ਸ੍ਰੀ ਕੀਰਤਪੁਰ ਸਾਹਿਬ 'ਚ ਰਿਸ਼ਤੇਦਾਰ ਦੀ ਜਾਨ ਬਚਾਉਂਦੇ ਹੋਏ ਖ਼ੁਦ ਤੇਜ਼ ਵਹਾਅ 'ਚ ਰੁੜਿਆ ਪੁਲਿਸ ਮੁਲਾਜ਼ਮ; ਭਾਲ ਜਾਰੀ
ਜਾਣਕਾਰੀ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬਾਲੇਵਾਲ ਦਾ ਰਹਿਣ ਵਾਲਾ ਸਲਮਾਨ ਖਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਾਤਾ ਨੈਣਾ ਦੇਵੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਰਤ ਰਿਹਾ ਸੀ। ਰਸਤੇ ਵਿੱਚ ਪਰਿਵਾਰ ਲੋਹੰਡ ਖੱਡ ਕੋਲ ਰੁਕ ਗਿਆ।
Publish Date: Thu, 11 Jun 2026 08:58 AM (IST)
Updated Date: Thu, 11 Jun 2026 09:02 AM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਨੇੜੇ ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਆਪਣੇ ਰਿਸ਼ਤੇਦਾਰ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰਨ ਵਾਲਾ 33 ਸਾਲਾ ਪੁਲਿਸ ਮੁਲਾਜ਼ਮ ਤੇਜ਼ ਵਹਾਅ ਵਿੱਚ ਰੁੜ ਗਿਆ। ਖ਼ਬਰ ਲਿਖੇ ਜਾਣ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ।
ਜਾਣਕਾਰੀ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬਾਲੇਵਾਲ ਦਾ ਰਹਿਣ ਵਾਲਾ ਸਲਮਾਨ ਖਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਾਤਾ ਨੈਣਾ ਦੇਵੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਰਤ ਰਿਹਾ ਸੀ। ਰਸਤੇ ਵਿੱਚ ਪਰਿਵਾਰ ਲੋਹੰਡ ਖੱਡ ਕੋਲ ਰੁਕ ਗਿਆ। ਇਸ ਦੌਰਾਨ ਨਹਾਉਂਦੇ ਸਮੇਂ ਪੁਨੀਤ ਨਾਮਕ ਨੌਜਵਾਨ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਵਿੱਚ ਡੁੱਬਣ ਲੱਗ ਪਿਆ। ਉਸ ਨੂੰ ਬਚਾਉਣ ਲਈ ਸਲਮਾਨ ਖਾਨ ਤੁਰੰਤ ਪਾਣੀ ਵਿੱਚ ਉਤਰ ਗਿਆ ਅਤੇ ਪੁਨੀਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਰ ਖੁਦ ਤੇਜ਼ ਵਹਾਅ ਦੀ ਲਪੇਟ ਵਿੱਚ ਆ ਕੇ ਰੁੜ ਗਿਆ। ਸੂਚਨਾ ਮਿਲਣ ’ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਭਾਲ ਮੁਹਿੰਮ ਸ਼ੁਰੂ ਕੀਤੀ। ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲੋਹੰਡ ਖੱਡ ਵਿੱਚ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਕੁਝ ਦਿਨ ਪਹਿਲਾਂ ਗਾਜ਼ੀਆਬਾਦ ਦੇ ਇੱਕ 16 ਸਾਲਾ ਨੌਜਵਾਨ ਦੀ ਵੀ ਇੱਥੇ ਡੁੱਬਣ ਕਾਰਨ ਮੌਤ ਹੋ ਗਈ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਨ ਅਤੇ ਸੈਲਾਨੀਆਂ ਨੂੰ ਖ਼ਤਰਨਾਕ ਥਾਵਾਂ ’ਤੇ ਨਹਾਉਣ ਤੋਂ ਰੋਕਣ ਦੀ ਮੰਗ ਕੀਤੀ ਹੈ।