ਪੁਲਿਸ ਵੱਲੋਂ 210 ਲੀਟਰ ਲਾਹਣ ਬਰਾਮਦ
ਮੋਰਿੰਡਾ ਪੁਲਿਸ ਨੇ ਪਿੰਡ ਕਕਰਾਲੀ ਵਿੱਚੋ 210 ਲੀਟਰ ਲਾਹਣ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ
Publish Date: Mon, 20 Apr 2026 06:02 PM (IST)
Updated Date: Mon, 20 Apr 2026 06:03 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਸਦਰ ਪੁਲਿਸ ਨੇ ਐਕਸਾਈਜ਼ ਇੰਸਪੈਕਟਰ ਦੀ ਸ਼ਿਕਾਇਤ ਤੇ ਪਿੰਡ ਕਕਰਾਲੀ ਵਿਖੇ ਇੱਕ ਕਿਸਾਨ ਦੇ ਖੇਤਾਂ ਵਿਚ ਬਣਾਏ ਹੋਏ ਬਾੜੇ ਵਿੱਚੋਂ 210 ਲੀਟਰ ਲਾਹਣ ( ਘਰ ਦੀ ਸ਼ਰਾਬ) ਬਰਾਮਦ ਕਰਕੇ ਸਬੰਧਤ ਕਿਸਾਨ ਵਿਰੁੱਧ ਐਕਸਾਈਜ ਐਕਟ ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ , ਜਦਕਿ ਫੜੀ ਗਈ ਲਾਹਣ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਸਮਰਜੀਤ ਸਿੰਘ ਨੇ ਦੱਸਿਆ ਕਿ ਮੋਰਿੰਡਾ ਸਰਕਲ ਦੇ ਐਕਸਾਈਜ ਇੰਸਪੈਕਟਰ ਸੌਰਵ ਗੌਤਮ ਵੱਲੋ ਥਾਣੇ ਭੇਜੀ ਗਈ ਇੱਕ ਦਰਖਾਸਤ ਵਿਚ ਦੱਸਿਆ ਕਿ ਉਹਨਾਂ ਨੂੰ ਪਿੰਡ ਕਕਰਾਲੀ ਵਿਖੇ ਕੁਲਦੀਪ ਸਿੰਘ ਪੁੱਤਰ ਬਚਨ ਸਿੰਘ ਦੇ ਬਾੜੇ ਵਿਚ ਘੁਲਾੜ ਕੋਲ ਪੀੜੇ ਹੋਏ ਗੰਨਿਆਂ ਦੇ ਢੇਰ ਕੋਲ ਵੱਡੀ ਮਾਤਰਾ ਵਿਚ ਲਾਹਣ ਦੱਬੀ ਹੋਣ ਸਬੰਧੀ ਸੂਚਨਾ ਮਿਲੀ ਹੈ । ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਤੇ ਐਕਸਾਈਜ਼ ਇੰਸਪੈਕਟਰ ਵੱਲੋਂ ਪਿੰਡ ਕਕਰਾਲੀ ਵਿਖੇ ਕੁਲਦੀਪ ਸਿੰਘ ਦੇ ਬਾੜੇ ਵਿਚ ਰੇਡ ਕੀਤੀ ਗਈ ਤਾਂ ਉਥੋਂ ਦੋ ਪਲਾਸਟਿਕ ਦੇ ਡਰੰਮ ਮਿਲੇ ਜਿਨਾਂ ਵਿੱਚੋਂ 200 ਲੀਟਰ ਦੇ ਇੱਕ ਡਰੰਮ ਵਿੱਚੋ 190 ਲੀਟਰ ਲਾਹਣ ਅਤੇ ਦੂਜੇ ਡਰੰਮ ਵਿੱਚੋਂ 20 ਲੀਟਰ ਲਾਹਣ ਬਰਾਮਦ ਕੀਤੀ ਗਈ ਜਦਕਿ ਕੁਲਦੀਪ ਸਿੰਘ ਮੌਕੇ ਤੇ ਆਪਣੇ ਘਰ ਹਾਜ਼ਰ ਨਹੀਂ ਮਿਲਿਆ। ਉਨਾਂ ਦੱਸਿਆ ਕਿ ਬਰਾਮਦ ਕੀਤੀ ਗਈ ਸਾਰੀ ਲਾਹਣ ਨੂੰ ਵੀਡੀਓਗ੍ਰਾਫੀ ਕਰਕੇ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਏਐਸਆਈ ਸਿਮਰਜੀਤ ਸਿੰਘ ਨੇ ਦੱਸਿਆ ਕਿ ਐਕਸਾਈਜ ਇੰਸਪੈਕਟਰ ਸੌਰਵ ਗੌਤਮ ਦੀ ਦਰਖਾਸਤ ਅਨੁਸਾਰ ਕੁਲਦੀਪ ਸਿੰਘ ਪੁੱਤਰ ਬਚਨ ਸਿੰਘ ਖਿਲਾਫ ਐਕਸਾਈਜ ਐਕਟ ਦੀ ਧਾਰਾ 61 ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।