ਨਗਰ ਕੌਂਸਲ ਦੇ ਵਾਰਡਾਂ ਦਾ ਮੁੜ ਬਦਲਿਆਂ ਰਾਖਵਾਂਕਰਨ
ਨਗਰ ਕੌਂਸਲ ਦੇ ਵਾਰਡਾਂ ਦਾ ਮੁੜ ਬਦਲਿਆਂ ਰਾਖਵਾਂਕਰਨ
Publish Date: Sat, 09 May 2026 06:01 PM (IST)
Updated Date: Sat, 09 May 2026 06:02 PM (IST)

ਕਈਆਂ ਦੇ ਸੁਪਨਿਆਂ ’ਤੇ ਫਿਰਿਆ ਪਾਣੀ ਤੇ ਕਈਆਂ ਦੇ ਰਾਹ ਹੋਏ ਪੱਧਰੇ ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ: ਪੰਜਾਬ ਦੀਆਂ ਮਿਉਂਸੀਪਲ ਕੌਂਸਲਾਂ ਦੀਆਂ ਸਾਲ 2026 ਦੀਆਂ ਆਮ ਚੋਣਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀ ਮਿਉਂਸੀਪਲ ਚੋਣ ਸ਼ਾਖਾ ਵਲੋਂ ਸੀਟਾਂ ਰਾਖਵੀਆਂ ਅਤੇ ਨਿਰਧਾਰਿਤ ਕਰਨ ਲਈ ਗਜ਼ਟ ਜਾਰੀ ਕਰ ਦਿੱਤਾ ਗਿਆ ਹੈ। ਇਸ ਗਜ਼ਟ ਦੇ ਜਾਰੀ ਹੋਣ ਪਿਛੋਂ ਨੰਗਲ ਨਗਰ ਕੋਂਸਲ ਦੇ ਵੱਖ ਵੱਖ 19 ਵਾਰਡਾਂ ਦੇ ਸਿਆਸੀ ਸਮੀਕਰਨ ਪੂਰੀ ਤਰਾਂ ਬਦਲ ਗਏ ਹਨ। ਸੀਟਾਂ ਦੇ ਰਾਖਵਾਂ ਕਰਨ ਨਾਲ ਜਿੱਥੇ ਕਈ ਮੌਜੂਦਾ ਕੌਂਸਲਰਾਂ ਅਤੇ ਚੋਣ ਲੜਨ ਦੇ ਇੱਛੁਕ ਆਗੂਆਂ ਵਿੱਚੋਂ ਕਈਆਂ ਦੇ ਸੁਪਨਿਆਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਅਤੇ ਚੋਣ ਲੜਨ ਦੀ ਤਾਕ ‘ਚ ਬੈਠੇ ਕਈਆਂ ਦੇ ਰਾਹ ਪੱਧਰੇ ਹੋ ਗਏ ਹਨ। ਇਸ ਸਬੰਧ ਵਿੱਚ ਜ਼ਿਨਾ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਸਿਆਸ਼ੀ ਝਟਕਾ ਲੱਗਿਆ ਹੈ,ਉਨਾਂ ਵਲੋਂ ਆਪਣੇ ਸਿਆਸੀ ਆਕਾਵਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਅਨੁਸਾਰ ਨਵੇਂ ਰਾਖਵਾਂਕਰਣ ਕਾਰਣ ਜਿਥੇ ਵਿਰੋਧੀ ਪਾਰਟੀਆਂ ਦੇ ਬਹੁਤ ਸਾਰੇ ਉਮੀਦਵਾਰ ਸਦਮੇ ਵਿੱਚ ਨਜ਼ਰ ਆ ਰਹੇ ਹਨ,ਉਥੇ ਸੱਤਾਧਾਰੀ ਪਾਰਟੀ ਨਾਲ ਸਬੰਧਤ ਕਈ ਉਮੀਦਵਾਰ ਨਿਰਾਸ਼ ਨਜ਼ਰ ਆ ਰਹੇ ਹਨ।ਅੱਜ ਵਾਰਡਾ ਦੀ ਮੁੜ ਬਦਲੇ ਰਾਖਵਾਂਕਰਨ ਅਨੁਸਾਰ ਵਾਰਡ ਨੰਬਰ 2 ਤੋਂ ਚੌਣ ਲੜਨ ਵਾਲੇ ਨਗਰ ਕੌਂਸਲ ਨੰਗਲ ਦੇ ਚੇਅਰਮੈਨ ਸੰਜੇ ਸਾਹਨੀ ਦਾ ਵਾਰਡ ਨੰਬਰ 2 ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਦਾ ਵਾਰਡ ਨੰਬਰ 10 ਹੁਣ ਮਹਿਲਾਵਾਂ ਲਈ ਰਾਖਵਾਂ ਕੀਤਾ ਗਿਆ ਹੈ। ਇਸੇ ਤਰਾਂ ਸਾਬਕਾ ਪ੍ਰਧਾਨ ਅਸ਼ੋਕ ਪੁਰੀ ਦਾ ਵਾਰਡ ਨੰਬਰ 16 ਵੀ ਮਹਿਲਾ ਉਮੀਦਵਾਰ ਲਈ ਰਾਖਵਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੌਂਸਲ ਚੇਅਰਮੈਨ ਵਜੋਂ ਉਭਾਰੇ ਜਾ ਰਹੇ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਦੇ ਖਾਸਮ-ਖਾਸ ਸਮਝੇ ਜਾਣ ਵਾਲੇ ਉਮੀਦਵਾਰ ਐਡਵੋਕੇਟ ਨਿਸ਼ਾਤ ਗੁਪਤਾ ਦਾ ਵਾਰਡ ਨੰਬਰ 16 ਮਹਿਲਾ ਉਮੀਦਵਾਰ ਅਤੇ ਕਾਂਗਰਸ ਦੇ ਤੇਜ਼ ਤਰਾਰ ਐਡਵੋਕੇਟ ਪਰਮਜੀਤ ਸਿੰਘ ਪੰਮਾਂ ਦਾ ਵਾਰਡ ਨੰਬਰ 8 ਮਹਿਲਾ ਉਮੀਦਵਾਰ ਲਈ ਰਾਂਖਵਾ ਕੀਤਾ ਗਿਆ ਹੈ। ਇਸੇ ਤਰਾਂ ਵਾਰਡ ਨੰਬਰ 5 ਤੋਂ ਚੋਣ ਲੜਨ ਦੀ ਆਸ ਲਗਾ ਕੇ ਬੈਠੇ ਆਪ ਉਮੀਦਵਾਰ ਸਾਗਰ ਸੋਭਤੀ ਅਤੇ ਲਲਿਤ ਚੌਧਰੀ ਦਾ ਵਾਰਡ ਵੀ ਹੁਣ ਪੱਛੜੀਆਂ ਸ਼੍ਰੇਣੀਆ ਦੇ ਉਮੀਦਵਾਰ ਲਈ ਰਾਂਖਵਾ ਹੋ ਗਿਆ ਹੈ। ਬਾਕਸ: ਇਸ ਤਰ੍ਹਾਂ ਹੋਵੇਗਾ 19 ਵਾਰਡਾਂ ਦਾ ਰਾਖਵਾਂਕਰਨ ਜਾਰੀ ਗਜ਼ਟ ਅਨੁਸਾਰ ਨਗਰ ਕੌਂਸਲ 19 ਵਾਰਡ ਨਿਰਧਾਰਿਤ ਕੀਤੇ ਗਏ ਹਨ। ਇਨ੍ਹਾਂ ਵਿਚ ਵਾਰਡ ਨੰਬਰ 5 ਅਤੇ 15 ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕੀਤੇ ਗਏ ਹਨ, ਜਦਕਿ ਵਾਰਡ ਨੰਬਰ 4,6 ਅਤੇ 14 ਅਨੁਸੂਚਿਤ ਜਾਤੀ ਮਹਿਲਾਵਾਂ ਲਈ ਰਾਖਵੇਂ ਹੋਣਗੇ। ਵਾਰਡ ਨੰਬਰ 7 ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 2, 8, 10 , 12 ਅਤੇ 18 ਮਹਿਲਾਵਾਂ ਲਈ ਰਾਖਵੇਂ ਕਰ ਦਿੱਤੇ ਗਏ ਹਨ, ਜਦ ਕਿ ਵਾਰਡ ਨੰਬਰ 1,3, 5, 9 , 11, 13, ਅਤੇ 17 ਜਨਰਲ ਸ਼੍ਰੇਣੀ ਵਿਚ ਰਹਿਣਗੇ।