ਰੋਪੜ ਹੈੱਡਵਰਕਸ ’ਚ ਬਣੇਗਾ ਪੰਜਾਬ ਦਾ ਪਹਿਲਾ ਇਰੀਗੇਸ਼ਨ ਮਿਊਜ਼ੀਅਮ : ਚੱਢਾ
ਉਨ੍ਹਾਂ ਦੱਸਿਆ ਕਿ ਮਿਊਜ਼ੀਅਮ ਦੀ ਸਥਾਪਨਾ ਲਈ ਰੋਪੜ ਹੈੱਡਵਰਕਸ ਵਿਚ ਮੌਜੂਦ ਖਾਲੀ ਪਈ ਸਟੋਰ ਸ਼ੈੱਡ ਬਿਲਡਿੰਗ ਦਾ ਨਵੀਨੀਕਰਨ ਕਰ ਕੇ ਇਸ ਨੂੰ ਆਧੁਨਿਕ ਮਿਊਜ਼ੀਅਮ ਵਜੋਂ ਵਿਕਸਤ ਕੀਤਾ ਜਾਵੇਗਾ।
Publish Date: Tue, 17 Mar 2026 10:45 AM (IST)
Updated Date: Tue, 17 Mar 2026 10:46 AM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਦੇ ਜਲ ਸਰੋਤਾਂ ਦੇ ਇਤਿਹਾਸ, ਵਿਕਾਸ ਅਤੇ ਤਕਨੀਕੀ ਪ੍ਰਗਤੀ ਨੂੰ ਦਰਸਾਉਣ ਲਈ ਸੂਬੇ ਦਾ ਪਹਿਲਾ ਇਰੀਗੇਸ਼ਨ ਮਿਊਜ਼ੀਅਮ ਸਥਾਪਤ ਕੀਤਾ ਜਾ ਰਿਹਾ ਹੈ। ਇਸ ਬਾਰੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿਚ ਕਿਸੇ ਵੀ ਥਾਂ ਇਰੀਗੇਸ਼ਨ ਮਿਊਜ਼ੀਅਮ ਨਹੀਂ ਬਣਾਇਆ ਗਿਆ ਸੀ, ਇਸ ਲਈ ਰੋਪੜ ਹੈੱਡਵਰਕਸ ਨੂੰ ਚੁਣਿਆ ਗਿਆ ਹੈ, ਜੋ ਕਿ ਇਤਿਹਾਸਕ ਅਹਿਮੀਅਤ ਰੱਖਦਾ ਹੈ।
ਉਨ੍ਹਾਂ ਦੱਸਿਆ ਕਿ ਰੋਪੜ ਹੈੱਡਵਰਕਸ ਦੀ ਸਥਾਪਨਾ ਸਾਲ 1881 ਵਿਚ ਕੀਤੀ ਗਈ ਸੀ ਤੇ ਬਾਅਦ ਵਿਚ ਸਾਲ 1930 ਵਿਚ ਇਸ ਦੀ ਰੀ-ਮਾਡਲਿੰਗ ਕੀਤੀ ਗਈ ਸੀ। ਇਹ ਹੈੱਡਵਰਕਸ ਪੰਜਾਬ ਦੇ ਸਭ ਤੋਂ ਪੁਰਾਣੇ ਤੇ ਮਹੱਤਵਪੂਰਨ ਜਲ ਪ੍ਰਬੰਧ ਢਾਂਚਿਆਂ ਵਿੱਚੋਂ ਇਕ ਮੰਨਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਮਿਊਜ਼ੀਅਮ ਦੀ ਸਥਾਪਨਾ ਲਈ ਰੋਪੜ ਹੈੱਡਵਰਕਸ ਵਿਚ ਮੌਜੂਦ ਖਾਲੀ ਪਈ ਸਟੋਰ ਸ਼ੈੱਡ ਬਿਲਡਿੰਗ ਦਾ ਨਵੀਨੀਕਰਨ ਕਰ ਕੇ ਇਸ ਨੂੰ ਆਧੁਨਿਕ ਮਿਊਜ਼ੀਅਮ ਵਜੋਂ ਵਿਕਸਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਤਜਵੀਜ਼ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਕੰਮ ਅਪ੍ਰੈਲ 2026 ਤੋਂ ਸ਼ੁਰੂ ਕੀਤਾ ਜਾਵੇਗਾ, ਜਿਸ ਨੂੰ 30 ਸਤੰਬਰ 2026 ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਮਿਊਜ਼ੀਅਮ ਤਕਨੀਕੀ ਤੇ ਸਿੱਖਿਆਤਮਕ ਦ੍ਰਿਸ਼ਟੀਕੋਣ ਤੋਂ ਵਿਲੱਖਣ ਹੋਵੇਗਾ, ਜਲ ਸਰੋਤ ਵਿਭਾਗ ਨਾਲ ਸਬੰਧਤ ਵੱਖ-ਵੱਖ ਤਕਨੀਕੀ ਮਾਡਲ ਪ੍ਰਦਰਸ਼ਤ ਕੀਤੇ ਜਾਣਗੇ, ਜਿਨ੍ਹਾਂ ਵਿਚ ਵੱਡੇ ਡੈਮਾਂ ਦੇ ਮਾਡਲ, ਨਹਿਰ ਪ੍ਰਣਾਲੀ ਦੇ ਨੈੱਟਵਰਕ, ਹਾਈਡ੍ਰੋਲੋਜੀਕਲ ਤੇ ਹਾਈਡ੍ਰੋਲਿਕ ਸਿਸਟਮ ਦੇ ਮਾਡਲ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਪੰਜਾਬ ਵਿਚ ਬਣੇ ਮਹੱਤਵਪੂਰਨ ਜਲ ਸਰੋਤ ਪ੍ਰੋਜੈਕਟਾਂ ਦੇ ਫੋਟੋਗ੍ਰਾਫ, ਇਤਿਹਾਸਕ ਦਸਤਾਵੇਜ਼, ਤਕਨੀਕੀ ਨਕਸ਼ੇ ਤੇ ਵੱਖ-ਵੱਖ ਸਮਝੌਤਿਆਂ ਦੀਆਂ ਕਾਪੀਆਂ ਵੀ ਮਿਊਜ਼ੀਅਮ ਵਿਚ ਪ੍ਰਦਰਸ਼ਤ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਮਿਊਜ਼ੀਅਮ ਵਿਚ ਆਧੁਨਿਕ ਵੀਡੀਓ ਪ੍ਰਜ਼ੈਂਟੇਸ਼ਨ ਰੂਮ ਵੀ ਬਣਾਇਆ ਜਾਵੇਗਾ, ਜਿੱਥੇ ਵਿਜ਼ਟਰਾਂ ਨੂੰ ਜਲ ਸਰੋਤ ਵਿਭਾਗ ਦੇ ਇਤਿਹਾਸ, ਪੰਜਾਬ ਦੀ ਨਹਿਰੀ ਪ੍ਰਣਾਲੀ ਦੇ ਵਿਕਾਸ, ਪਾਣੀ ਦੇ ਸੰਭਾਲ ਤੇ ਵੰਡ ਪ੍ਰਬੰਧਾਂ ਬਾਰੇ ਡਿਜੀਟਲ ਪ੍ਰਜ਼ੈਂਟੇਸ਼ਨਾਂ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ।