ਭਨੂੰਪਲੀ ਬਾਜ਼ਾਰ ਵਿੱਚ ਲੱਗੀ ਭਿਆਨਕ ਅੱਗ
ਭਨੂੰਪਲੀ ਬਾਜ਼ਾਰ ਵਿੱਚ ਲੱਗੀ ਭਿਆਨਕ ਅੱਗ
Publish Date: Tue, 12 May 2026 05:16 PM (IST)
Updated Date: Tue, 12 May 2026 05:18 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਨੰਗਲ ਦੇ ਨਜ਼ਦੀਕੀ ਕਸਬੇ ਭਨੂੰਪਲੀ ਦੇ ਮੁੱਖ ਬਾਜ਼ਾਰ ਵਿੱਚ ਤੜਕਸਾਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਇਲੈਕਟ੍ਰਿਕ (ਬਿਜਲੀ) ਦੀ ਦੁਕਾਨ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਇੰਨਾ ਰੌਦਰ ਰੂਪ ਧਾਰਨ ਕਰ ਲਿਆ ਕਿ ਇਸ ਨੇ ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਕੁੱਲ ਪੰਜ ਦੁਕਾਨਾਂ (ਹੇਠਲੀਆਂ 3 ਅਤੇ ਉੱਪਰਲੀਆਂ 2) ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ ਹਨ। ਜਾਣਕਾਰੀ ਅਨੁਸਾਰ, ਅੱਗ ਲੱਗਣ ਦੀ ਘਟਨਾ ਸਵੇਰੇ ਕਰੀਬ 5:15 ਵਜੇ ਵਾਪਰੀ। ਇੱਕ ਚਸ਼ਮਦੀਦ ਗੁਆਂਢੀ ਸਤੀਸ਼ ਕੁਮਾਰ ਸੋਨੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਬੇਟੀ ਨੂੰ ਬੱਸ ਅੱਡੇ ਛੱਡਣ ਗਿਆ ਸੀ, ਤਾਂ ਉਸ ਨੂੰ ਪਲਾਸਟਿਕ ਜਲਣ ਦੀ ਤੇਜ਼ ਬਦਬੂ ਆਈ। ਜਦੋਂ ਵਾਪਸ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਜਿਵੇਂ ਹੀ ਸ਼ਟਰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਅੰਦਰ ਗੈਸ ਬਣਨ ਕਾਰਨ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਬਾਹਰ ਨਿਕਲਣ ਲੱਗੀਆਂ। ਪੀੜਤ ਦੁਕਾਨ ਮਾਲਕ ਮਦਨ ਲਾਲ ਨੇ ਦੱਸਿਆ ਕਿ ਇਹ ਤਿੰਨੋਂ ਦੁਕਾਨਾਂ ਉਹਨਾਂ ਦੀਆਂ ਹੀ ਸਨ ਅਤੇ ਉੱਪਰ ਵਾਲੀਆਂ ਦੋ ਦੁਕਾਨਾਂ ਤੱਕ ਵੀ ਅੱਗ ਪਹੁੰਚ ਗਈ। ਉਹਨਾਂ ਦੱਸਿਆ ਕਿ ਦੁਕਾਨਾਂ ਦੇ ਲੈਂਟਰ ਤੱਕ ਡਿੱਗ ਚੁੱਕੇ ਹਨ ਅਤੇ ਅੰਦਰ ਰੱਖਿਆ ਲੱਖਾਂ-ਕਰੋੜਾਂ ਰੁਪਏ ਦਾ ਸਟਾਕ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਹੈ। ਮਾਲਕ ਅਨੁਸਾਰ ਇਸ ਅਗਨੀਕਾਂਡ ਵਿੱਚ ਉਹਨਾਂ ਦਾ ਕਰੀਬ 1 ਤੋਂ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਅੱਗ ਕਾਫੀ ਭਿਆਨਕ ਸੀ ਅਤੇ ਦੁਕਾਨਾਂ ਦੇ ਅੰਦਰ ਪਏ ਬਿਜਲੀ ਦੇ ਸਮਾਨ ਕਾਰਨ ਲਗਾਤਾਰ ਫੈਲ ਰਹੀ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫੀ ਸਮੇਂ ਤੱਕ ਬੜੀ ਮੁਸ਼ੱਕਤ ਕੀਤੀ ਅਤੇ ਸਖ਼ਤ ਜੱਦੋ-ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੀ ਇਸ ਕਾਰਵਾਈ ਸਦਕਾ ਅੱਗ ਨੂੰ ਬਾਕੀ ਬਾਜ਼ਾਰ ਵਿੱਚ ਫੈਲਣ ਤੋਂ ਰੋਕ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ।