ਵਰਲਡ ਯੂਨੀਵਰਸਿਟੀ ਵੱਲੋਂ ਖੋਜ ਕਾਰਜਾਂ ਲਈ 12 ਸੀਡ ਮਨੀ ਰਿਸਰਚ ਪ੍ਰੋਜੈਕਟ ਮਨਜ਼ੂਰ
ਵਰਲਡ ਯੂਨੀਵਰਸਿਟੀ ਵੱਲੋਂ ਖੋਜ ਕਾਰਜਾਂ ਲਈ 12 ਸੀਡ ਮਨੀ ਰਿਸਰਚ ਪ੍ਰੋਜੈਕਟ ਮਨਜ਼ੂਰ
Publish Date: Tue, 28 Apr 2026 06:15 PM (IST)
Updated Date: Tue, 28 Apr 2026 06:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਖੋਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੀਡ ਮਨੀ ਗ੍ਰਾਂਟ ਸਕੀਮ ਅਧੀਨ 12 ਖੋਜ ਪ੍ਰੋਜੈਕਟ ਮਨਜ਼ੂਰ ਕੀਤੇ ਹਨ। ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਵੱਲੋਂ ਤਿਆਰ ਇਨ੍ਹਾਂ ਪ੍ਰਸਤਾਵਾਂ ਦੀ ਜਾਂਚ ਬਾਹਰੀ ਮਾਹਿਰਾਂ ਦੀਆਂ ਕਮੇਟੀਆਂ ਵੱਲੋਂ ਨਵੀਨਤਾ ਅਤੇ ਪ੍ਰਸੰਗਿਕਤਾ ਦੇ ਆਧਾਰ ’ਤੇ ਕੀਤੀ ਗਈ। ਵਾਈਸ-ਚਾਂਸਲਰ ਦੀ ਪ੍ਰਵਾਨਗੀ ਤੋਂ ਬਾਅਦ 4 ਮਾਈਨਰ (1 ਲੱਖ ਰੁਪਏ ਤੱਕ) ਅਤੇ 8 ਮੇਜਰ (2 ਲੱਖ ਰੁਪਏ ਤੱਕ) ਪ੍ਰੋਜੈਕਟਾਂ ਨੂੰ ਦੋ ਸਾਲ ਦੀ ਮਿਆਦ ਲਈ ਹਰੀ ਝੰਡੀ ਦਿੱਤੀ ਗਈ ਹੈ। ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਇਹ ਪਹਿਲ ਯੂਨੀਵਰਸਿਟੀ ’ਚ ਖੋਜ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰੇਗੀ ਅਤੇ ਅਧਿਆਪਕਾਂ ਨੂੰ ਵੱਡੇ ਫੰਡਿੰਗ ਮੌਕਿਆਂ ਲਈ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਸਮਕਾਲੀ ਚੁਣੌਤੀਆਂ ਦੇ ਹੱਲ ਲਈ ਅੰਤਰ-ਵਿਸ਼ਯਕ ਖੋਜ ਬੇਹੱਦ ਜ਼ਰੂਰੀ ਹੈ। ਡੀਨ ਰਿਸਰਚ ਡਾ. ਨਵਦੀਪ ਕੌਰ ਨੇ ਉਮੀਦ ਜਤਾਈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਉੱਚ-ਗੁਣਵੱਤਾ ਵਾਲੀਆਂ ਪ੍ਰਕਾਸ਼ਨਾਂ ਅਤੇ ਪੇਟੈਂਟਾਂ ਲਈ ਰਾਹ ਪੱਧਰਾ ਹੋਵੇਗਾ। ਮਨਜ਼ੂਰ ਕੀਤੇ ਪ੍ਰੋਜੈਕਟਾਂ ’ਚ ਫਿਜ਼ਿਕਸ ਵਿਭਾਗ ਤੋਂ ਪ੍ਰੋ. ਤੇਜਬੀਰ ਸਿੰਘ ਤੇ ਡਾ. ਪ੍ਰੀਤ ਕੌਰ, ਪੰਜਾਬੀ ਵਿਭਾਗ ਤੋਂ ਡਾ. ਸਿਕੰਦਰ ਸਿੰਘ ਤੇ ਡਾ. ਬਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਡਾ. ਹਰਨੀਤ ਬਿਲਿੰਗ, ਡਾ. ਸੁਮਨਦੀਪ ਕੌਰ ਤੇ ਡਾ. ਗਗਨਦੀਪ ਕੌਰ ਟਿਵਾਣਾ ਸ਼ਾਮਲ ਹਨ। ਇਸੇ ਤਰ੍ਹਾਂ ਕੇਮਿਸਟਰੀ ਤੋਂ ਡਾ. ਰਾਹੁਲ ਬਾਦਰੂ, ਜੂਲੋਜੀ ਤੋਂ ਡਾ. ਚਰਨ ਕਮਲ ਸੇਖੋਂ ਤੇ ਡਾ. ਮੋਨਿਕਾ ਐਰੀ, ਗਣਿਤ ਤੋਂ ਡਾ. ਬ੍ਰਹਿਮਿਤ ਕੌਰ ਅਤੇ ਬਾਇਓ ਟੈਕਨਾਲੋਜੀ ਵਿਭਾਗ ਤੋਂ ਡਾ. ਰੂਪਿੰਦਰ ਕੌਰ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲੀ ਹੈ।