ਹਰਕ੍ਰਿਸ਼ਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਅੰਮ੍ਰਿਤਸਰ ’ਚ ਸਨਮਾਨਿਤ
ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਆਸ਼ਾ ਰਾਣੀ ਦਾ ਚੀਫ ਖਾਲਸਾ ਦੀਵਾਨ ਵੱਲੋਂ ਅੰਮ੍ਰਿਤਸਰ ਵਿਖੇ ਸਨਮਾਨ
Publish Date: Mon, 15 Sep 2025 05:08 PM (IST)
Updated Date: Mon, 15 Sep 2025 05:08 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਉਣ ਅਤੇ ਆਪਣੇ ਸਕੂਲ ਨੂੰ ਤਰੱਕੀ ਦੇ ਰਾਹ ਤੱਕ ਲੈ ਜਾਣ ਲਈ ਚੀਫ ਖਾਲਸਾ ਦੀਵਾਨ ਵੱਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਬੀਬੀ ਮੂਲਾਂ ਦੇਵੀ ਖਾਲਸਾ ਪਬਲਿਕ ਸਕੂਲ), ਸ਼੍ਰੀ ਕੀਰਤਪੁਰ ਸਾਹਿਬ ਦੀ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਨੂੰ ਅੰਮ੍ਰਿਤਸਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮਾਣ-ਸਨਮਾਨ ਨਾਲ ਨਾ ਸਿਰਫ਼ ਸਕੂਲ ਪਰਿਵਾਰ, ਸਗੋਂ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਚੀਫ ਖਾਲਸਾ ਦੀਵਾਨ ਵੱਲੋਂ ਹਰ ਸਾਲ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਲਗਨ, ਮਿਹਨਤ ਅਤੇ ਨਿਸ਼ਠਾ ਨਾਲ ਸਿੱਖਿਆ ਦੇ ਖੇਤਰ ਵਿਚ ਕਾਬਿਲੇ-ਤਾਰੀਫ਼ ਕਾਰਗੁਜ਼ਾਰੀ ਕੀਤੀ ਹੋਵੇ। ਇਸੇ ਲੜੀ ਅਧੀਨ ਇਸ ਵਾਰ ਪ੍ਰਿੰਸੀਪਲ ਆਸ਼ਾ ਰਾਣੀ ਨੂੰ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਅਤੇ ਉੱਚ ਅਧਿਕਾਰੀਆਂ ਵੱਲੋਂ ਸਨਮਾਨ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਿੰਸੀਪਲ ਆਸ਼ਾ ਰਾਣੀ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਨਿੱਜੀ ਸਫਲਤਾ ਨਹੀਂ, ਸਗੋਂ ਪੂਰੇ ਸਕੂਲ ਪਰਿਵਾਰ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਜੀ ਅਤੇ ਦੀਵਾਨ ਦੀ ਸਾਰੀ ਮੈਨੇਜਮੈਂਟ ਦਾ ਤਹਿ-ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਸਨਮਾਨ ਲਈ ਯੋਗ ਸਮਝਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਭਵਿੱਖ ਵਿਚ ਵੀ ਸਿੱਖਿਆ ਦੇ ਖੇਤਰ ਵਿਚ ਪੂਰੀ ਲਗਨ ਅਤੇ ਸਮਰਪਣ ਨਾਲ ਸੇਵਾ ਨਿਭਾਉਂਦੇ ਰਹਿਣਗੇ, ਤਾਂ ਜੋ ਵਿਦਿਆਰਥੀਆਂ ਦਾ ਚਰਿਤਰ ਨਿਰਮਾਣ ਹੋ ਸਕੇ ਅਤੇ ਉਹ ਸਮਾਜ ਵਿਚ ਵਧੀਆ ਨਾਗਰਿਕ ਬਣ ਸਕਣ। ਪ੍ਰਿੰਸੀਪਲ ਆਸ਼ਾ ਰਾਣੀ ਦੇ ਸਨਮਾਨਿਤ ਹੋਣ ਉਪਰੰਤ ਸਕੂਲ ਦੇ ਮੈਂਬਰ ਇੰਚਾਰਜ ਮੈਡਮ ਪ੍ਰਭਜੋਤ ਕੌਰ, ਸਰਦਾਰ ਇੰਦਰਜੀਤ ਸਿੰਘ, ਡਾਇਰੈਕਟਰ ਗੁਰਮਿੰਦਰ ਸਿੰਘ ਭੁੱਲਰ, ਅਮਨਪ੍ਰੀਤ ਕੌਰ (ਉਪ ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ), ਮੈਡਮ ਰੰਜਨਾ ਦੇਵੀ, ਮੈਡਮ ਹਰਪਿੰਦਰ ਕੌਰ, ਮੈਡਮ ਪਰਵਿੰਦਰ ਕੌਰ, ਮੈਡਮ ਪਰਵੀਨ ਕੁਮਾਰੀ, ਮੈਡਮ ਸ਼ਾਲੀਨੀ ਸ਼ਰਮਾ, ਮੈਡਮ ਦੀਪ ਸ਼ਿਖਾ, ਮੈਡਮ ਮਨਜੀਤ ਕੌਰ ਸਮੇਤ ਅਧਿਆਪਕਾਂ , ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਸਭ ਨੇ ਕਿਹਾ ਕਿ ਮੈਡਮ ਆਸ਼ਾ ਰਾਣੀ ਨੇ ਆਪਣੀ ਲਗਨ ਅਤੇ ਸਿੱਖਿਆ ਪ੍ਰਤੀ ਨਿਸ਼ਠਾ ਨਾਲ ਸਕੂਲ ਦੀ ਨਵੀਂ ਪਛਾਣ ਬਣਾਈ ਹੈ।