ਮੰਡੀਆਂ ਚ ਆਇਆ ਪੀਲੇ ਸੋਨੇ ਦਾ ਹੜ, ਖਰੀਦਦਾਰ ਨਾਦਾਰਦ
ਮੰਡੀਆਂ ਚ ਆਇਆ ਪੀਲੇ ਸੋਨੇ ਦਾ ਹੜ, ਖਰੀਦਦਾਰ ਨਾਦਾਰਦ
Publish Date: Sun, 12 Apr 2026 06:10 PM (IST)
Updated Date: Mon, 13 Apr 2026 04:11 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਫਸਲ ( ਪੀਲੇ ਸੋਨੇ)ਦਾ ਹੜ੍ਹ ਆ ਚੁੱਕਾ ਹੈ, ਪਰ ਖਰੀਦ ਏਜੰਸੀਆਂ ਨਾਦਾਰਦ ਹਨ। ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਇੱਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪ੍ਰੰਤੂ ਅੱਜ 12 ਅਪਰੈਲ ਤੱਕ ਵੀ ਲਹਿਰਾਗਾਗਾ ਦੀ ਮੁੱਖ ਮੰਡੀ ਅਤੇ ਇਸ ਨਾਲ ਜੁੜੇ ਖਰੀਦ ਕੇਂਦਰਾਂ ਵਿੱਚ ਕਿਸੇ ਪਾਸੇ ਵੀ ਕਣਕ ਦੀ ਬੋਲੀ ਨਹੀਂ ਹੋਈ। ਜਦੋਂ ਕਿ ਕਣਕ ਦੀ ਆਮਦ ਸ਼ੁਰੂ ਹੋਈ ਨੂੰ ਇੱਕ ਹਫਤਾ ਹੋ ਗਿਆ ਹੈ। ਕਿਸਾਨ ਇੱਕ ਹਫਤੇ ਤੋਂ ਕਣਕ ਦੀ ਫਸਲ ਲੈ ਕੇ ਮੰਡੀਆਂ ਵਿੱਚ ਬੈਠੇ ਹਨ। ਜਦੋਂ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਕਣਕ ਦੀ ਫਸਲ ਤੁਰੰਤ ਵਿਕੇਗੀ ਅਤੇ 24 ਘੰਟਿਆਂ ਵਿੱਚ ਵਿਕੀ ਫਸਲ ਦੇ ਪੈਸੇ ਖਾਤਿਆਂ ਵਿੱਚ ਪਾਏ ਜਾਣਗੇ, ਪਰੰਤੂ ਜਦੋਂ ਹਫਤੇ ਭਰ ਤੋਂ ਕਿਸਾਨਾਂ ਦੀ ਕਣਕ ਹੀ ਵਿਕੀ, ਤਾਂ ਖਤਿਆਂ ਵਿੱਚ ਪੈਸੇ ਕਿੱਥੋਂ ਪਾਏ ਜਾਣਗੇ। ਇਸ ਸਬੰਧੀ ਜਦੋਂ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਜੋ ਮੰਡੀਆਂ ਵਿੱਚ ਕਣਕ ਆ ਰਹੀ ਹੈ, ਉਹ ਸਰਕਾਰੀ ਮਾਪਦੰਡਾਂ ਅਨੁਸਾਰ ਨਹੀਂ ਹੈ। ਜਿਸ ਨੂੰ ਐਫ ਏ ਕਿਉ ਵਿੱਚ ਖਰੀਦਣਾ ਅਸੰਭਵ ਹੈ। ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਲਿਖਿਆ ਹੋਇਆ ਹੈ ਕਿ ਜੋ ਕਣਕ ਸਰਕਾਰੀ ਮਾਪਦੰਡਾਂ ਵਿੱਚ ਨਹੀਂ ਆਉਂਦੀ ਉਸ ਨੂੰ ਖਰੀਦ ਨਾ ਕੀਤਾ ਜਾਵੇ। ਜੇਕਰ ਕਿਸੇ ਵੱਲੋਂ ਖਰੀਦ ਕੀਤੀ ਗਈ ਤਾਂ ਉਸ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ ।ਉਹਨਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਮਾਪ ਦੰਡਾਂ ਵਿੱਚ ਢਿੱਲ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਕਣਕ ਦੀ ਖਰੀਦ ਕਰਨੀ ਸੰਭਵ ਨਹੀਂ ਹੈ। ਦੂਜੇ ਪਾਸੇ ਕਿਹਾ ਜਾਂਦਾ ਹੈ, ਕਿ ਕੇਂਦਰ ਤੋਂ ਕਣਕ ਦੇ ਮਾਪ ਦੰਡ ਜਾਂਚਣ ਲਈ ਟੀਮ ਆਵੇਗੀ ਪਰੰਤੂ ਦੇਖਣ ਵਾਲੀ ਗੱਲ ਇਹ ਹੈ ਕਿ ਕਦੋਂ ਟੀਮ ਆਵੇਗੀ ਕਦੋਂ ਸੈਂਪਲ ਲੈ ਕੇ ਜਾਵੇਗੀ ਅਤੇ ਕਦੋਂ ਛੋਟ ਦਿੱਤੀ ਜਾਵੇਗੀ ? ਜਦੋਂ ਤੱਕ ਕੇਂਦਰ ਸਰਕਾਰ ਛੋਟ ਦੇਵੇਗੀ ਉਦੋਂ ਤੱਕ ਖੇਤਾਂ ਵਿੱਚੋਂ ਸਾਰੀ ਕਣਕ ਦੀ ਫਸਲ ਮੰਡੀਆਂ ਵਿੱਚ ਪਹੁੰਚ ਜਾਵੇਗੀ। ਦੇਖਣ ਵਾਲੀ ਗੱਲ ਇਹ ਹੈ ਕਿ ਆਂਉਦੇ ਦੋ ਦਿਨ ਦੌਰਾਨ ਮੰਡੀਆਂ ਵਿੱਚ ਕਣਕ ਦੀ ਫਸਲ ਉਤਾਰਨ ਲਈ ਵੀ ਥਾਂ ਨਹੀਂ ਬਚੇਗੀ । ਦੂਜਾ ਇਕਦਮ ਜੋਰ ਪੈਣ ਕਾਰਨ ਉਸਦੀ ਤਲਾਈ ਉਪਰੰਤ ਲਿਫਟਿੰਗ ਦੇ ਪ੍ਰਬੰਧ ਵੀ ਇੰਨੀ ਜਲਦੀ ਨਹੀਂ ਹੋ ਸਕਣਗੇ ਜਿਸ ਕਾਰਨ ਕਣਕ ਦੀ ਫਸਲ ਵਿੱਚ ਆੜਤੀਆਂ ਨੂੰ ਭਾਰੀ ਸ਼ਾਰਟੇਜ ਪੈਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸਥਾਈ ਆੜਤੀ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਣਕ ਦੀ ਖਰੀਦ ਸਬੰਧੀ ਜਲਦੀ ਛੋਟ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦੀ ਸੋਨੇ ਰੰਗੀ ਫਸਲ ਜਲਦੀ ਵਿਕ ਸਕੇ।