- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਭਾਗ ਵੱਲੋਂ ਸਿੱਧੀ ਵਿਨਾਇਕ ਸਟੋਨ ਕਰੱਸ਼ਰ ਉੱਤੇ 7,25,000 ਦਾ ਮੁਆਵਜ਼ਾ ਵੀ ਲਗਾਇਆ ਗਿਆ ਹੈ, ਜੋ ਕਿ ਜੀਵਨ ਕੁਮਾਰ ਪੁੱਤਰ ਸੁਭਾਸ਼ ਚੰਦ ਡੋਗਰਾ, ਨਿਵਾਸੀ ਪਿੰਡ ਹਰੀਪੁਰ ਡਾਕਖਾਨਾ ਖੇੜਾ ਕਲਮੋਟ ਵੱਲੋਂ ਲੀਜ਼ ’ਤੇ ਲਿਆ ਗਿਆ ਹੈ।

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ :ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸ਼ਿਵਾਲਿਕ ਪਹਾੜੀਆਂ ’ਚ ਗੈ਼ਰਕਾਨੂੰਨੀ ਖਨਨ ਅਤੇ ਪ੍ਰਦੂਸ਼ਣ ਉਲੰਘਣਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਰੂਪਨਗਰ ਜ਼ਿਲ੍ਹੇ ’ਚ ਚੱਲ ਰਹੇ ਸਟੋਨ ਕਰੱਸ਼ਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਰਿਪੋਰਟ ਮੁਤਾਬਕ ਜੰਗਲਾਤ ਅਤੇ ਪਹਾੜੀ ਇਲਾਕਿਆਂ ’ਚ ਗੈ਼ਰਕਾਨੂੰਨੀ ਤਰੀਕੇ ਨਾਲ ਖਨਨ ਕੀਤੀ ਜਾ ਰਹੀ ਸੀ ਅਤੇ ਜ਼ਿਲ੍ਹੇ ’ਚ ਕਈ ਸਟੋਨ ਕਰੱਸ਼ਰ ਪ੍ਰਦੂਸ਼ਣ ਨਾਲ ਸਬੰਧਤ ਹੋਰ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਚੱਲ ਰਹੇ ਸਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੀ ਰਿਪੋਰਟ ’ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਜਾਣਕਾਰੀ ਦਿੱਤੀ ਕਿ 13 ਸਟੋਨ ਕਰੱਸ਼ਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਸੱਤ ਸਾਹਿਬ ਸਟੋਨ ਕਰੱਸ਼ਰ ਐਂਡ ਸਕ੍ਰੀਨਿੰਗ ਪਲਾਂਟ ਜੋ ਕਿ ਪਿੰਡ ਹਰੀਪੁਰ ’ਚ ਸਥਿਤ ਹੈ ਅਤੇ ਸਾਈ ਸਟੋਨ ਕਰੱਸ਼ਰ, ਜੋ ਪਿੰਡ ਸਵਾਰਾ ’ਚ ਹੈ, ਇਹ ਦੋਵੇਂ ਸਟੋਨ ਕਰੱਸ਼ਰ ਇਕ ਮਾਈਨਿੰਗ ਕਿੰਗਪਿਨ ਬਲਜਿੰਦਰ ਸਿੰਘ ਉਰਫ਼ ਅਮਨ, ਪੁੱਤਰ ਸੁਰਿੰਦਰ ਸਿੰਘ ਨਿਊ ਚੰਡੀਗੜ੍ਹ, ਮੋਹਾਲੀ ਵੱਲੋਂ ਚਲਾਏ ਜਾ ਰਹੇ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਬਲਜਿੰਦਰ ਸਿੰਘ ਦੀਆਂ ਵੱਖ-ਵੱਖ ਜਾਇਦਾਦਾਂ ਅਟੈਚ ਕੀਤੀਆਂ ਹਨ ਅਤੇ ਉਸ ਖ਼ਿਲਾਫ਼ ਲਗਭਗ 10 ਫੌਜਦਾਰੀ ਮਾਮਲੇ ਪਹਿਲਾਂ ਹੀ ਦਰਜ ਹਨ। ਵਿਭਾਗ ਵੱਲੋਂ ਸਿੱਧੀ ਵਿਨਾਇਕ ਸਟੋਨ ਕਰੱਸ਼ਰ ਉੱਤੇ 7,25,000 ਦਾ ਮੁਆਵਜ਼ਾ ਵੀ ਲਗਾਇਆ ਗਿਆ ਹੈ, ਜੋ ਕਿ ਜੀਵਨ ਕੁਮਾਰ ਪੁੱਤਰ ਸੁਭਾਸ਼ ਚੰਦ ਡੋਗਰਾ, ਨਿਵਾਸੀ ਪਿੰਡ ਹਰੀਪੁਰ ਡਾਕਖਾਨਾ ਖੇੜਾ ਕਲਮੋਟ ਵੱਲੋਂ ਲੀਜ਼ ’ਤੇ ਲਿਆ ਗਿਆ ਹੈ।
ਇਨ੍ਹਾਂ ’ਤੇ ਹੋਈ ਹੈ ਕਾਰਵਾਈ
ਅਦੇਸ਼ ਸਟੋਨ ਕਰੱਸ਼ਰ ’ਤੇ 6,87,500 ਰੁਪਏ, ਗੰਗਾ ਸਟੋਨ ਕਰੱਸ਼ਰ ’ਤੇ 18.50 ਲੱਖ, ਗਰੇਵਾਲ ਸਟੋਨ ਕਰੱਸ਼ਰ ’ਤੇ 37,500, ਕਲਗੀਧਰ ਸਟੋਨ ਕਰੱਸ਼ਰ ’ਤੇ 18.50 ਲੱਖ ਅਤੇ ਭੱਲਾ ਕੋਨ ਕਰੱਸ਼ਰ’ਤੇ 18,56,250 ਦਾ ਮੁਆਵਜ਼ਾ ਲਗਾਇਆ ਗਿਆ। ਇਸੇ ਤਰ੍ਹਾਂ ਭਾਰਤ ਸਟੋਨ ਕਰੱਸ਼ਰ ਐਂਡ ਸਕ੍ਰੀਨਿੰਗ ਪਲਾਂਟ ’ਤੇ 5,93,750, ਸਾਈ ਸਟੋਨ ਕਰੱਸ਼ਰ ’ਤੇ 11,75,000, ਪੁਰੀ ਸਟੋਨ ਕਰੱਸ਼ਰ ’ਤੇ 54,75,000, ਏਐੱਸ ਬਰਾੜ ਸਟੋਨ ਕਰੱਸ਼ਰ ’ਤੇ 32,43,750, ਨਿਊ ਸਤਲੁਜ ਸਟੋਨ ਕਰੱਸ਼ਰ ਯੂਨਿਟ-1 ’ਤੇ 17,62,500 ਅਤੇ ਪ੍ਰਿਥਵੀ ਸਟੋਨ ਕਰੱਸ਼ਰ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਕੀ ਕਹਿੰਦੇ ਨੇ ਐਕਸੀਅਨ
ਇਸ ਸਬੰਧੀ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਵਿਪਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਸਾਰੇ ਮਾਮਲਿਆਂ ’ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜੁਰਮਾਨੇ ਵਸੂਲਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਮਾਮਲਿਆਂ ’ਚ ਜਿੱਥੇ ਫੌਜਦਾਰੀ ਕਾਰਵਾਈ ਜ਼ਰੂਰੀ ਹੈ, ਉੱਥੇ ਕੀਤੀ ਵੀ ਜਾ ਰਹੀ ਹੈ।
ਕੀ ਕਹਿੰਦੇ ਨੇ ਡੀਐਸਪੀ ਨੰਗਲ
ਇਸ ਸਬੰਧੀ ਜਦੋਂ ਡੀਐਸਪੀ ਨੰਗਲ ਹਰ ਕੀਰਤ ਸਿੰਘ ਪੀਪੀਐਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਮਾਈਨਿੰਗ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਪੱਤਰ ਉਕਤ ਸਟੋਨ ਕਰੈਸ਼ਰਾਂ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਨੂੰ ਜਾਰੀ ਨਹੀਂ ਹੋਇਆ।