ਸੜਕ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ
ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਮੌਤ
Publish Date: Wed, 05 Nov 2025 04:07 PM (IST)
Updated Date: Wed, 05 Nov 2025 04:10 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਸ੍ਰੀ ਚਮਕੌਰ ਸਾਹਿਬ-ਰੂਪਨਗਰ ਸੜਕ ਤੇ ਪਿੰਡ ਕਮਾਲਪੁਰ ਦੇ ਟੋਲ ਪਲਾਜਾ ਨੇੜੇ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੇ ਮਾਮਲੇ ਚ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇੰਸਪੈਕਟਰ ਗੁਰਪ੍ਰੀਤ ਸਿੰਘ ਐਸਐਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬੜੌਦੀ ਥਾਣਾ ਕਰਾਲੀ, ਜ਼ਿਲ੍ਹਾ ਮੋਹਾਲੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ ਭਣੋਈਆ ਨਾਜਰ ਸਿੰਘ, ਵਾਸੀ ਪਿੰਡ ਮਾਣੇ ਮਾਜਰਾ, ਸਵਰਾਜ ਮਾਜਦਾ ਫੈਕਟਰੀ ਆਸਰੋਂ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਪ੍ਰਾਈਵੇਟ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਕੰਪਨੀ ਦੀਆਂ ਗੱਡੀਆਂ ਨੂੰ ਵੱਖ-ਵੱਖ ਜਗ੍ਹਾਂ ਤੇ ਪਹੁੰਚਾਉਣ ਦਾ ਕੰਮ ਕਰਦਾ ਸੀ। ਬਲਵਿੰਦਰ ਸਿੰਘ ਦੇ ਮੁਤਾਬਕ, 1 ਨਵੰਬਰ ਨੂੰ ਉਹ ਰੂਪਨਗਰ ਕਿਸੇ ਨਿੱਜੀ ਕੰਮ ਸਬੰਧੀ ਗਿਆ ਹੋਇਆ ਸੀ। ਵਾਪਸੀ ਦੌਰਾਨ ਉਸ ਨੇ ਨਾਜਰ ਸਿੰਘ ਨਾਲ ਸੰਪਰਕ ਕੀਤਾ ਅਤੇ ਦੋਵੇਂ ਆਪਣੇ-ਆਪਣੇ ਮੋਟਰਸਾਈਕਲਾਂ ਤੇ ਪਿੰਡ ਮਾਣੇ ਮਾਜਰਾ ਵੱਲ ਰਵਾਨਾ ਹੋਏ। ਜਦੋਂ ਉਹ ਪਿੰਡ ਕਮਾਲਪੁਰ ਦੇ ਟੋਲ ਪਲਾਜਾ ਨੇੜੇ ਪਹੁੰਚੇ, ਤਾਂ ਸ੍ਰੀ ਚਮਕੌਰ ਸਾਹਿਬ ਵੱਲੋਂ ਆ ਰਹੀ ਇੱਕ ਤੇਜ ਰਫ਼ਤਾਰ ਕਾਰ ਨੇ ਨਾਜਰ ਸਿੰਘ ਦੇ ਮੋਟਰਸਾਈਕਲ ਨੰਬਰ ਪੀਬੀ-12ਵੀ-4131 ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਨਾਜਰ ਸਿੰਘ ਸੜਕ ਤੇ ਡਿੱਗ ਪਿਆ ਅਤੇ ਕਾਰ ਉਸ ਨੂੰ ਮੋਟਰਸਾਈਕਲ ਸਮੇਤ ਕੁਝ ਦੂਰੀ ਤੱਕ ਘਸੀਟਦੀ ਹੋਈ ਲੈ ਗਈ।ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਤੁਰੰਤ ਮੋਟਰਸਾਈਕਲ ਰੋਕ ਕੇ ਦੇਖਿਆ ਤਾਂ ਨਾਜਰ ਸਿੰਘ ਨੂੰ ਗੰਭੀਰ ਸੱਟਾਂ ਲੱਗ ਚੁੱਕੀਆਂ ਸਨ ਅਤੇ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ।ਦੁਰਘਟਨਾ ਦੇ ਬਾਅਦ ਕਾਰ ਚਾਲਕ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੀ ਕਾਰ ਦਾ ਨੰਬਰ ਵੀ ਪੜ੍ਹਿਆ ਨਹੀਂ ਜਾ ਸਕਿਆ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੇ ਬਿਆਨ ਦੇ ਆਧਾਰ ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਭਾਰਤੀ ਦੰਡ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।