ਬੇਲਾ ਤੋਂ ਚਮਕੌਰ ਸਾਹਿਬ ਜਾਂਦੀ ਸੜਕ ਦੋਵੇਂ ਪਾਸਿਓ ਧੱਸਣੀ ਸ਼ੁਰੂ
ਬੇਲਾ ਤੋਂ ਸ਼੍ਰੀ ਚਮਕੌਰ ਸਾਹਿਬ ਜਾਂਦੀ ਸੜਕ ਦੋਵੇਂ ਪਾਸਿਓ ਧਸਣੀ ਸ਼ੁਰੂ
Publish Date: Mon, 15 Sep 2025 05:49 PM (IST)
Updated Date: Mon, 15 Sep 2025 05:50 PM (IST)

ਅਸ਼ੋਕ ਕੁਮਾਰ ਚੇਤਲ, ਪੰਜਾਬੀ ਜਾਗਰਣ, ਬੇਲਾ : ਬੇਲਾ ਤੋਂ ਸ਼੍ਰੀ ਚਮਕੌਰ ਸਾਹਿਬ ਜਾਂਦੀ ਸੜਕ ਤੇ ਸਥਿਤ ਸਕਿੱਲ ਇੰਸਟੀਚਿਊਟ ਦੇ ਨਜ਼ਦੀਕ ਬੁੱਢੇ ਨਾਲੇ ਤੇ ਬਣੀ ਪੁਰਾਣੀ ਪੁਲੀ ਤੇ ਸੜਕ ਭਾਰੀ ਵਾਹਨਾਂ ਦੇ ਚੱਲਦਿਆਂ ਹੇਠਾਂ ਵੱਲ ਧੱਸਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਰਾਤ ਸਮੇਂ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਪੁਲੀ ਦਾ ਧੱਸਣਾ ਪੁਲੀ ਹੇਠੋਂ ਸਹੀ ਤਰੀਕੇ ਨਾਲ ਪਾਣੀ ਦਾ ਨਿਕਾਸ ਨਾ ਹੋਣਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਸਾਲ ਪਹਿਲਾਂ ਇਸ ਪੁਲੀ ਦੇ ਨਾਲ ਹੀ ਵੱਡੀ ਪੁਲੀ ਬਣਾਈ ਗਈ ਸੀ। ਜਿਸ ਵਿਚ ਬੇਲਾ ਡਰੇਨ ਦੇ ਵਾਧੂ ਪਾਣੀ ਦੀ ਨਿਕਾਸੀ ਹੁੰਦੀ ਹੈ। ਕੁਝ ਸਮਾਂ ਪਹਲਾਂ ਸ਼੍ਰੀ ਚਮਕੌਰ ਸਾਹਿਬ ਤੋਂ ਕਸਬਾ ਬੇਲਾ ਤੱਕ ਸੜਕ ਨੂੰ ਦੋਵੇਂ ਪਾਸਿਓ ਦੋ ਦੋ ਫੁੱਟ ਚੌੜਾ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਰੂਪਨਗਰ-ਨੀਲੋਂ ਸੜਕ ਦਾ ਕੁੱਝ ਹਿੱਸਾ ਨੁਕਸਾਨੇ ਜਾਣ ਕਾਰਨ ਆਵਾਜਾਈ ਲਈ ਬੰਦ ਕੀਤਾ ਹੋਇਆ ਸੀ। ਜਿਸ ਕਾਰਨ ਸਾਰੀ ਆਵਾਜਾਈ ਵਾਇਆ ਬੇਲਾ ਹੋ ਕੇ ਜਾਂਦੀ ਹੈ। ਭਾਰੀ ਵਾਹਨਾਂ ਕਾਰਨ ਸੜਕ ਦੋਵੇਂ ਪਾਸਿਓ ਕਈ ਥਾਵਾਂ ਤੋਂ ਧਸਣੀ ਸ਼ੁਰੂ ਹੋ ਗਈ ਹੈ। ਜਿਸ ਤੇ ਸੰਬੰੰਧਤ ਵਿਭਾਗ ਵੱਲੋਂ ਉਕਤ ਥਾਵਾਂ ਤੇ ਮਿੱਟੀ ਦੇ ਥੈਲੇ ਭਰ ਕੇ ਰੱਖੇ ਗਏ ਹਨ। ਹਾਦਸੇ ਦੇ ਡਰੋ ਸੜਕ ਤੇ ਰੱਖੇ ਮਿੱਟੀ ਨਾਲ ਭਰੇ ਥੈਲੇ ਹੀ ਰਾਤ ਸਮੇਂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਸੰਬੰਧੀ ਸਮਾਜਸੇਵੀ ਅਮਨਦੀਪ ਸਿੰਘ ਮਾਂਗਟ, ਪੈਨਸ਼ਨਰਜ ਆਗੂ ਧਰਮਪਾਲ ਸੋਖਲ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ ਅਤੇ ਪਰਮਿੰਦਰ ਸਿੰਘ ਨੇ ਕਿਹਾ ਕਿ ਰਾਤ ਸਮੇਂ ਇਹ ਥੈਲੇ ਦੋ ਪਹੀਆ ਵਾਹਨ ਸਵਾਰਾਂ ਨੂੰ ਸਾਹਮਣੇ ਤੋਂ ਦੂਸਰੇ ਵਾਹਨਾਂ ਦੀਆਂ ਤੇਜ ਲਾਈਟਾਂ ਵੱਜਣ ਤੇ ਥੈਲੇ ਨਜ਼ਰ ਨਾ ਆਉਣ ਕਰਕੇ ਥੈਲਿਆਂ ਨਾਲ ਟਕਰਾਅ ਕੇ ਸੱਟਾਂ ਵੀ ਖਾ ਚੁੱਕੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਉਕਤ ਸੜਕ ਨੂੰ ਤੁਰੰਤ ਠੀਕ ਕਰਕੇ ਥੈਲੇ ਚੁੱਕੇ ਜਾਣ।