ਵਿਭਾਗ ਵੱਲੋਂ ਪਾਣੀ ਦੇ ਬਿੱਲ ਨਾ ਭੇਜਣ ਕਾਰਨ ਸ਼ਹਿਰ ਵਾਸੀ ਪਰੇਸ਼ਾਨ
ਪਾਣੀ ਦੇ ਬਿੱਲ ਨਾ ਆਉਣ ਕਾਰਨ ਸ਼੍ਰੀ ਕੀਰਤਪੁਰ ਸਾਹਿਬ ਦੇ ਸ਼ਹਿਰ ਵਾਸੀ ਪਰੇਸ਼ਾਨ
Publish Date: Tue, 05 May 2026 05:03 PM (IST)
Updated Date: Tue, 05 May 2026 05:05 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਸ਼ਹਿਰ ਦੇ ਲੋਕਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੇ ਬਿੱਲ ਨਹੀਂ ਭੇਜੇ ਜਾ ਰਹੇ ਹਨ, ਹੁਣ ਉਨ੍ਹਾਂ ਨੂੰ ਮਹਿਕਮੇ ਵੱਲੋਂ ਫੋਨ ਆ ਰਹੇ ਹਨ ਕਿ ਆਪਣੇ ਪੀਣ ਵਾਲੇ ਪਾਣੀ ਦੇ ਬਿੱਲ ਰੋਪੜ ਜਾ ਕੇ ਜਮਾ ਕਰਵਾਓ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਵਿੱਚ ਮਹਿਕਮੇ ਪ੍ਰਤੀ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪਿੰਡ ਜਿਊਵਾਲ ਦੇ ਸਾਬਕਾ ਸਰਪੰਚ ਸੋਮਦੱਤ ਜੋਸ਼ੀ ਦੀ ਅਗਵਾਈ ਵਿੱਚ ਇਕੱਠੇ ਹੋਏ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਰਾਮ ਮੰਦਰ ਚੌਂਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੀਣ ਵਾਲੇ ਪਾਣੀ ਦੇ ਬਿੱਲ ਵੰਡੇ ਜਾਂਦੇ ਸਨ, ਜਿਸ ਨਾਲ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ। ਪਰ ਹੁਣ ਬਿੱਲ ਨਾ ਆਉਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਵਿਭਾਗ ਵੱਲੋਂ ਲੋਕਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਅਤੇ ਪਾਣੀ ਦੇ ਬਿੱਲ ਰੂਪਨਗਰ ਵਿਖੇ ਜਮਾ ਕਰਵਾਉਣ ਲਈ ਕਿਹਾ ਜਾ ਰਿਹਾ ਹੈ ।ਉਹਨਾਂ ਦੱਸਿਆ ਕਿ ਪਾਣੀ ਦੇ ਬਿੱਲ ਆਨਲਾਈਨ ਜਮਾਂ ਨਹੀਂ ਹੁੰਦੇ ਹਨ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਕੀਰਤਪੁਰ ਸਾਹਿਬ ਦੇ ਪਾਣੀ ਦੇ ਬਿੱਲ ਸ਼ਹਿਰ ਵਿੱਚ ਹੀ ਵੰਡੇ ਜਾਣ ਅਤੇ ਜਮ੍ਹਾਂ ਕਰਨ ਦੀ ਸੁਵਿਧਾ ਵੀ ਇਥੇ ਹੀ ਉਪਲਬਧ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਬਿਨ੍ਹਾਂ ਵਜ੍ਹਾ ਦੂਰ ਨਾ ਜਾਣਾ ਪਵੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ। ਮੰਗ ਕਰਨ ਵਾਲਿਆਂ ਵਿੱਚ ਸਾਬਕਾ ਸਰਪੰਚ ਸੋਮ ਦੱਤ ਜੋਸ਼ੀ ਤੋਂ ਇਲਾਵਾ ਸਾਬਕਾ ਸਰਪੰਚ ਗੰਗਾ ਰਾਮ, ਅਸ਼ੋਕ ਬੇਦੀ, ਨਰਿੰਦਰ ਸ਼ਰਮਾ, ਨੀਰਜ ਟੰਡਨ, ਨਿੱਕੂ ਰਾਮ ਸ਼ਰਮਾ , ਅਭਿਨਵ ਟੰਡਨ ਆਦਿ ਹਾਜ਼ਰ ਸਨ। ਕੀ ਕਹਿਣਾ ਹੈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇਈ ਦਾ - ਇਸ ਬਾਰੇ ਜਦੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੇਈ ਬਿਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਪਾਸ ਮੁਲਾਜ਼ਮਾਂ ਦੀ ਘਾਟ ਹੈ ਫਿਰ ਵੀ ਅਸੀਂ ਆਊਟ ਸੋਰਸਸ ਵਾਲੇ ਮੁਲਾਜ਼ਮਾਂ ਤੋਂ ਜਿੰਨੇ ਹੋ ਸਕੇ ਪਾਣੀ ਵਾਲੇ ਬਿੱਲ ਵੰਡਾ ਦਿੰਦੇ ਹਾਂ, ਅਤੇ ਲੋਕਾਂ ਨੂੰ ਫੋਨ ’ਤੇ ਵੀ ਪਾਣੀ ਦੇ ਬਿੱਲ ਬਾਰੇ ਮੈਸੇਜ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜੇਕਰ ਤੁਸੀਂ ਜਿਆਦਾ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਜਸਵਿੰਦਰ ਨਾਲ ਗੱਲ ਕਰ ਸਕਦੇ ਹੋ। ਇਸ ਬਾਰੇ ਜਦੋਂ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਤੀ ਮਹੀਨਾ 73 ਪਾਣੀ ਦਾ ਬਿੱਲ ਆਉਂਦਾ ਹੈ ਇਸ ਸਬੰਧੀ ਲੋਕਾਂ ਵੱਲੋਂ ਲਿਖਵਾਏ ਹੋਏ ਫੋਨ ਨੰਬਰਾਂ ’ਤੇ ਮੈਸੇਜ ਵੀ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਨਾਂ ਵਿਅਕਤੀਆਂ ਦੇ ਲੰਮੇ ਸਮੇਂ ਤੋਂ ਪਾਣੀ ਵਾਲੇ ਬਿੱਲ ਦੀ ਅਦਾਇਗੀ ਪੈਂਡਿੰਗ ਹੈ ਉਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣਾ ਬਿੱਲ ਜਮਾ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਸ੍ਰੀ ਅਨੰਦਪੁਰ ਸਾਹਿਬ ਸਾਡੇ ਦਫਤਰ ਆ ਕੇ ਪਾਣੀ ਵਾਲਾ ਬਿੱਲ ਜਮਾ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਫੋਨ ’ਤੇ ਪਾਣੀ ਵਾਲੇ ਬਿੱਲ ਦਾ ਮੈਸੇਜ ਆਉਂਦਾ ਹੈ ਉਸ ਦੇ ਥੱਲੇ ਇਸ ਦੀ ਆਨਲਾਈਨ ਅਦਾਇਗੀ ਕਰਨ ਬਾਰੇ ਵੀ ਦੱਸਿਆ ਜਾਂਦਾ ਹੈ। ਉਹਨਾਂ ਕਿਹਾ ਕਿ ਪਾਣੀ ਦੀ ਖਪਤ ਕਰਨ ਵਾਲੇ ਲੋਕ ਪੇਟੀਐਮ ਰਾਹੀਂ ਜਾਂ ਗੂਗਲ ਰਾਹੀਂ ਵੀ ਆਪਣੇ ਪਾਣੀ ਵਾਲੇ ਬਿਲ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਜਿਹੜੇ ਵਿਅਕਤੀਆਂ ਨੇ ਪਾਣੀ ਦਾ ਕਨੈਕਸ਼ਨ ਲੈਣ ਸਮੇਂ ਆਪਣੇ ਗਲਤ ਫੋਨ ਨੰਬਰ ਲਿਖਵਾਏ ਹੋਏ ਹਨ, ਉਨ੍ਹਾਂ ਤੱਕ ਪਾਣੀ ਵਾਲੇ ਬਿੱਲ ਦਾ ਮੈਸੇਜ ਨਾ ਪਹੁੰਚਦਾ ਹੋਵੇ। ਉਨ੍ਹਾਂ ਕਿਹਾ ਕਿ ਸਾਡੇ ਪਾਸ ਮੁਲਾਜ਼ਮਾਂ ਦੀ ਘਾਟ ਹੈ ਇਸ ਲਈ ਪਾਣੀ ਦੇ ਬਿੱਲ ਦੀ ਅਦਾਇਗੀ ਕਰਨ ਸਬੰਧੀ ਫੋਨ ’ਤੇ ਮੈਸੇਜ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਆਨਲਾਈਨ ਪੇਮੈਂਟ ਨਹੀਂ ਕਰਨੀ ਹੈ ਉਹ ਵਰਕਿੰਗ ਵਾਲੇ ਕਿਸੇ ਵੀ ਦਿਨ ਸਾਡੇ ਦਫਤਰ ਆ ਕੇ ਆਪਣੇ ਪਾਣੀ ਵਾਲੇ ਬਿੱਲ ਜਮਾ ਕਰਵਾ ਸਕਦੇ ਹਨ।