ਪ੍ਰਸ਼ਾਸਨ ਦੀ ਨਾਕਾਮੀ ਤੋਂ ਬਾਅਦ ਲੋਕ ਪਾਉਣ ਲੱਗੇ ਨਜਾਇਜ਼ ਮਾਈਨਿੰਗ ਦੀਆਂ ਵੀਡੀਓਜ
ਪ੍ਰਸ਼ਾਸਨ ਦੇ ਨਾਕਾਮ ਰਹਿਣ ਤੋਂ ਬਾਅਦ ਹੁਣ ਲੋਕ ਪਾਉਣ ਲੱਗੇ ਨਜਾਇਜ਼ ਮਾਈਨਿੰਗ ਦੀਆਂ ਵੀਡੀਓਜ
Publish Date: Thu, 23 Apr 2026 06:45 PM (IST)
Updated Date: Thu, 23 Apr 2026 06:49 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੰਗਲ ਦੇ ਨਾਲ ਲੱਗਦੇ ਪਿੰਡ ਭਲਾਣ ਵਿੱਚ ਨਜਾਇਜ਼ ਮਾਈਨਿੰਗ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ। ਇਸ ਤੋਂ ਪਹਿਲਾਂ ਵੀ ਪਿੰਡ ਹਰਸਾ ਬੇਲਾ ਦੀ ਸਰਪੰਚ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਇਕ ਮੁਹਿੰਮ ਆ ਤੋਰੀ ਗਈ ਸੀ, ਜਿਸ ਨੂੰ ਕਈ ਪਿੰਡਾਂ ਵੱਲੋਂ ਸਹਿਯੋਗ ਵੀ ਮਿਲਿਆ ਸੀ , ਪਰ ਕੁਝ ਸੱਤਾਧਾਰੀ ਲੋਕਾਂ ਵੱਲੋਂ ਧੱਕੇ ਦੇ ਨਾਲ ਕੀਤੀ ਜਾ ਰਹੀ ਨਜਾਇਜ਼ ਮਾਈਨਿੰਗ ਅੱਗੇ ਹੁਣ ਆਮ ਲੋਕਾਂ ਦੀ ਪੇਸ਼ ਨਹੀਂ ਜਾ ਰਹੀ ਅਤੇ ਇਹ ਲੋਕ ਹੁਣ ਨਜਾਇਜ਼ ਮਾਈਨਿੰਗ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਨਾਲ ਗੁੰਡਾਗਰਦੀ ਕਰਨੀ ਵੀ ਸ਼ੁਰੂ ਕਰ ਚੁੱਕੇ ਹਨ। ਜਿੱਥੇ ਨਕਸ਼ੇ ਦੇ ਉੱਤੋਂ ਹਰਸਾ ਬੇਲਾ ਪਿੰਡ ਦਾ ਨਾਮ ਲਗਭਗ ਮਿਟਣ ਦੇ ਕਿਨਾਰੇ ਪਹੁੰਚ ਚੁੱਕਾ ਹੈ, ਉਥੇ ਹੀ ਹੁਣ ਲੋਕਾਂ ਵੱਲੋਂ ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਰੋਜ਼ਾਨਾ ਹੋ ਰਹੀ ਨਜਾਇਜ਼ ਮਾਈਨਿੰਗ ਦੀਆਂ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ । ਬੀਤੇ ਕੱਲ੍ਹ ਸੋਸ਼ਲ ਮੀਡੀਆ ਤੇ ਚਰਚਿਤ ਵੀਡੀਓਜ ਦੇ ਵਿੱਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਪਿੰਡਾਂ ਨੂੰ ਖਤਮ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੇ ਵਿੱਚ ਨੰਗਲ ਦੇ ਨਾਲ ਲੱਗਦੇ ਇੱਕ ਪਿੰਡ ਦੇ ਸੱਤਾਧਾਰੀ ਆਗੂ ਦਾ ਨਾਮ ਸ਼ਰੇਆਮ ਚਰਚਾ ਦੇ ਵਿੱਚ ਹੈ। ਬੀਤੇ ਕੱਲ ਸੋਸ਼ਲ ਮੀਡੀਆ ਤੇ ਚੱਲੀ ਵੀਡੀਓ ਦੇ ਵਿੱਚ ਪਿੰਡ ਦੇ ਹੀ ਇੱਕ ਵਸਨੀਕ ਵੱਲੋਂ ਭਲਾਣ ਪਿੰਡ ਦੀ ਪੁੱਟੀ ਗਈ ਚਰਾਂਦ ਦੀਆਂ ਨਾ ਸਿਰਫ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਸਗੋਂ ਉਸਦੇ ਵੱਲੋਂ ਸ਼ਰੇਆਮ ਭਲਾਣ ਪਿੰਡ ਦੇ ਕੁਝ ਲੋਕਾਂ ਦਾ ਨਾਮ ਵੀ ਲਿਆ ਗਿਆ ਜੋ ਕਿ ਨਜਾਇਜ਼ ਮਾਈਨਿੰਗ ਲਈ ਜਿੰਮੇਵਾਰ ਦੱਸੇ ਗਏ। ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ ਪਿਛਲੇ ਦਿਨੀ ਉਕਤ ਸਿਆਸੀ ਆਗੂ ਅਤੇ ਇੱਕ ਕਰੈਸ਼ਰ ਮਾਲਕ ਦੇ ਵਿੱਚ ਹੋਈ ਬਹਿਸਬਾਜੀ ਵੀ ਵੱਡੀ ਚਰਚਾ ਦਾ ਵਿਸ਼ਾ ਰਹੀ ਹੈ ਜਿਸ ਦੇ ਵਿੱਚ ਵੱਡੇ ਲੀਡਰਾਂ ਦੇ ਨਾਮ ਲੈ ਕੇ ਗੱਲਾਂ ਕੀਤੀਆਂ ਗਈਆਂ ਸਨ ਅਤੇ ਇਸ ਦੀ ਵੀਡੀਓ ਵੀ ਛੇਤੀ ਹੀ ਬਾਹਰ ਆਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ । ਸਰਕਾਰਾਂ ਜਾਗਣ ਨਹੀਂ ਤਾਂ ਪਿੰਡ ਉੱਜੜ ਜਾਣਗੇ : ਜਤਿੰਦਰ ਪਾਲ ਇਸ ਸਬੰਧੀ ਸੋਸ਼ਲ ਮੀਡੀਆ ਤੇ ਵੀਡੀਓਜ ਪਾਉਣ ਵਾਲੇ ਭਲਾਣ ਪਿੰਡ ਦੇ ਵਸਨੀਕ ਜਤਿੰਦਰ ਪਾਲ ਨਾਲ ਗੱਲ ਕਰਨ ਤੇ ਉਹਨਾਂ ਨੇ ਆਪਣੀਆਂ ਵੀਡੀਓਜ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੇਰੇ ਇਲਾਕੇ ਨੂੰ ਬਚਾਉਣ ਵਾਲਾ ਹੁਣ ਕੋਈ ਨਹੀਂ ਬਚਿਆ, ਕਿਉਂਕਿ ਇਹ ਮਾਈਨਿੰਗ ਪਿੰਡ ਦੇ ਹੀ ਲੋਕਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਆ ਤੇ ਬੀਤੀ ਰਾਤ ਭਲਾਣ ਪਿੰਡ ਦੀ ਚਰਾਂਦ ਨੂੰ ਹੀ ਪੁੱਟ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਕੁਦਰਤ ਦੇ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ ਅਤੇ ਇਸ ਦੇ ਵਿੱਚ ਇਕੱਲੇ ਨਜਾਇਜ਼ ਮਾਈਨਿੰਗ ਕਰਨ ਵਾਲੇ ਹੀ ਜਿੰਮੇਦਾਰ ਨਹੀਂ ਸਗੋਂ ਪ੍ਰਸ਼ਾਸਨ ਅਤੇ ਸਰਕਾਰ ਵੀ ਬਰਾਬਰ ਦੀ ਜ਼ਿੰਮੇਦਾਰ ਹੈ । ਉਹਨਾਂ ਨੇ ਕਿਹਾ ਕਿ ਹਰਸਾ ਬੇਲਾ ਦੇ ਵਿੱਚ ਲਗਾਤਾਰ ਹੋਈ ਨਜਾਇਜ਼ ਮਾਈਨਿੰਗ ਨੇ ਜਿਸ ਤਰ੍ਹਾਂ ਪਿੰਡ ਦਾ ਨਾਮ ਮੁਕਾ ਦਿੱਤਾ ਹੈ ਉਸੇ ਤਰ੍ਹਾਂ ਹੀ ਹੁਣ ਭਲਾਣ ਪਿੰਡ ਦਾ ਵਜੂਦ ਵੀ ਖਤਮ ਹੋਣ ਦੇ ਕਿਨਾਰੇ ਹੈ। ਉਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਜਮੀਰ ਨੂੰ ਜਗਾਉਣ ਅਤੇ ਇਹਨਾਂ ਡਾਕੂਆਂ ਤੋਂ ਇਲਾਕੇ ਨੂੰ ਬਚਾਉਣ। ਮਾਈਨਿੰਗ ਵਿਭਾਗ ਦੀ ਭੂਮਿਕਾ ਸ਼ੱਕ ਦੇ ਘੇਰੇ ਚ ਜਦੋਂ ਜਦੋਂ ਵੀ ਕਿਤੇ ਮਾਈਨਿੰਗ ਹੁੰਦੀ ਹੈ ਤਾਂ ਪੁਲਿਸ ਵੱਲੋਂ ਸਿੱਧੇ ਤੌਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਕਿਹਾ ਜਾਂਦਾ ਹੈ ਕਿ ਮਾਈਨਿੰਗ ਵਿਭਾਗ ਨੂੰ ਬੁਲਾਇਆ ਜਾ ਰਿਹਾ ਹੈ ਕਿਉਂਕਿ ਲਚਕਦਾਰ ਕਾਨੂੰਨ ਦੇ ਹੁੰਦਿਆਂ ਜਦੋਂ ਤੱਕ ਮਾਈਨਿੰਗ ਵਿਭਾਗ ਦਰਖਾਸਤ ਨਹੀਂ ਦਿੰਦਾ ਉਦੋਂ ਤੱਕ ਪੁਲਿਸ ਵੱਲੋਂ ਮੁਕੱਦਮਾ ਵੀ ਦਰਜ ਨਹੀਂ ਕੀਤਾ ਜਾ ਸਕਦਾ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਦਿਨੀ ਇੱਕ ਮਾਈਨਿੰਗ ਵਿਭਾਗ ਦੇ ਐਸਡੀਓ ਵੱਲੋਂ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸਾਫ ਤੌਰ ਤੇ ਕਿਹਾ ਗਿਆ ਸੀ ਕਿ ਮਾਈਨਿੰਗ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ ਅਤੇ ਉਨਾਂ ਦੀ ਹਿੱਸਾ ਪੱਤੀ ਦੇ ਕਬਿਤ ਤੌਰ ਤੇ ਆਰੋਪ ਵੀ ਲਗਾਏ ਗਏ ਸਨ। ਕੀ ਕਹਿੰਦੇ ਹਨ ਮਾਈਨਿੰਗ ਵਿਭਾਗ ਦੇ ਐਸਡੀਓ ਇਸ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਐਸਡੀਓ ਨਰਿੰਦਰ ਕੁਮਾਰ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਕਈ ਵਾਰ ਫੋਨ ਕਰਨ ’ਤੇ ਨਹੀਂ ਚੁੱਕਿਆ ਤੇ ਜਦੋਂ ਚੁੱਕਿਆ ਤਾਂ ਉਹਨਾਂ ਨੇ ਇਹ ਕਹਿ ਕੇ ਕੱਟ ਦਿੱਤਾ ਕਿ ਮੰਤਰੀ ਸਾਹਿਬ ਆਏ ਹਨ ਤੇ ਉਹ ਬਿਜ਼ੀ ਹਨ । ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਨਜਾਇਜ਼ ਮਾਈਨਿੰਗ ਸਬੰਧੀ ਗੱਲ ਕਰਨੀ ਹੈ ਤਾਂ ਉਹਨਾਂ ਨੇ ਫੋਨ ਕੱਟ ਦਿੱਤਾ।