ਨਗਰ ਕੌਂਸਲ ਦੀ ਸੂਬਾ ਪੱਧਰੀ ਹੜਤਾਲ ਤੀਸਰੇ ਦਿਨ ਵੀ ਜਾਰੀ
ਨਗਰ ਕੌਂਸਲ ਦੀ ਸੂਬਾ ਪੱਧਰੀ ਹੜਤਾਲ ਤੀਸਰੇ ਦਿਨ ਵੀ ਜਾਰੀ
Publish Date: Mon, 15 Sep 2025 05:15 PM (IST)
Updated Date: Mon, 15 Sep 2025 05:17 PM (IST)

ਐਡਵੋਕੇਟ ਪੰਮਾ ਨੇ ਲਗਾਏ ਪੰਜਾਬ ਸਰਕਾਰ ਨੂੰ ਰਗੜੇ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਕੌਂਸਲਾਂ ਕਾਰਪੋਰੇਸ਼ਨਾਂ ਨੂੰ ਦਿੱਲੀ ਦੀ ਇੱਕ ਪਾਰਟੀ ਨੂੰ ਹੀ ਦਿੱਤੇ ਜਾਣ ਦੇ ਵਿਰੋਧ ਦੇ ਵਿਚ ਪੰਜਾਬ ਪੱਧਰ ਦੇ ਚੱਲ ਰਹੇ ਧਰਨੇ ਦੇ ਤਹਿਤ ਨਗਰ ਕੌਂਸਲ ਨੰਗਲ ਦਾ ਧਰਨਾ ਵੀ ਅੱਜ ਤੀਸਰੇ ਦਿਨ ਵਿਚ ਪ੍ਰਵੇਸ਼ ਕਰ ਗਿਆ। ਅੱਜ ਦੇ ਇਸ ਧਰਨੇ ਦੇ ਵਿਚ ਕੌਂਸਲਰ ਸੁਨੀਲ ਕੁਮਾਰ ਅਤੇ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਗਈ। ਇਸ ਮੌਕੇ ’ਤੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੰਨੀ ਸ਼ਹਿਰ ਦੀ ਸੇਵਾ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ, ਉਸ ਹਿਸਾਬ ਦੇ ਨਾਲ ਤੁਹਾਡੀਆਂ ਤਨਖਾਹਾਂ ਨਿਗੁਰੀਆਂ ਹਨ ਅਤੇ ਇਸ ਸਬੰਧੀ ਨਗਰ ਕੌਂਸਲ ਨੰਗਲ ਵੱਲੋਂ ਚੰਡੀਗੜ੍ਹ ਦੇ ਸਿਲ ’ਤੇ ਤੁਹਾਡੀਆਂ ਤਨਖਾਵਾਂ ਵਧਾਉਣ ਦੇ ਲਈ ਇੱਕ ਮਤਾ ਵੀ ਪਾਇਆ ਗਿਆ ਸੀ, ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਉਸਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਉਹਨਾਂ ਨੇ ਕਿਹਾ ਕਿ ਇਹ ਲੜਾਈ ਤੁਹਾਡੀ ਨਹੀਂ ਹੈ, ਇਹ ਪੂਰੇ ਸ਼ਹਿਰ ਦੀ ਲੜਾਈ ਹੈ ਅਤੇ ਇਸਦੇ ਨਾਲ ਇਕੱਲੇ ਠੇਕੇਦਾਰੀ ਸਿਸਟਮ ਖਤਮ ਕਰਨਾ ਜਾਂ ਤਨਖਾਹਾਂ ਵਧਾਉਣਾ ਹੀ ਕੋਈ ਮੁੱਦਾ ਨਹੀਂ ਹੈ। ਸਗੋਂ ਤੁਹਾਨੂੰ ਪੱਕੇ ਕਰਨਾ ਮੰਗ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ 8 ਹਜਾਰ ਮਹੀਨੇ ਵਿਚ ਘਰ ਦਾ ਗੁਜ਼ਾਰਾ ਚਲਾਉਣ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ ਅਤੇ ਜਦੋਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਆਊਟਸੋਰਸ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾ ਕੋਲ ਵੋਟਾਂ ਮੰਗਣ ਆਉਂਦਾ ਹੈ ਤਾਂ ਉਹਨਾਂ ਨੂੰ ਇਹ ਸਵਾਲ ਜਰੂਰ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੀ ਸਰਕਾਰ ਨਿਕੰਮੀ ਸਰਕਾਰ ਨਿਕਲੀ ਹੈ ਅਤੇ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸਭ ਨੂੰ ਪੱਕੇ ਕੀਤਾ ਜਾਵੇਗਾ ਅਤੇ ਪੰਜਾਬ ਦੇ ਵਿਚ ਕੋਈ ਧਰਨਾ ਨਹੀਂ ਲੱਗੇਗਾ, ਪਰ ਹੈਰਾਨੀ ਦੀ ਗੱਲ ਹੈ ਕਿ ਪੱਕੇ ਤਾਂ ਕੀ ਕਰਨਾ ਸੀ ਸਗੋਂ ਭਰਤੀ ਹੀ ਪੰਜਾਬ ਤੋਂ ਬਾਹਰਲੇ ਲੋਕਾਂ ਦੀ ਕੀਤੀ ਜਾ ਰਹੀ ਹੈ ਅਤੇ ਵੱਡੀਆਂ ਵੱਡੀਆਂ ਚੇਅਰਮੈਨੀਆਂ ਵੀ ਦਿੱਲੀ ਦੇ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਹਨ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ । ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਦੇ ਸਮੂਹ ਮੁਲਾਜ਼ਮ ਸਫਾਈ ਸੇਵਕਾਂ ਅਤੇ ਆਊਟਸੋਰਸ ਕਾਮਿਆਂ ਦੀ ਇਸ ਹੜਤਾਲ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ । ਇਸ ਮੌਕੇ ’ਤੇ ਪ੍ਰਧਾਨ ਕੌਸ਼ਲ ਕੁਮਾਰ ਨੇ ਕਿਹਾ ਕੀ ਸੂਬੇ ਭਰ ਵਿਚ ਹੜਤਾਲ ਮੁਕੰਮਲ ਤੌਰ ’ਤੇ ਚੱਲ ਰਹੀ ਹੈ ਅਤੇ ਦਿੱਲੀ ਵਾਲਿਆਂ ਦੀ ਮੁਲਾਜ਼ਮ ਇੱਕ ਨਹੀਂ ਚੱਲਣ ਦੇਣਗੇ। ਉਹਨਾਂ ਨੇ ਕਿਹਾ ਕਿ ਕੱਲ ਲੁਧਿਆਣੇ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਹੋ ਰਹੀ ਹੈ , ਜਿਸ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਵੱਡੇ ਫੈਸਲੇ ਲਏ ਜਾਣਗੇ। ਇਸ ਮੌਕੇ ’ਤੇ ਉਹਨਾਂ ਦੇ ਨਾਲ ਆਸ਼ੀਸ਼ ਕਾਲੀਆ, ਮਨੀਸ਼ ਕੁਮਾਰ , ਰਕੇਸ਼ ਕੁਮਾਰ, ਬੰਟੀ , ਰਵੀ ਰਾਏ , ਲਲਿਤ, ਦੀਪਕ ਕੁਮਾਰ, ਜਸਵਿੰਦਰ ਸਿੰਘ ਬੇਲਾ ਅਤੇ ਦਿਲਦਾਰ ਟੋਨੀ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।