ਭਿਆਨਕ ਸੜਕ ਹਾਦਸਾ: ਬੱਜਰੀ ਨਾਲ ਭਰਿਆ ਓਵਰਲੋਡ ਟਿੱਪਰ ਪਲਟਿਆ, ਘੰਟੇ ਦੀ ਮੁਸ਼ੱਕਤ ਮਗਰੋਂ ਕੈਬਿਨ 'ਚ ਫਸਿਆ ਡਰਾਈਵਰ ਕੱਢਿਆ ਬਾਹਰ
ਜ਼ਖ਼ਮੀ ਹਾਲਤ ਵਿੱਚ ਡਰਾਈਵਰ ਨੂੰ ਐਬੂਲੈਂਸ ਦੀ ਮਦਦ ਨਾਲ ਇਲਾਜ ਲਈ ਸ਼੍ਰੀ ਅਨੰਦਪੁਰ ਸਾਹਿਬ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮਹਿੰਦਰਾ ਕੰਪਨੀ ਦਾ 12 ਟਾਇਰਾ ਟਿੱਪਰ ਨੰਬਰ ਐਚ,ਪੀ 80 ਬੀ 9737 ਜੋ ਕਿ ਬੱਜਰੀ ਦਾ ਓਵਰਲੋਡ ਸੀ ਹਿਮਾਚਲ ਪ੍ਰਦੇਸ਼ ਤੋਂ ਜ਼ੀਰਕਪੁਰ ਜਾ ਰਿਹਾ ਸੀ।
Publish Date: Thu, 12 Mar 2026 12:33 PM (IST)
Updated Date: Thu, 12 Mar 2026 12:35 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਅੱਜ ਸਵੇਰੇ ਕਰੀਬ 9 ਵਜੇ ਸ੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ 'ਤੇ ਪਤਾਲਪੁਰੀ ਚੌਂਕ ਨਜ਼ਦੀਕ ਇਕ ਓਵਰਲੋਡ ਬੱਜਰੀ ਦਾ ਭਰਿਆ ਟਿੱਪਰ ਸੜਕ ਵਿਚਕਾਰ ਪਲਟ ਗਿਆ, ਜਿਸ ਕਾਰਨ ਡਰਾਈਵਰ ਕੇਵਿਨ ਦੇ ਅੰਦਰ ਦੱਬ ਗਿਆ। ਮੌਕੇ 'ਤੇ ਇਕੱਤਰ ਹੋਏ ਲੋਕਾਂ ਵੱਲੋਂ ਬੜੀ ਜਦੋ-ਜਹਿਦ ਨਾਲ ਹਾਈਡਰੇਅ ਮਸ਼ੀਨਾਂ ਮੰਗਵਾ ਕੇ ਡਰਾਈਵਰ ਨੂੰ ਇੱਕ ਘੰਟੇ ਮਗਰੋਂ ਬਾਹਰ ਕੱਢਿਆ ਗਿਆ। ਜ਼ਖ਼ਮੀ ਹਾਲਤ ਵਿੱਚ ਡਰਾਈਵਰ ਨੂੰ ਐਬੂਲੈਂਸ ਦੀ ਮਦਦ ਨਾਲ ਇਲਾਜ ਲਈ ਸ਼੍ਰੀ ਅਨੰਦਪੁਰ ਸਾਹਿਬ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮਹਿੰਦਰਾ ਕੰਪਨੀ ਦਾ 12 ਟਾਇਰਾ ਟਿੱਪਰ ਨੰਬਰ ਐਚ,ਪੀ 80 ਬੀ 9737 ਜੋ ਕਿ ਬੱਜਰੀ ਦਾ ਓਵਰਲੋਡ ਸੀ ਹਿਮਾਚਲ ਪ੍ਰਦੇਸ਼ ਤੋਂ ਜ਼ੀਰਕਪੁਰ ਜਾ ਰਿਹਾ ਸੀ। ਜਦੋਂ ਇਹ ਟਿੱਪਰ ਸ੍ਰੀ ਕੀਰਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ ਨਜ਼ਦੀਕ ਪਹੁੰਚਿਆ ਤਾਂ ਤੇਜ ਰਫਤਾਰ ਅਤੇ ਓਵਰਲੋਡ ਹੋਣ ਕਾਰਨ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਿਆ ਅਤੇ ਸੜਕ ਦੇ ਵਿਚਕਾਰ ਪਲਟ ਗਿਆ। ਟਿੱਪਰ ਪਲਟਨ ਕਾਰਨ ਸੜਕ 'ਤੇ ਭਾਰੀ ਜਾਮ ਲੱਗ ਗਿਆ, ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਅਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਹਾਈਡਰੇਅ ਮਸ਼ੀਨਾਂ ਮੰਗਵਾ ਕੇ ਡਰਾਈਵਰ ਨੂੰ ਟਿੱਪਰ ਥੱਲਿਓਂ ਕੱਢਿਆ ਗਿਆ। ਚੰਗੀ ਗੱਲ ਇਹ ਰਹੀ ਕਿ ਕੋਈ ਹੋਰ ਵਾਹਨ ਜਾਂ ਪੈਦਲ ਚੱਲਣ ਵਾਲੇ ਰਾਹਗੀਰ ਇਸ ਦੀ ਲਪੇਟ ਵਿੱਚ ਨਹੀਂ ਆਇਆ। ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਓਵਰਲੋਡ ਪਹਿਲਾਂ ਵੀ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਓਵਰਲੋਡ 'ਤੇ ਨਕੇਲ ਕੱਸੇ ਤਾਂ ਜੋ ਕੋਈ ਵੱਡਾ ਭਿਆਨਕ ਹਾਦਸਾ ਨਾ ਵਾਪਰੇ।