ਪਿੰਡ ਟਿੱਬਾ ਦੇ ਖੇਤਾਂ ਵਾਲੀਆਂ ਮੋਟਰਾਂ ਤੋਂ ਤਾਰਾਂ ਚੋਰੀ
ਪਿੰਡ ਟਿੱਬਾ ਦੇ ਖੇਤਾਂ ਵਾਲੀਆਂ ਮੋਟਰਾਂ ਤੋਂ ਤਾਰਾਂ ਚੋਰੀ
Publish Date: Sun, 10 May 2026 05:10 PM (IST)
Updated Date: Mon, 11 May 2026 04:03 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪਿੰਡ ਟਿੱਬਾ ਦੇ ਕਿਸਾਨਾਂ ਦੀਆਂ ਖੇਤਾਂ ਵਿਚ ਲੱਗੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਡਰ ਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਕਿਸਾਨ ਜਸਪਾਲ ਸਿੰਘ ਵਾਸੀ ਪਿੰਡ ਟਿੱਬਾ ਨੇ ਦੱਸਿਆ ਕਿ ਬੀਤੇ ਦਿਨੀਂ ਚੋਰਾਂ ਨੇ ਰਾਤ ਦੇ ਸਮੇਂ ਮੇਰੇ ਸਮੇਤ ਗੁਰਚੇਤ ਸਿੰਘ ਨੰਬਰਦਾਰ ਤੇ ਦਰਬਾਰਾ ਸਿੰਘ ਆੜ੍ਹਤੀਆ ਦੀਆਂ ਮੋਟਰਾਂ ਤੋਂ ਕੀਮਤੀ ਤਾਰਾਂ ਚੋਰੀ ਕਰ ਲਈਆਂ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪੀੜਤ ਕਿਸਾਨ ਦਾ ਕਹਿਣਾ ਹੈ ਕਿ ਇਸ ਘਟਨਾ ਸਬੰਧੀ ਉਹ 10 ਦਿਨ ਪਹਿਲਾਂ ਥਾਣਾ ਸ਼ੇਰਪੁਰ ਪੁਲਿਸ ਕੋਲ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ, ਪਰ ਅਜੇ ਤਕ ਨਾ ਤਾਂ ਕੋਈ ਪੁਲਿਸ ਕਰਮਚਾਰੀ ਮੌਕੇ ਦਾ ਜਾਇਜ਼ਾ ਲੈਣ ਪਹੁੰਚਿਆ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ। ਕਿਸਾਨਾਂ ਨੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਖੇਤਾਂ ’ਚ ਪਹਿਲਾਂ ਹੀ ਫ਼ਸਲਾਂ ਤੇ ਖੇਤੀ ਖਰਚਿਆਂ ਦਾ ਬੋਝ ਵੱਧ ਰਿਹਾ ਹੈ, ਉੱਪਰੋਂ ਇਸ ਤਰ੍ਹਾਂ ਦੀਆਂ ਚੋਰੀਆਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਇਲਾਕੇ ਵਿਚ ਹੋਰ ਵੀ ਚੋਰੀਆਂ ਵਧ ਸਕਦੀਆਂ ਹਨ, ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤਾਂ ਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ, ਤਾਂ ਜੋ ਲੋਕਾਂ ਦਾ ਭਰੋਸਾ ਕਾਇਮ ਰਹੇ ਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਜਦੋਂ ਇਸ ਸਬੰਧੀ ਥਾਣਾ ਸ਼ੇਰਪੁਰ ਦੇ ਮੁਖੀ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਅੱਜ ਹੀ ਥਾਣੇਦਾਰ ਦੀ ਡਿਊਟੀ ਲਗਾ ਕੇ ਮੌਕਾ ਰਿਪੋਰਟ ਹਾਸਿਲ ਕਰਦਾ ਹਾਂ ਤੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।