ਕਾਹੀਵਾਲ ਮੈਚ ਦੌਰਾਨ ਮੈਡੀਕਲ ਕੈਂਪ ਲਾਇਆ
ਕਾਹੀਵਾਲ ਮੈਚ ਦੌਰਾਨ ਵੱਡਾ ਮੈਡੀਕਲ ਕੈਂਪ
Publish Date: Sun, 03 May 2026 05:02 PM (IST)
Updated Date: Sun, 03 May 2026 05:05 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਕੇਅਰ ਵਨ ਕੇਅਰ ਆਲ ਗਰੁੱਪ ਪੰਜਾਬ ਆਸਟ੍ਰੇਲੀਆ ਅਤੇ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਪੰਜਾਬ ਵੱਲੋਂ ਪਿੰਡ ਕਾਹੀਵਾਲ ਵਿਖੇ ਲੀਗ ਕਾਹੀਵਾਲ ਜ਼ੋਨ ਅਧੀਨ ਕਰਵਾਏ ਗਏ ਕ੍ਰਿਕਟ ਮੈਚ ਦੌਰਾਨ ਵਿਸ਼ਾਲ ਮੈਡੀਕਲ ਕੈਂਪ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਰਸਵਿੰਦਰ ਸਿੰਘ ਅਤੇ ਹਰਜੀਤ ਕੌਰ ਨੇ ਦੱਸਿਆ ਕਿ ਇਹ ਮੈਚ ਸਥਾਨਕ ਕਾਹੀਵਾਲ ਕ੍ਰਿਕਟ ਮੈਦਾਨ ਕੀਰਤਪੁਰ ਸਾਹਿਬ ਵਿੱਚ ਕਰਵਾਇਆ ਗਿਆ, ਜਿੱਥੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਵਿਸ਼ੇਸ਼ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਡਾਕਟਰੀ ਟੀਮ ਵੱਲੋਂ ਖਿਡਾਰੀਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ਰੂਰੀ ਸਲਾਹਾਂ ਦਿੱਤੀਆਂ ਗਈਆਂ। ਇਸ ਮੌਕੇ ਐਨਰਜੀ ਡਰਿੰਕ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ, ਜਿਸ ਨਾਲ ਖਿਡਾਰੀਆਂ ਨੂੰ ਮੈਚ ਦੌਰਾਨ ਤੰਦਰੁਸਤ ਰਹਿਣ ਵਿੱਚ ਮਦਦ ਮਿਲੀ। ਕੈਂਪ ਦਾ ਲਾਭ ਮੈਚ ਦੇਖਣ ਆਏ ਬੱਚਿਆਂ ਅਤੇ ਪਿੰਡ ਵਾਸੀਆਂ ਨੇ ਵੀ ਉਠਾਇਆ। ਇਸ ਮੌਕੇ ਕ੍ਰਿਕਟ ਮੈਚ ਵਿੱਚ ਕੋਟਲਾ ਵਾਰੀਅਰਜ਼, ਨਾਰਡਸ਼ੀ, ਬਾਬਾ ਖੜਕ ਸਿੰਘ 11 ਚੰਦਪੁਰ, ਐੱਨਐੱਸ ਦਬੂੜ ਬਲਾਸਟਰ, ਕਾਹੀਵਾਲ ਟਾਈਗਰਜ਼, ਮੱਸੇਵਾਲ ਵਾਰੀਅਰਜ਼, ਤਾਜਪੁਰ 11 ਵਾਰੀਅਰਜ਼, ਹਰੀਪੁਰ ਕਿੰਗਜ਼, ਸ਼ਹੀਦ ਊਧਮ ਸਿੰਘ ਖੇਡ ਕਲੱਬ ਦੇਂਹਣੀ, ਕੀਰਤਪੁਰ ਵਾਰੀਅਰਜ਼, ਆਸਪੁਰ ਰਾਇਲਜ਼, ਆਲੂਵਾਲ ਵਾਰੀਅਰਜ਼, ਮਝੇੜ ਲਾਇਨਜ਼ ਅਤੇ ਬਲੋਲੀ ਕਿੰਗ 11 ਸਮੇਤ ਕਈ ਪ੍ਰਮੁੱਖ ਟੀਮਾਂ ਨੇ ਹਿੱਸਾ ਲਿਆ। ਮੈਚ ਬੜੇ ਹੀ ਰੋਮਾਂਚਕ ਮਾਹੌਲ ਵਿੱਚ ਖੇਡਿਆ ਗਿਆ ਅਤੇ ਖਿਡਾਰੀਆਂ ਨੇ ਉੱਚ ਦਰਜੇ ਦੀ ਖੇਡ ਦਾ ਪ੍ਰਦਰਸ਼ਨ ਕੀਤਾ। ਸੰਸਥਾ ਦੇ ਪ੍ਰਧਾਨ ਰਸ਼ਵਿੰਦਰ ਸਿੰਘ ਨੇ ਇਸ ਮੌਕੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਕਿਹਾ ਕਿ ਖੇਡਾਂ ਜੀਵਨ ਵਿੱਚ ਅਨੁਸ਼ਾਸਨ ਅਤੇ ਤੰਦਰੁਸਤੀ ਨੂੰ ਵਧਾਉਂਦੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਰੁਝਾਨ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਮੈਚ ਦੌਰਾਨ ਦਰਸ਼ਕਾਂ ਵਿੱਚ ਵੀ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਮੈਚ ਦਾ ਆਨੰਦ ਲੈਣ ਲਈ ਮੌਜੂਦ ਰਹੇ। ਹਿੱਸਾ ਲੈਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੇ ਸੰਸਥਾ ਵੱਲੋਂ ਕੀਤੇ ਇਸ ਸਮਾਜਿਕ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਹੋਰ ਮੈਂਬਰਾਂ ਨੇ ਵੀ ਸੇਵਾਵਾਂ ਨਿਭਾਈਆਂ ਅਤੇ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਪਿੰਡ ਵਾਸੀਆਂ ਨੇ ਵੀ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਸਿਹਤ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।