ. ਮਨਜੀਤ ਸਿੰਘ ਵੱਲੋਂ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 305 ਅਤੇ 331(3) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਪਾਰਟੀ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।