ਗੁਰੂ ਨਗਰੀ ’ਚ ਥਾਂ ਥਾਂ ਲੱਗੇ ਕੂੜੇ ਦੇ ਢੇਰ, ਸਫਾਈ ਵਿਵਸਥਾ ਵਿਗੜੀ
ਗੁਰੂ ਨਗਰੀ ’ਚ ਥਾਂ ਥਾਂ ਲੱਗੇ ਗੰਦਗੀ ਦੇ ਢੇਰ
Publish Date: Mon, 11 May 2026 05:21 PM (IST)
Updated Date: Mon, 11 May 2026 05:24 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਮਿਊਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ’ਤੇ ਜੋਰ ਦੇਣ ਲਈ ਦਿੱਤੇ ਹੜਤਾਲ ਦੇ ਸੱਦੇ ’ਤੇ ਸਮੁੱਚੇ ਪੰਜਾਬ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਲਗਭਗ ਇੱਕ ਹਫਤੇ ਤੋਂ 6 ਮਈ ਤੋਂ ਲਗਾਤਾਰ ਜਾਰੀ ਹੈ। ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਥਾਂ ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਪੂਰੇ ਸ਼ਹਿਰ ਦੀ ਸਫਾਈ ਵਿਵਸਥਾ ਵਿਗੜ ਚੁੱਕੀ ਹੈ। ਇਸ ਸਬੰਧੀ ਅਕਾਲੀ ਆਗੂ ਜਰਨੈਲ ਸਿੰਘ ਗੁੰਬਰ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਸ਼ਹਿਰ ਦੇ ਮੁੱਖ ਚੌਂਕਾਂ ਸੜਕਾਂ ਅਤੇ ਰਹਾਇਸ਼ੀ ਇਲਾਕਿਆਂ ਵਿੱਚ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਮੰਨ ਕੇ ਇਸ ਹੜਤਾਲ ਨੂੰ ਸਮਾਪਤ ਕੀਤਾ ਜਾਵੇ ਤਾਂ ਜੋ ਸ਼ਹਿਰ ਦਾ ਸਫਾਈ ਵਿਵਸਥਾ ਸਿਸਟਮ ਠੀਕ ਹੋ ਸਕੇ ਅਤੇ ਲੋਕ ਰਾਹਤ ਮਹਿਸੂਸ ਕਰਨ। ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਸੈਕਟਰੀ ਸੀ ਏ ਗੁਰਜਿੰਦਰ ਸਿੰਘ ਨੇ ਸਫਾਈ ਕਾਮਿਆਂ ਦੀ ਹੜਤਾਲ ਸਬੰਧੀ ਗੱਲ ਕਰਦੇ ਕਿਹਾ ਕਿ ਸਰਕਾਰ ਨੂੰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਬਿਨ੍ਹਾਂ ਕਿਸੇ ਦੇਰੀ ਹੱਲ ਕਰਕੇ ਸ਼ਹਿਰ ਵਿੱਚ ਸਫਾਈ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਕਿਉਂਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਜ਼ਾਨਾ ਦੇਸ਼ਾਂ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਹਨ ਜਿਨ੍ਹਾਂ ਨੂੰ ਗੰਦਗੀ, ਬਦਬੂ ,ਖਿਲਾਰਾ ਆਦਿ ਹੋਣ ਕਾਰਨ ਗੁਰੂ ਘਰਾਂ ਦੇ ਦਰਸ਼ਨ ਕਰਨ ਸਮੇਂ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਤਿਗੁਰ ਓਟ ਆਸਰਾ ਟਰੱਸਟ ਦੇ ਪ੍ਰਧਾਨ ਤਰਲੋਚਨ ਸਿੰਘ ਚੱਠਾ ਨੇਮ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਸਬੰਧੀ ਕਿਹਾ ਕਿ ਕਈ ਥਾਵਾਂ ’ਤੇ ਕੂੜਾ ਕਈ ਦਿਨਾਂ ਤੋਂ ਨਾ ਚੁੱਕੇ ਜਾਣ ਬਦਬੂ ਪੈ ਰਹੀ ਹੈ ਅਤੇ ਅਵਾਰਾ ਪਸ਼ੂ ਵੀ ਕੂੜੇ ਵਿੱਚ ਮੂੰਹ ਮਾਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗੰਦਗੀ ਕਰਨ ਨਾ ਸਿਰਫ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਸੋ ਕੋਈ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧ ਗਿਆ ਹੈ। ਚੱਠਾ ਨੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਤੋਂ ਜਲਦ ਇਸ ਮਸਲੇ ਦਾ ਹੱਲ ਕੱਢਣ ਦੀ ਮੰਗ ਕੀਤੀ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਮੁੜ ਪਟੜੀ ’ਤੇ ਆ ਸਕੇ।