ਮੋਰਿੰਡਾ 'ਚ ਦਰਦਨਾਕ ਹਾਦਸਾ: ਟਰੈਕਟਰ-ਟਰਾਲੀ ਦੀ ਫੇਟ ਵੱਜਣ ਕਾਰਨ 17 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ
ਜਾਣਕਾਰੀਆਂ ਅਨੁਸਾਰ ਮੋਰਿੰਡਾ ਚੰਡੀਗੜ੍ਹ ਸੜਕ ’ਤੇ ਸਥਿਤ ਗਲੋਬਲ ਇਨਕਲੇਵ ਦੇ ਨਿਵਾਸੀ ਹਰਜੀਤ ਸਿੰਘ ਦਾ 17 ਸਾਲਾ ਇਕਲੌਤਾ ਲੜਕਾ ਰਾਜਕਰਨ ਸਿੰਘ ਮੋਰਿੰਡਾ ਤੋਂ ਆਪਣੇ ਐਕਟਿਵਾ ਸਕੂਟਰ ਰਾਹੀਂ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਉਹ ਮਰਿੰਡਾ ਚੰਡੀਗੜ੍ਹ ਸੜਕ ’ਤੇ ਰੇਲਵੇ ਫਾਟਕਾਂ ਨੇੜੇ ਬਣੇ ਅੰਡਰ ਬ੍ਰਿਜ ਨੂੰ ਪਾਰ ਕਰ ਰਿਹਾ ਸੀ।
Publish Date: Tue, 24 Feb 2026 11:04 AM (IST)
Updated Date: Tue, 24 Feb 2026 11:07 AM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਚੰਡੀਗੜ੍ਹ ਸੜਕ ’ਤੇ ਸਥਿਤ ਪੁਲਿਸ ਸਟੇਸ਼ਨ ਦੇ ਸਾਹਮਣੇ ਹੋਏ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਵਾਹਨਾਂ ਵਿਚਕਾਰ ਆਏ ਇਕ ਐਕਟਿਵਾ ਚਾਲਕ 17 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੋਰਿੰਡਾ ਸ਼ਹਿਰੀ ਪੁਲਿਸ ਵੱਲੋ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਜਾਣਕਾਰੀਆਂ ਅਨੁਸਾਰ ਮੋਰਿੰਡਾ ਚੰਡੀਗੜ੍ਹ ਸੜਕ ’ਤੇ ਸਥਿਤ ਗਲੋਬਲ ਇਨਕਲੇਵ ਦੇ ਨਿਵਾਸੀ ਹਰਜੀਤ ਸਿੰਘ ਦਾ 17 ਸਾਲਾ ਇਕਲੌਤਾ ਲੜਕਾ ਰਾਜਕਰਨ ਸਿੰਘ ਮੋਰਿੰਡਾ ਤੋਂ ਆਪਣੇ ਐਕਟਿਵਾ ਸਕੂਟਰ ਰਾਹੀਂ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਉਹ ਮਰਿੰਡਾ ਚੰਡੀਗੜ੍ਹ ਸੜਕ ’ਤੇ ਰੇਲਵੇ ਫਾਟਕਾਂ ਨੇੜੇ ਬਣੇ ਅੰਡਰ ਬ੍ਰਿਜ ਨੂੰ ਪਾਰ ਕਰ ਰਿਹਾ ਸੀ।
ਇਸ ਤੋਂ ਬਾਅਦ ਜਦੋਂ ਉਹ ਪੁਲਿਸ ਸਟੇਸ਼ਨ ਦੇ ਸਾਹਮਣੇ ਮੋਰਿੰਡਾ ਵੱਲੋਂ ਜਾ ਰਹੇ ਇੱਕ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਲੱਗਾ ਤਾਂ ਉਸ ਦੇ ਐਕਟਿਵਾ ਸਕੂਟਰ ਨੂੰ ਟਰਾਲੀ ਦੀ ਫੇਟ ਵੱਜ ਗਈ। ਇਸ ਕਾਰਨ ਰਾਜਕਰਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਹਾਦਸੇ ਦਾ ਕਾਰਨ ਬਣੇ ਟਰੈਕਟਰ ਟਰਾਲੀ ਨੂੰ ਕਾਬੂ ਕਰ ਲਿਆ ਹੈ ਜਦਕਿ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਐੱਸਐੱਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਵੱਲੋਂ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ।