ਨਗਰ ਪੰਚਾਇਤ ਚੋਣਾਂ ’ਚ ਵਾਰਡ ਰਿਜ਼ਰਵੇਸ਼ਨ ਨੂੰ ਲੈ ਕੇ ਕਿਤੇ ਖੁਸ਼ੀ ਕਿਤੇ ਗਮ
ਕੀਰਤਪੁਰ ਸਾਹਿਬ ਨਗਰ ਪੰਚਾਇਤ ਚੋਣਾਂ: ਵਾਰਡ ਰਿਜ਼ਰਵੇਸ਼ਨ ਨੂੰ ਲੈ ਕੇ ਕਿਤੇ ਖੁਸ਼ੀ ਕਿਤੇ ਗਮ
Publish Date: Fri, 17 Apr 2026 05:11 PM (IST)
Updated Date: Fri, 17 Apr 2026 05:12 PM (IST)

ਸਟਾਫ ਰਿਪੋਰਟਰ , ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਵਾਰਡਬੰਦੀ ਅਤੇ ਵਾਰਡ ਰਿਜ਼ਰਵੇਸ਼ਨ ਸਬੰਧੀ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਫੈਸਲੇ ਤੋਂ ਬਾਅਦ ਕੀਰਤਪੁਰ ਸਾਹਿਬ ਸ਼ਹਿਰ ਅੰਦਰ ਸਿਆਸੀ ਗਤੀਵਿਧੀਆਂ ਵਿੱਚ ਕਾਫੀ ਤੇਜ਼ੀ ਆ ਗਈ ਹੈ। ਜਿੱਥੇ ਇੱਕ ਪਾਸੇ ਕੁਝ ਵਰਗਾਂ ਵਿੱਚ ਇਸ ਨਵੀਂ ਵਾਰਡਬੰਦੀ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਦੂਜੇ ਪਾਸੇ ਕਈ ਉਮੀਦਵਾਰਾਂ ਅਤੇ ਆਗੂਆਂ ਦੀਆਂ ਉਮੀਦਾਂ ਉੱਤੇ ਪਾਣੀ ਫਿਰਦਾ ਵੀ ਸਪੱਸ਼ਟ ਤੌਰ ‘ਤੇ ਨਜ਼ਰ ਆ ਰਿਹਾ ਹੈ। ਇਸ ਸਬੰਧ ਵਿੱਚ ਕੱਲ੍ਹ ਤੋਂ ਹੀ ਸ਼ੋਸ਼ਲ ਮੀਡੀਆ ਉੱਤੇ ਕੀਰਤਪੁਰ ਸਾਹਿਬ ਦੀ ਵਾਰਡਬੰਦੀ ਅਤੇ ਰਾਖਵਾਂਕਰਨ ਸਬੰਧੀ ਜਾਣਕਾਰੀ ਵਾਇਰਲ ਹੋਣ ਲੱਗੀ, ਜਿਸ ਨਾਲ ਸਿਆਸੀ ਮਾਹੌਲ ਹੋਰ ਵੀ ਗਰਮ ਹੋ ਗਿਆ। ਹਰ ਪਾਰਟੀ ਦੇ ਆਗੂ ਅਤੇ ਵਰਕਰ ਆਪਣੇ-ਆਪਣੇ ਤਰੀਕੇ ਨਾਲ ਇਸ ਨੂੰ ਲੈ ਕੇ ਚਰਚਾ ਕਰ ਰਹੇ ਹਨ ਅਤੇ ਅਗਲੀ ਰਣਨੀਤੀ ਤਿਆਰ ਕਰਨ ਵਿੱਚ ਜੁਟੇ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਕੀਰਤਪੁਰ ਸਾਹਿਬ ਮਿਊਂਸੀਪਲ ਕੌਂਸਲ ਚੋਣਾਂ ਲਈ ਵਾਰਡਾਂ ਦਾ ਰਾਖਵਾਂਕਰਨ ਇਸ ਪ੍ਰਕਾਰ ਹੈ: ਵਾਰਡ ਨੰਬਰ 7 ਅਨੁਸੂਚਿਤ ਜਾਤੀ ਲਈ ਰਾਖਵਾਂ ਕੀਤਾ ਗਿਆ ਹੈ, ਜਦਕਿ ਵਾਰਡ ਨੰਬਰ 8 ਅਤੇ 10 ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੇਂ ਹਨ। ਵਾਰਡ ਨੰਬਰ 9 ਪਿਛੜੇ ਵਰਗ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 2, 4 ਅਤੇ 6 ਔਰਤਾਂ ਲਈ ਰਾਖਵੇਂ ਹਨ, ਜਦਕਿ ਵਾਰਡ ਨੰਬਰ 1, 3, 5 ਅਤੇ 11 ਆਮ ਵਰਗ ਲਈ ਨਿਰਧਾਰਿਤ ਕੀਤੇ ਗਏ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਈ ਆਗੂ ਆਪਣੇ-ਆਪਣੇ ਵਾਰਡਾਂ ਵਿੱਚ ਪਹਿਲਾਂ ਹੀ ਮੀਟਿੰਗਾਂ ਅਤੇ ਚੋਣੀ ਤਿਆਰੀਆਂ ਸ਼ੁਰੂ ਕਰ ਚੁੱਕੇ ਸਨ। ਉਹ ਲੋਕਾਂ ਨਾਲ ਸੰਪਰਕ ਮੁਹਿੰਮ ਚਲਾ ਰਹੇ ਸਨ, ਪਰ ਨਵੀਂ ਰਿਜ਼ਰਵੇਸ਼ਨ ਲਿਸਟ ਜਾਰੀ ਹੋਣ ਨਾਲ ਉਨ੍ਹਾਂ ਦੀ ਰਾਜਨੀਤਿਕ ਯੋਜਨਾ ਨੂੰ ਵੱਡਾ ਝਟਕਾ ਲੱਗਿਆ ਹੈ। ਕਈਆਂ ਨੂੰ ਆਪਣੀ ਸਿਆਸੀ ਦਿਸ਼ਾ ਬਦਲਣੀ ਪੈ ਰਹੀ ਹੈ ਅਤੇ ਨਵੀਆਂ ਯੋਜਨਾਵਾਂ ‘ਤੇ ਕੰਮ ਕਰਨਾ ਪੈ ਰਿਹਾ ਹੈ। ਲੋਕਾਂ ਵਿੱਚ ਇਹ ਚਰਚਾ ਜੋਰਾਂ ‘ਤੇ ਹੈ ਕਿ ਕੀ ਇਸ ਵਾਰਡਬੰਦੀ ਵਿੱਚ ਕੋਈ ਤਬਦੀਲੀ ਕੀਤੀ ਜਾਵੇਗੀ ਜਾਂ ਨਹੀਂ। ਦੂਜੇ ਪਾਸੇ ਕੁਝ ਆਗੂ ਅਤੇ ਵਰਕਰ ਇਸ ਵਾਰਡਬੰਦੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਾਰਡਬੰਦੀ ਨਾਲ ਉਨ੍ਹਾਂ ਨੂੰ ਕੋਈ ਵੱਡਾ ਫਰਕ ਨਹੀਂ ਪੈਂਦਾ, ਕਿਉਂਕਿ ਉਹ ਲੰਮੇ ਸਮੇਂ ਤੋਂ ਲੋਕਾਂ ਦੇ ਵਿਚ ਰਹਿ ਕੇ ਸੇਵਾ ਕਰਦੇ ਆ ਰਹੇ ਹਨ ਅਤੇ ਆਪਣੇ ਕੀਤੇ ਕੰਮਾਂ ਦੇ ਆਧਾਰ ‘ਤੇ ਇਸ ਵਾਰ ਵੀ ਲੋਕਾਂ ਦਾ ਸਮਰਥਨ ਹਾਸਲ ਕਰਨ ਦੇ ਦਾਅਵੇ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਾਲ 2021 ਵਿੱਚ ਕੀਰਤਪੁਰ ਸਾਹਿਬ ਨਗਰ ਪੰਚਾਇਤ ਦੀਆਂ ਪਹਿਲੀਆਂ ਚੋਣਾਂ ਹੋਈਆਂ ਸਨ, ਜਿਨ੍ਹਾਂ ਵਿੱਚ ਇੱਕ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਦਰਜ ਨਹੀਂ ਕਰ ਸਕਿਆ ਸੀ। ਉਸ ਵੇਲੇ 11 ਵਿੱਚੋਂ 9 ਵਾਰਡਾਂ ‘ਤੇ ਕਾਂਗਰਸ ਨਾਲ ਸੰਬੰਧਿਤ ਮੈਂਬਰ ਜਿੱਤੇ ਸਨ, ਜਦਕਿ ਇੱਕ ਵਾਰਡ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਇੱਕ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਮੈਂਬਰ ਚੁਣੇ ਗਏ ਸਨ। ਇਸ ਕਰਕੇ ਮੌਜੂਦਾ ਸਿਆਸੀ ਬਾਜ਼ਾਰ ਵਿੱਚ ਇਹ ਚਰਚਾ ਵੀ ਕਾਫੀ ਤੇਜ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀ ਕਮਾਨ ਕਿਸ ਪਾਰਟੀ ਦੇ ਹੱਥ ਵਿੱਚ ਜਾਵੇਗੀ ਅਤੇ ਪ੍ਰਧਾਨ ਕੌਣ ਬਣੇਗਾ। ਇਸ ਤੋਂ ਇਲਾਵਾ ਪਿਛਲੀਆਂ ਚੋਣਾਂ ਦੌਰਾਨ ਵਾਰਡਾਂ ਦੀ ਰਿਜ਼ਰਵੇਸ਼ਨ ਪ੍ਰਕਿਰਿਆ ਮੌਜੂਦਾ ਸਮੇਂ ਨਾਲੋਂ ਵੱਖਰੀ ਸੀ, ਜਦਕਿ ਇਸ ਵਾਰ ਵਾਰਡਬੰਦੀ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਕਾਰਨ ਪਹਿਲਾਂ ਚੁਣੇ ਗਏ ਕਈ ਐਮਸੀ ਵੀ ਸਿਆਸੀ ਤੌਰ ‘ਤੇ ਅਸਮੰਜਸ ਵਿੱਚ ਦਿਖਾਈ ਦੇ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪੁਰਾਣੇ ਵਾਰਡ ਹੁਣ ਨਵੀਂ ਰਿਜ਼ਰਵੇਸ਼ਨ ਵਿੱਚ ਬਦਲ ਚੁੱਕੇ ਹਨ। ਮੌਜੂਦਾ ਹਾਲਾਤਾਂ ਵਿੱਚ ਇਹ ਸਪੱਸ਼ਟ ਹੈ ਕਿ ਕੀਰਤਪੁਰ ਸਾਹਿਬ ਵਿੱਚ ਚੋਣੀ ਮਾਹੌਲ ਦਿਨੋਂ-ਦਿਨ ਗਰਮ ਹੁੰਦਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਮੇਂ ਦੇ ਨਾਲ ਸ਼ਹਿਰ ਦੀ ਕਮਾਨ ਕਿਸ ਦੇ ਹੱਥ ਵਿੱਚ ਜਾਂਦੀ ਹੈ ਅਤੇ ਕੌਣ ਸਿਆਸੀ ਮੈਦਾਨ ਵਿੱਚ ਆਪਣੀ ਪਕੜ ਮਜ਼ਬੂਤ ਕਰਦਾ ਹੈ। ਇਹ ਚੋਣਾਂ ਨਿਸ਼ਚਿਤ ਤੌਰ ‘ਤੇ ਕਾਫੀ ਦਿਲਚਸਪ ਅਤੇ ਟੱਕਰਦਾਰ ਸਾਬਤ ਹੋਣਗੀਆਂ।