ਤੇਗਬੀਰ ਸਿੰਘ ਨੇ ਬਣਾਇਆ ਨਵਾਂ ਵਰਲਡ ਰਿਕਾਰਡ
ਸਾਢੇ 7 ਸਾਲਾਂ ਤੇਗਬੀਰ ਸਿੰਘ ਨੇ ਬਣਾਇਆ ਨਵਾਂ ਵਰਲਡ ਰਿਕਾਰਡ
Publish Date: Mon, 20 Apr 2026 05:04 PM (IST)
Updated Date: Mon, 20 Apr 2026 05:06 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਸੁਖਿੰਦਰ ਸਿੰਘ ਅਤੇ ਡਾਕਟਰ ਮਨਪ੍ਰੀਤ ਕੌਰ ਦੇ ਹੋਣਹਾਰ ਸਪੁੱਤਰ ਤੇਗਬੀਰ ਸਿੰਘ ਨੇ ਨੇਪਾਲ ਵਿਖੇ ਅੰਨਪੂਰਨਾ ਸਰਕਟ ਫ਼ਤਿਹ ਕਰਕੇ ਨਵਾਂ ਵਰਲਡ ਰਿਕਾਰਡ ਬਣਾਇਆ ਹੈ। 18 ਅਪ੍ਰੈਲ ਨੂੰ ਸਵੇਰੇ 9:25 ਵਜੇ ਉਹ ਥੋਰੋਂਗ ਲਾ ਪਾਸ (5416 ਮੀਟਰ/17769 ਫੁੱਟ) ‘ਤੇ ਪਹੁੰਚਿਆ, ਜੋ ਅੰਨਪੂਰਨਾ ਸਰਕਟ ਦਾ ਸਭ ਤੋਂ ਉੱਚਾ ਬਿੰਦੂ ਹੈ। ਕਰੀਬ 235 ਕਿਲੋਮੀਟਰ ਲੰਬੇ ਇਸ ਸਰਕਟ ਨੂੰ ਤੇਗਬੀਰ ਸਿੰਘ ਨੇ ਸਿਰਫ਼ 7 ਸਾਲ 6 ਮਹੀਨੇ ਦੀ ਉਮਰ ਵਿੱਚ ਪੂਰਾ ਕਰਕੇ ਵਿਸ਼ਵ ਪੱਧਰ ‘ਤੇ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਇਤਿਹਾਸਕ ਪ੍ਰਾਪਤੀ ਮੌਕੇ ਤੇਗਬੀਰ ਸਿੰਘ ਅਤੇ ਉਸਦੇ ਪਿਤਾ ਸੁਖਿੰਦਰ ਸਿੰਘ ਨੇ ਕੋਚ ਸਾਹਿਬ, ਪਰਿਵਾਰਕ ਮੈਂਬਰਾਂ ਅਤੇ ਮਿੱਤਰ ਸਨੇਹੀਆਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੀਆਂ ਅਸੀਸਾਂ ਅਤੇ ਸਹਿਯੋਗ ਸਦਕਾ ਇਹ ਉਪਲਬਧੀ ਸੰਭਵ ਹੋ ਸਕੀ ਹੈ। ਤੇਗਬੀਰ ਸਿੰਘ ਦੀ ਇਸ ਵਿਸ਼ੇਸ਼ ਪ੍ਰਾਪਤੀ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ, ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਐਗਜ਼ੈਕਟਿਵ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਸਿੱਖ ਮਿਸ਼ਨ ਕਾਲਜ ਦੇ ਪ੍ਰਿੰਸੀਪਲ ਚਰਨਜੀਤ ਸਿੰਘ, ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਗੁਰਚਰਨ ਕੌਰ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਜਥੇਦਾਰ ਸੰਤੋਖ ਸਿੰਘ, ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਅਤੇ ਫਿੱਟਨੈੱਸ ਕੋਚ ਕਿਰਨ ਸੋਢੀ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਤੇਗਬੀਰ ਸਿੰਘ ਦੇ ਪਿਤਾ ਸੁਖਿੰਦਰ ਸਿੰਘ, ਮਾਤਾ ਡਾਕਟਰ ਮਨਪ੍ਰੀਤ ਕੌਰ ਅਤੇ ਸਮੂਹ ਪਰਿਵਾਰ ਨੂੰ ਵਧਾਈ ਦਿੰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਤੇਗਬੀਰ ਸਿੰਘ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੋਰ ਬੁਲੰਦੀਆਂ ਹਾਸਲ ਕਰਨ ਦਾ ਮੌਕਾ ਮਿਲੇ।