- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸੰਸਥਾ ਦੇ ਮੁੱਖੀ ਐਸਪੀ ਸਿੰਘ ਓਬਰਾਏ ਨਾਲ ਪੰਜਾਬੀ ਜਾਗਰਣ ਵੱਲੋਂ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਆਸਪਾਸ ਦੇ ਪੱਛੜੇ ਇਲਾਕਿਆਂ ’ਚ ਗ਼ਰੀਬੀ ਕਾਰਨ ਕਈ ਬੱਚੇ 12ਵੀਂ ਜਮਾਤ ਤੋਂ ਬਾਅਦ ਅੱਗੇ ਪੜ੍ਹਾਈ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਆਮਦਨ ਦੇ ਸਾਧਨ ਨਾ ਹੋਣ ਕਰਕੇ ਇਹ ਬੱਚੇ ਘਰ ਬੈਠਣ ਲਈ ਮਜਬੂਰ ਹੋ ਜਾਂਦੇ ਹਨ।

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਸੇਵਾ ’ਚ ਹਾਜ਼ਰ ਸਰਬੱਤ ਦਾ ਭਲਾ ਟਰੱਸਟ ਅਤੇ ਸਨੀ ਉਬਰਾਏ ਫਾਊਂਡੇਸ਼ਨ ਵੱਲੋਂ ਸਮਾਜ ਦੇ ਭਲੇ ਲਈ ਅਨੇਕਾਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਸੰਸਥਾ ਦੇ ਮੁੱਖੀ ਐਸਪੀ ਸਿੰਘ ਓਬਰਾਏ ਨਾਲ ਪੰਜਾਬੀ ਜਾਗਰਣ ਵੱਲੋਂ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਆਸਪਾਸ ਦੇ ਪੱਛੜੇ ਇਲਾਕਿਆਂ ’ਚ ਗ਼ਰੀਬੀ ਕਾਰਨ ਕਈ ਬੱਚੇ 12ਵੀਂ ਜਮਾਤ ਤੋਂ ਬਾਅਦ ਅੱਗੇ ਪੜ੍ਹਾਈ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਆਮਦਨ ਦੇ ਸਾਧਨ ਨਾ ਹੋਣ ਕਰਕੇ ਇਹ ਬੱਚੇ ਘਰ ਬੈਠਣ ਲਈ ਮਜਬੂਰ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਟਰੱਸਟ ਨੇ ਫੈਸਲਾ ਕੀਤਾ ਕਿ ਇੱਥੇ ਇਕ ਅਜਿਹੀ ਯੂਨੀਵਰਸਟੀ ਸਥਾਪਿਤ ਕੀਤੀ ਜਾਵੇ ਜੋ ਲੋੜਵੰਦ ਬੱਚਿਆਂ ਦੀ ਬਾਂਹ ਫੜ ਸਕੇ। ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਅਤੇ ਪਹਿਲੀ ਵਾਰ ਦਾਖਲੇ ਖੋਲ੍ਹੇ ਗਏ ਤਾਂ ਅੱਧੇ ਘੰਟੇ ਦੇ ਅੰਦਰ ਹੀ ਸੀਟਾਂ ਭਰ ਗਈਆਂ। ਬਣਾਈ ਗਈ ਪ੍ਰਣਾਲੀ ਮੁਤਾਬਕ ਹਰ ਸਮੈਸਟਰ ’ਚ 200 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ ਅਤੇ ਅਗਲੇ ਹਰ ਸਮੈਸਟਰ ਤੋਂ ਬਾਅਦ ਨਵੇਂ 200 ਬੱਚਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਐੱਸਪੀ ਸਿੰਘ ਓਬਰਾਏ ਨੇ ਸਪਸ਼ਟ ਕੀਤਾ ਕਿ ਇੱਥੇ ਵਿਦਿਆਰਥੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਂਦੀ। ਪੜ੍ਹਾਈ, ਰਹਿਣ-ਸਹਿਣ, ਹੋਸਟਲ ਅਤੇ ਹੋਰ ਸਾਰੇ ਖਰਚੇ ਟਰਸਟ ਵੱਲੋਂ ਭਰੇ ਜਾਂਦੇ ਹਨ। ਯੂਨੀਵਰਸਿਟੀਆਂ ਵਿਚ ਜਮ੍ਹਾ ਹੋਣ ਵਾਲੀਆਂ ਫੀਸਾਂ ਵੀ ਟਰਸਟ ਵੱਲੋਂ ਅਦਾ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਬੱਚਿਆਂ ਨੂੰ ਅਜਿਹੀ ਉੱਚ ਸਿੱਖਿਆ ਦੇਣਾ ਹੈ ਜੋ ਉਨ੍ਹਾਂ ਨੂੰ ਵਧੀਆ ਨੌਕਰੀਆਂ ਲਈ ਯੋਗ ਬਣਾਵੇ ਅਤੇ ਉਹ ਆਪਣੇ ਪੈਰਾਂ ‘ਤੇ ਖੜੇ ਹੋ ਸਕਣ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਹਰ ਸਾਲ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾਵੇਗੀ ਅਤੇ ਪੰਜ ਸਾਲਾਂ ਵਿਚ ਕਰੀਬ 5 ਹਜ਼ਾਰ ਵਿਦਿਆਰਥੀ ਇਸ ਪ੍ਰਣਾਲੀ ਦਾ ਹਿੱਸਾ ਹੋਣਗੇ। ਇਨ੍ਹਾਂ ਸਭ ਨੂੰ ਮੁਫ਼ਤ ਸਿੱਖਿਆ ਦੇ ਕੇ ਸਮਾਜ ਵਿਚ ਸਥਾਪਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਵਿਸ਼ੇਸ਼ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਪੂਰੀ ਜਾਂਚ-ਪੜਤਾਲ ਤੋਂ ਬਾਅਦ ਹੀ ਦਾਖਲਾ ਦਿੰਦੀਆਂ ਹਨ। ਕੇਵਲ ਉਹੀ ਵਿਦਿਆਰਥੀ ਚੁਣੇ ਜਾਂਦੇ ਹਨ ਜੋ ਆਰਥਿਕ ਤੌਰ ’ਤੇ ਕਮਜ਼ੋਰ ਹਨ ਅਤੇ ਸੱਚਮੁੱਚ ਪੜ੍ਹਨਾ ਚਾਹੁੰਦੇ ਹਨ। ਉਨ੍ਹਾਂ ਨੇ ਸਖ਼ਤੀ ਨਾਲ ਕਿਹਾ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਸਿਫਾਰਸ਼ ਨਹੀਂ ਚੱਲਦੀ ਅਤੇ ਨਾ ਹੀ ਚੱਲੇਗੀ। ਇਹ ਯੂਨੀਵਰਸਟੀ ਕੇਵਲ ਲੋੜਵੰਦਾਂ ਲਈ ਹੈ।
ਇਸ ਮੌਕੇ ਵਾਈਸ ਚਾਂਸਲਰ ਡਾਕਟਰ ਸਰਬਜਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਟੀ ਲਈ 10 ਏਕੜ ਜ਼ਮੀਨ ਦੀ ਲੋੜ ਸੀ ਪਰ ਇਸ ਵੇਲੇ 17 ਏਕੜ ਜ਼ਮੀਨ ਉਪਲਬਧ ਹੈ ਅਤੇ ਭਵਿੱਖ ਵਿਚ ਇਸਨੂੰ 30 ਏਕੜ ਤੱਕ ਵਧਾਉਣ ਦੀ ਯੋਜਨਾ ਹੈ ਤਾਂ ਜੋ ਸੰਸਾਰ ਪੱਧਰ ਦੀ ਯੂਨੀਵਰਸਟੀ ਤਿਆਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਟੀਮ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪ ਦੀਆਂ ਯੂਨੀਵਰਸਿਟੀਆਂ ਦਾ ਸਰਵੇ ਕਰ ਚੁੱਕੀ ਹੈ ਅਤੇ ਉੱਥੇ ਦੇ ਮਿਆਰੀ ਮਾਡਲ ਨੂੰ ਇੱਥੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ 16 ਪ੍ਰਸਿੱਧ ਕੋਰਸ ਚੱਲ ਰਹੇ ਹਨ ਜੋ ਰੋਜ਼ਗਾਰ ਦੇ ਹਿਸਾਬ ਨਾਲ ਕਾਫੀ ਮੰਗ ਵਿਚ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਸਿੱਖਾਂ ਬਾਰੇ ਇਹ ਧਾਰਨਾ ਬਣਾਈ ਜਾਂਦੀ ਹੈ ਕਿ ਉਹ ਕੇਵਲ ਲੰਗਰ ਹੀ ਲਗਾਉਂਦੇ ਹਨ, ਪਰ ਇਸ ਯੂਨੀਵਰਸਟੀ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਸਮਾਜ ਬੱਚਿਆਂ ਲਈ ਸਿੱਖਿਆ ਦਾ ਲੰਗਰ ਵੀ ਲਗਾ ਸਕਦਾ ਹੈ। ਇੱਥੇ ਜਾਤ-ਪਾਤ, ਰੰਗ, ਨਸਲ ਜਾਂ ਧਰਮ ਦੇ ਕਿਸੇ ਵੀ ਭੇਦਭਾਵ ਤੋਂ ਉੱਪਰ ਉੱਠ ਕੇ ਸਿਰਫ਼ ਲੋੜਵੰਦਾਂ ਨੂੰ ਹੀ ਵਿਦਿਆ ਦਿੱਤੀ ਜਾਵੇਗੀ।
ਆਧੁਨਿਕ ਲੈਬੋਰੇਟਰੀ ਦੀ ਕੀਤੀ ਸਥਾਪਨਾ
ਇਲਾਕੇ ਦੀ ਲੋੜ ਨੂੰ ਦੇਖਦੇ ਹੋਏ ਇੱਕ ਆਧੁਨਿਕ ਲੈਬੋਰੇਟਰੀ ਦੀ ਸਥਾਪਨਾ ਕੀਤੀ ਗਈ ਹੈ ਜਿੱਥੇ ਹਰ ਤਰ੍ਹਾਂ ਦੇ ਟੈਸਟ ਬਹੁਤ ਹੀ ਨਾਮਾਤਰ ਖਰਚ ‘ਤੇ ਕੀਤੇ ਜਾਣਗੇ। ਕੁਝ ਵਿਸ਼ੇਸ਼ ਟੈਸਟਾਂ ਦੀਆਂ ਰਿਪੋਰਟਾਂ ਚੰਡੀਗੜ੍ਹ, ਦਿੱਲੀ ਅਤੇ ਮੁੰਬਈ ਤੋਂ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਉਹ ਵੀ ਘੱਟ ਲਾਗਤ ‘ਤੇ ਉਪਲਬਧ ਹੋਣਗੀਆਂ। ਲੈਬ ਲਈ ਲੋੜੀਂਦਾ ਸਾਜੋ-ਸਮਾਨ ਪਹੁੰਚ ਚੁੱਕਾ ਹੈ ਅਤੇ ਜਲਦ ਹੀ ਇਸਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਯੂਨੀਵਰਸਟੀ ਡੀਨ ਭੁਪਿੰਦਰ ਕੌਰ ਵੀ ਹਾਜ਼ਰ ਸਨ।