ਸਾਰਾ ਭਾਰਤ ਇੱਕ ਹੈ ਤਾਂ ਹਿਮਾਚਲ ਐਂਟਰੀ ਟੈਕਸ ਕਿਉ : ਵਿਧਾਇਕ ਚੱਢਾ
ਜਦੋਂ ਸਾਰਾ ਭਾਰਤ ਇੱਕ ਹੈ ਤਾਂ ਹਿਮਾਚਲ ਐਂਟਰੀ ਟੈਕਸ ਕਿਓਂ : ਵਿਧਾਇਕ ਚੱਢਾ
Publish Date: Mon, 15 Sep 2025 05:18 PM (IST)
Updated Date: Mon, 15 Sep 2025 05:20 PM (IST)

ਐਂਟਰੀ ਟੈਕਸ ਮਾਮਲੇ ’ਚ ਵਿਧਾਇਕ ਨੇ ਹਿਮਾਚਲ ਸਰਕਾਰ ’ਤੇ ਪ੍ਰਸ਼ਾਸ਼ਾਨ ਨੂੰ ਦਿੱਤੀ ਵੱਡੀ ਚੇਤਾਵਨੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਲਗਾਏ ਗਏ ਐਂਟਰੀ ਟੈਕਸ ਮਾਮਲੇ ’ਚ ਸਖਤ ਰਵਈਆ ਅਪਣਾਉਂਦੇ ਹੋਏ ਰੂਪਨਗਰ ਹਲਕੇ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਘਨੋਲੀ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਢੇਰੋਵਾਲ ਟੋਲ ਨਾਕੇ ਦੇ ਨਜ਼ਦੀਕ ਇੱਥੇ ਦੇ ਨੇੜਲੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਪੂਰਾ ਭਾਰਤ ਇੱਕ ਹੈ ਤਾਂ ਹਿਮਾਚਲ ਪ੍ਰਦੇਸ਼ ਵੀ ਭਾਰਤ ਦਾ ਹੀ ਰਾਜ ਹੈ, ਪਰ ਉੱਥੇ ਐਂਟਰੀ ਟੈਕਸ ਦੇ ਨਾਂ ‘ਤੇ ਪੰਜਾਬੀਆਂ ਨੂੰ ਖਾਸ ਤੌਰ ‘ਤੇ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸਨੂੰ “ਅੰਨੀ ਲੁੱਟ” ਕਰਾਰ ਦਿੰਦਿਆਂ ਕਿਹਾ ਕਿ ਹਿਮਾਚਲ ਸਰਕਾਰ ਹਰ ਸਾਲ ਇਸ ਟੈਕਸ 100 ਕਰੋੜ ਰੁਪਏ ਇਕੱਠੇ ਕਰ ਰਹੀ ਹੈ। ਪ੍ਰੰਤੂ ਜੇ ਪੰਜਾਬ ਵਾਲੇ ਪਾਸੇ ਤੋਂ ਐਂਟਰੀ ਟੈਕਸ ਲਗਾ ਦਿੱਤਾ ਗਿਆ, ਤਾਂ ਉਹ ਇਸ ਤੋਂ ਵੀ ਵੱਧ ਰਾਸ਼ੀ ਇਕੱਠਾ ਕਰੇਗੀ। ਵਿਧਾਇਕ ਚੱਢਾ ਨੇ ਦੋਸ਼ ਲਾਇਆ ਕਿ ਹਿਮਾਚਲ ਬਾਰਡਰ ਨਾਲ ਲੱਗਦੇ ਪੰਜਾਬੀ ਪਿੰਡਾਂ ਦੇ ਲੋਕਾਂ ਦਾ ਦਿਨ-ਰਾਤ ਕੰਮਕਾਰ ਹਿਮਾਚਲ ਨਾਲ ਜੁੜਿਆ ਰਹਿੰਦਾ ਹੈ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਵੀ ਛੋਟ ਨਹੀਂ ਦਿੱਤੀ ਜਾਂਦੀ ਤੇ ਹਰ ਰੋਜ਼ ਬਿਨਾਂ ਕਿਸੇ ਤਰੱਕੀਬ ਦੇ ਐਂਟਰੀ ਟੈਕਸ ਵਸੂਲਿਆ ਜਾਂਦਾ ਹੈ। ਕਈ ਵਾਰ ਤਾਂ ਪੰਜਾਬੀ ਯਾਤਰੀਆਂ ਦੀ ਟੈਕਸ ਨਾਕਿਆਂ ‘ਤੇ ਡਿਊਟੀ ਕਰ ਰਹੇ ਕਰਮਚਾਰੀਆਂ ਨਾਲ ਕਹਾਸੁਣੀ ਤੱਕ ਹੋ ਜਾਂਦੀ ਹੈ। ਚੱਢਾ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਉਨ੍ਹਾਂ ਨੇ ਹਿਮਾਚਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਟੋਲ ਦੇ ਨਜ਼ਦੀਕ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਐਂਟਰੀ ਟੈਕਸ ਦੇ ਨਾਂ ’ਤੇ ਖੱਜਲ ਖੁਆਰ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਪਰ ਜੇਕਰ ਹਿਮਾਚਲ ਸਰਕਾਰ ਨੇ ਇਹ ਜਬਰ ਜਾਰੀ ਰੱਖਿਆ ਤਾਂ ਪੰਜਾਬ ਸਰਕਾਰ ਨੂੰ ਵੀ ਮਜਬੂਰ ਹੋ ਕੇ ਕੋਈ ਤਿੱਖਾ ਕਦਮ ਚੁੱਕਣਾ ਪਵੇਗਾ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ “ਜੇਕਰ ਪੰਜਾਬੀ ਭਰਾਵਾਂ ਨੂੰ ਹਰ ਰੋਜ਼ ਐਂਟਰੀ ਟੈਕਸ ਦੇ ਨਾਂ ‘ਤੇ ਖੱਜਲ-ਖੁਆਰ ਕੀਤਾ ਗਿਆ ਤਾਂ ਮੈਂ ਆਪਣੀ ਸਰਕਾਰ ਨੂੰ ਵੀ ਹਿਮਾਚਲ ਤੋਂ ਆਉਣ ਵਾਲਿਆਂ ‘ਤੇ ਪੰਜਾਬ ਐਂਟਰੀ ਟੈਕਸ ਲਗਾਉਣ ਦੀ ਸਿਫਾਰਸ਼ ਕਰਾਂਗਾ।” ਚੱਢਾ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਪੈਸੇ ਦੀ ਵਸੂਲੀ ਨਹੀਂ, ਸਗੋਂ ਦੋ ਰਾਜਾਂ ਵਿਚਕਾਰ ਆਵਾਜਾਈ ਅਤੇ ਆਪਸੀ ਰਿਸ਼ਤਿਆਂ ਨਾਲ ਵੀ ਜੁੜਿਆ ਹੈ। ਜਦੋਂ ਪੂਰਾ ਦੇਸ਼ ਇੱਕ ਸੰਘੀ ਢਾਂਚੇ ਹੇਠ ਕੰਮ ਕਰਦਾ ਹੈ, ਤਾਂ ਕਿਸੇ ਇੱਕ ਰਾਜ ਵੱਲੋਂ ਦੂਜੇ ਰਾਜ ਦੇ ਨਿਵਾਸੀਆਂ ਨੂੰ ਇਸ ਤਰ੍ਹਾਂ ਤੰਗ ਕਰਨਾ ਕਿਸੇ ਵੀ ਰੂਪ ਵਿੱਚ ਠੀਕ ਨਹੀਂ। ਬਾਕਸ ਇੰਨ- ਹਲਕਾ ਵਿਧਾਇਕ ਚੱਢਾ ਨੇ ਅੰਤ ‘ਚ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਵਸੂਲੇ ਜਾ ਰਹੇ ਇਸ ਐਂਟਰੀ ਟੈਕਸ ’ਤੇ ਗੰਭੀਰ ਮਸਲੇ ਨੂੰ ਉਹ ਪੰਜਾਬ ਸਰਕਾਰ ਦੇ ਸਾਹਮਣੇ ਤਕਨੀਕੀ ਅਤੇ ਕਾਨੂੰਨੀ ਪੱਧਰ ‘ਤੇ ਉਠਾਉਣਗੇ ਤਾਂ ਜੋ ਹਿਮਾਚਲ ਸਰਕਾਰ ਨੂੰ ਪੰਜਾਬੀਆਂ ਖ਼ਿਲਾਫ਼ ਭੇਦਭਾਵ ਵਾਲਾ ਰਵੱਈਆ ਛੱਡਣ ‘ਤੇ ਮਜਬੂਰ ਕੀਤਾ ਜਾ ਸਕੇ।