ਦਰਿੰਦਗੀ ਦੀਆਂ ਹੱਦਾਂ ਪਾਰ: ਮਾਨਸਿਕ ਤੌਰ 'ਤੇ ਅਸਮਰੱਥ ਮਹਿਲਾ ਨਾਲ ਜਬਰ-ਜਨਾਹ, ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਐਸਪੀਡੀ ਦੀ ਅਗਵਾਈ ਹੇਠ ਡੀਐਸਪੀ ਜਸ਼ਨਦੀਪ ਸਿੰਘ, ਇੰਸਪੈਕਟਰ ਦਾਨਿਸ਼ਵੀਰ ਸਿੰਘ ਅਤੇ ਏਐਸਆਈ ਜਸਮੇਰ ਸਿੰਘ ਦੀਆਂ ਟੀਮਾਂ ਨੇ ਹਿਊਮਨ ਅਤੇ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਮਾਮਲੇ ਦਾ ਖੁਲਾਸਾ ਕਰਦਿਆਂ ਦੋਸ਼ੀ ਅਨਿਲ ਸ਼ਰਮਾ ਪੁੱਤਰ ਤੇਲੂ ਉਪਾਧਨ ਨੂੰ ਕਾਬੂ ਕੀਤਾ।
Publish Date: Thu, 15 Jan 2026 02:11 PM (IST)
Updated Date: Thu, 15 Jan 2026 02:20 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਮਾਨਸਿਕ ਤੌਰ 'ਤੇ ਅਸਮਰੱਥ ਮਹਿਲਾ ਨਾਲ ਹੋਏ ਜਬਰ- ਜਨਾਹ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਵੱਲੋਂ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਅੱਜ ਡੀਐਸਪੀ ਜਸ਼ਨਦੀਪ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਮਿਤੀ 19 ਦਸੰਬਰ 2025 ਨੂੰ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਮਹਿਲਾ ਨਾਲ ਜਬਰ ਜਨਾਹ ਦੀ ਘਟਨਾ ਵਾਪਰੀ ਹੈ। ਇਹ ਘਟਨਾ ਫੌਜੀ ਪੁਲ ਨੇੜੇ ਦਸਮੇਸ਼ ਅਕੈਡਮੀ ਦੇ ਇਲਾਕੇ ਵਿੱਚ ਵਾਪਰੀ। ਸੂਚਨਾ ਮਿਲਦੇ ਹੀ ਥਾਣਾ ਅਨੰਦਪੁਰ ਸਾਹਿਬ ਵਿੱਚ ਐਫਆਈਆਰ ਨੰਬਰ 203/225 ਅਧੀਨ ਸੈਕਸ਼ਨ 64(2), 127(2)(B) ਐਨਐਸ ਤਹਿਤ ਦਰਜ ਕੀਤੀ ਗਈ।
ਡੀਐਸਪੀ ਨੇ ਦੱਸਿਆ ਕਿ ਵਿਕਟਿਮ 50% ਮਾਨਸਿਕ ਤੌਰ ‘ਤੇ ਅਸਮਰੱਥ ਹੈ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਨਾਲ ਸੰਬੰਧਤ ਸਪੈਸ਼ਲ ਸੈਕਸ਼ਨ ਵੀ ਐਫਆਈਆਰ ਵਿੱਚ ਸ਼ਾਮਲ ਕੀਤੀਆਂ ਗਈਆਂ। ਡੀਜੀਪੀ ਅਤੇ ਐਸਐਸਪੀ ਵੱਲੋਂ ਹਰ ਅਪਰਾਧ ਨੂੰ ਤਰਕਸੰਗਤ ਅੰਤ ਤੱਕ ਪਹੁੰਚਾਉਣ ਬਾਰੇ ਦਿੱਤੀਆਂ ਗਈਆਂ ਹਿਦਾਇਤਾਂ ਮੁਤਾਬਕ ਤੁਰੰਤ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ।
ਐਸਪੀਡੀ ਦੀ ਅਗਵਾਈ ਹੇਠ ਡੀਐਸਪੀ ਜਸ਼ਨਦੀਪ ਸਿੰਘ, ਇੰਸਪੈਕਟਰ ਦਾਨਿਸ਼ਵੀਰ ਸਿੰਘ ਅਤੇ ਏਐਸਆਈ ਜਸਮੇਰ ਸਿੰਘ ਦੀਆਂ ਟੀਮਾਂ ਨੇ ਹਿਊਮਨ ਅਤੇ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਮਾਮਲੇ ਦਾ ਖੁਲਾਸਾ ਕਰਦਿਆਂ ਦੋਸ਼ੀ ਅਨਿਲ ਸ਼ਰਮਾ ਪੁੱਤਰ ਤੇਲੂ ਉਪਾਧਨ ਨੂੰ ਕਾਬੂ ਕੀਤਾ। ਦੋਸ਼ੀ ਖਾਨਾਬਦੋਸ਼ ਕਿਸਮ ਦਾ ਹੈ ਅਤੇ ਇਸ ਵੇਲੇ ਉਸਦਾ ਸਥਾਈ ਪਤਾ ਵੈਰੀਫਾਈ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਦੋਸ਼ੀ ਦਾ ਰਿਮਾਂਡ ਲੈ ਕੇ ਪੁੱਛਗਿਛ ਕੀਤੀ ਜਾਵੇਗੀ ਤਾਂ ਜੋ ਘਟਨਾ ਦੇ ਹੋਰ ਪੱਖ ਸਾਹਮਣੇ ਆ ਸਕਣ।
ਡੀਐਸਪੀ ਜਸ਼ਨਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।