- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Lohri Bumper 2025 : ਲਾਟਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਪਣੇ ਲੜਕੇ ਦਵਿੰਦਰ ਸਿੰਘ ਨਾਲ ਲਾਟਰੀ ਸਟਾਲ 'ਤੇ ਪਹੁੰਚੇ ਹਰਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਕਈ ਵਾਰ ਲਾਟਰੀ ਪਾਈ ਪਰ ਉਨ੍ਹਾਂ ਨੂੰ ਕਦੇ ਇਨਾਮ ਨਹੀਂ ਨਿਕਲਿਆ। ਉਸ ਨੇ ਦੱਸਿਆ ਕਿ ਇਸ ਵਾਰ ਉਸ ਨੇ 12 ਜਨਵਰੀ ਨੂੰ ਰੂਪਨਗਰ ਦੇ ਅਸ਼ੋਕਾ ਲਾਟਰੀ ਸਟਾਲ ਨੂਰਪੁਰਬੇਦੀ ਵਿਖੇ ਸ਼ੁਕਲਾ ਨਾਮਕ ਵਿਕਰੇਤਾ ਤੋਂ ਬੀ ਸੀਰੀਜ਼ ਦੀ ਪੰਜਾਬ ਸਟੇਟ ਡੀਅਰ ਲੋਹੜੀ ਬੰਪਰ ਟਿਕਟ ਨੰਬਰ 566370 ਖਰੀਦੀ ਸੀ।

Punjab State Lohri Bumper 2025 : ਲਖਵੀਰ ਖਾਬੜਾ, ਰੂਪਨਗਰ : ਪਿੰਡ ਬੜਵਾ ਦੇ ਹਰਪਿੰਦਰ ਸਿੰਘ ਦਾ 10 ਕਰੋੜ ਦਾ ਲੋਹੜੀ ਬੰਪਰ ਦਾ ਇਨਾਮ ਨਿਕਲਿਆ ਹੈ। ਐਤਵਾਰ ਨੂੰ ਰੂਪਨਗਰ ਦੇ ਅਸ਼ੋਕਾ ਲਾਟਰੀ ਦੇ ਸਟਾਲ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਖੁਸ਼ਕਿਸਮਤ ਕੌਣ ਹੈ ਜਿਸ ਦਾ ਲੋਹੜੀ ਬੰਪਰ ਦਾ ਪਹਿਲਾ ਇਨਾਮ 10 ਕਰੋੜ ਰੁਪਏ ਨਿਕਲਿਆ ਹੈ। ਇਸ ਮੌਕੇ ਅਸ਼ੋਕਾ ਲਾਟਰੀ ਸਟਾਲ ਦੇ ਹੇਮੰਤ ਕੱਕੜ ਉਰਫ ਲੱਕੀ ਨੇ ਦੱਸਿਆ ਕਿ ਲੋਕ ਅਕਸਰ ਕਹਿੰਦੇ ਸਨ ਕਿ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਹੀ ਵੱਡੇ ਇਨਾਮ ਪ੍ਰਾਪਤ ਕਰਦੇ ਹਨ, ਜਦਕਿ ਇਹ ਗੱਲ ਸੱਚ ਵੀ ਹੈ ਕਿਉਂਕਿ ਅੱਜ ਤੱਕ ਰੂਪਨਗਰ ਜ਼ਿਲ੍ਹੇ ਦੇ ਕਿਸੇ ਵੀ ਵਿਅਕਤੀ ਨੂੰ ਵੱਡਾ ਇਨਾਮ ਨਹੀਂ ਮਿਲਿਆ ਹੈ। ਉਸ ਨੇ ਦੱਸਿਆ ਕਿ ਇਸ ਵਾਰ ਪੰਜਾਬ ਰਾਜ ਸਰਕਾਰ ਲੋਹੜੀ ਬੰਪਰ ਦਾ ਪਹਿਲਾ ਇਨਾਮ ਡਰਾਈਵਰ ਹਰਪਿੰਦਰ ਸਿੰਘ ਵਾਸੀ ਪਿੰਡ ਬੜਵਾ ਦੇ ਨਾਂ ਰਿਹਾ ਹੈ, ਜੋ ਖ਼ੁਦ ਕਰਜ਼ਾ ਲੈ ਕੇ ਕੁਵੈਤ ਜਾ ਕੇ ਉੱਥੇ ਟਰਾਲਾ ਡਰਾਈਵਰ ਵਜੋਂ ਕੰਮ ਕਰਦਾ ਹੈ।
ਲਾਟਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਪਣੇ ਲੜਕੇ ਦਵਿੰਦਰ ਸਿੰਘ ਨਾਲ ਲਾਟਰੀ ਸਟਾਲ 'ਤੇ ਪਹੁੰਚੇ ਹਰਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਕਈ ਵਾਰ ਲਾਟਰੀ ਪਾਈ ਪਰ ਉਨ੍ਹਾਂ ਨੂੰ ਕਦੇ ਇਨਾਮ ਨਹੀਂ ਨਿਕਲਿਆ। ਉਸ ਨੇ ਦੱਸਿਆ ਕਿ ਇਸ ਵਾਰ ਉਸ ਨੇ 12 ਜਨਵਰੀ ਨੂੰ ਰੂਪਨਗਰ ਦੇ ਅਸ਼ੋਕਾ ਲਾਟਰੀ ਸਟਾਲ ਨੂਰਪੁਰਬੇਦੀ ਵਿਖੇ ਸ਼ੁਕਲਾ ਨਾਮਕ ਵਿਕਰੇਤਾ ਤੋਂ ਬੀ ਸੀਰੀਜ਼ ਦੀ ਪੰਜਾਬ ਸਟੇਟ ਡੀਅਰ ਲੋਹੜੀ ਬੰਪਰ ਟਿਕਟ ਨੰਬਰ 566370 ਖਰੀਦੀ ਸੀ। ਉਸ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਕਦੇ ਇੰਨਾ ਵੱਡਾ ਇਨਾਮ ਨਿਕਲੇਗਾ ਜਿਸ ਨਾਲ ਉਸ ਦੇ ਪਰਿਵਾਰ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਸ ਨੇ ਕਿਹਾ ਕਿ ਪ੍ਰਮਾਤਮਾ ਨੇ ਉਸ 'ਤੇ ਮਿਹਰ ਕੀਤੀ ਹੈ ਅਤੇ ਹੁਣ ਲਾਟਰੀ ਦੇ ਪੈਸੇ ਮਿਲਣ ਤੋਂ ਬਾਅਦ ਉਹ ਪਹਿਲਾਂ ਆਪਣਾ ਕਰਜ਼ਾ ਚੁਕਾਏਗਾ ਅਤੇ ਫਿਰ ਆਪਣੇ ਪੁੱਤਰ ਦਵਿੰਦਰ ਸਿੰਘ ਦਾ ਭਵਿੱਖ ਉਸਾਰੇਗਾ, ਜੋ ਕੁਝ ਸਮਾਂ ਪਹਿਲਾਂ ਇਕ ਹਾਦਸੇ 'ਚ ਆਪਣੀ ਬਾਂਹ ਗੁਆ ਬੈਠਾ ਸੀ।
ਇਸ ਮੌਕੇ ਹਰਪਿੰਦਰ ਦੇ ਪੁੱਤਰ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਨ੍ਹਾਂ ਦਾ ਪਰਿਵਾਰ 10 ਕਰੋੜ ਰੁਪਏ ਦਾ ਜੇਤੂ ਬਣ ਗਿਆ ਹੈ। ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਵਾਹਿਗੁਰੂ ਨੇ ਉਨ੍ਹਾਂ 'ਤੇ ਮਿਹਰ ਕੀਤੀ ਹੈ, ਇਸ ਲਈ ਹੁਣ ਉਹ ਇਸ ਪੈਸੇ ਨਾਲ ਕਾਰੋਬਾਰ ਸ਼ੁਰੂ ਕਰਕੇ ਆਪਣੇ ਪੂਰੇ ਪਰਿਵਾਰ ਦਾ ਭਵਿੱਖ ਸੰਵਾਰਨਗੇ ਅਤੇ ਲੋੜਵੰਦਾਂ ਦੀ ਮਦਦ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂ 'ਤੇ ਲੰਗਰ ਵੀ ਲਗਾਇਆ ਜਾਵੇਗਾ।
ਇਸ ਮੌਕੇ ਹੇਮੰਤ ਕੱਕੜ ਉਰਫ਼ ਲੱਕੀ ਨੇ ਦੱਸਿਆ ਕਿ ਜਲਦ ਹੀ ਲਾਟਰੀ ਦੀ ਰਕਮ ਦਾ ਦਾਅਵਾ ਕਰਦੇ ਹੋਏ ਹਰਪਿੰਦਰ ਨੂੰ 10 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਮੌਕੇ ਲੱਡੂ ਵੀ ਵੰਡੇ ਗਏ। ਉਧਰ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੇ ਜੱਦੀ ਪਿੰਡ ਦੇ ਵਾਸੀ ਹਰਪਿੰਦਰ ਸਿੰਘ ਨੂੰ ਲੋਹੜੀ ਬੰਪਰ ਨਿਕਲਣ ‘ਤੇ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਪ੍ਰਮਾਤਮਾ ਹਰਪਿੰਦਰ ਸਿੰਘ ਤੇ ਉਸ ਦੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ।