ਬਸੀ ਪਠਾਣਾਂ ਹਲਕੇ ਦੀਆਂ ਸੜਕਾਂ ਦੀ ਸਾਰ ਲਵੇ ਸਰਕਾਰ : ਡਾ. ਢੋਲੇਵਾਲ
ਬਸੀ ਪਠਾਣਾਂ ਹਲਕੇ ਦੀਆਂ ਸੜਕਾਂ ਦੀ ਸਾਰ ਕਦੋਂ ਲਵੇਗੀ ਸਰਕਾਰ: ਡਾ. ਢੋਲੇਵਾਲ
Publish Date: Sun, 03 May 2026 05:43 PM (IST)
Updated Date: Sun, 03 May 2026 05:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਕਾਂਗਰਸ ਪਾਰਟੀ ਦੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਕੋ ਕਨਵੀਨਰ ਡਾ. ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵੇ ਪੂਰੀ ਤਰ੍ਹਾਂ ਨਾਲ ਝੂਠੇ ਹਨ ਅਤੇ ਹਕੀਕਤ ਨਾਲ ਮੇਲ ਨਹੀਂ ਖਾ ਰਹੇ। ਉਨ੍ਹਾਂ ਕਿਹਾ ਕਿ ਬਸੀ ਪਠਾਣਾਂ ਵਿਧਾਨ ਸਭਾ ਹਲਕੇ ਦੀਆਂ ਸੜਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਹਰ ਰੋਜ਼ ਕਿਸੇ ਨਾ ਕਿਸੇ ਸੜਕ ’ਤੇ ਹਾਦਸਾ ਵਾਪਰ ਰਿਹਾ ਹੈ। ਕਈ ਸੜਕਾਂ ਨੂੰ ਤਾਂ ਲੋਕ ‘ਖੂਨੀ ਸੜਕ’ ਕਹਿਣ ਲੱਗੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਸਾਰ ਨਹੀਂ ਲਈ ਜਾ ਰਹੀ। ਡਾ. ਢੋਲੇਵਾਲ ਨੇ ਦੱਸਿਆ ਕਿ ਚੁੰਨੀ ਇਲਾਕੇ ਦੀਆਂ ਸੜਕਾਂ ਦਾ ਹਾਲ ਬਹੁਤ ਬੁਰਾ ਹੋ ਚੁੱਕਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਸੀ ਪਠਾਣਾਂ ਤੋਂ ਦੁਫੇੜਾ ਤੱਕ ਜਾਂਦੀ ਸੜਕ ’ਚ ਵੱਡੇ ਖੱਡੇ ਪੈ ਚੁੱਕੇ ਹਨ, ਜਿਸ ਕਰਕੇ ਉੱਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਖਮਾਣੋਂ ਬਲਾਕ ਦੀਆਂ ਸੜਕਾਂ ਵੀ ਮੰਦਹਾਲ ਹਨ। ਉੱਚਾ ਪਿੰਡ ਤੋਂ ਬਸੀ ਪਠਾਣਾਂ ਤੱਕ ਸੜਕ ’ਚ ਪਏ ਟੋਇਆਂ ਵੱਲ ਵੀ ਫੌਰੀ ਧਿਆਨ ਦੇਣ ਦੀ ਲੋੜ ਹੈ। ਪਿੰਡ ਫਰੌਰ ਨੂੰ ਜਾਂਦੀ ਸੜਕ ’ਤੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਨਾਲ ਜੂਝਣਾ ਪੈ ਰਿਹਾ ਹੈ ਅਤੇ ਖਮਾਣੋਂ ਤੋਂ ਬਦੇਸ਼ਾਂ ਵੱਲ ਜਾਂਦੀ ਸੜਕ ਵੀ ਖੱਡਿਆਂ ਨਾਲ ਭਰੀ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਵੱਲ ਸਰਕਾਰ ਤੁਰੰਤ ਧਿਆਨ ਦੇਵੇ ਤਾਂ ਜੋ ਰਾਹਗੀਰ ਹਾਦਸਿਆਂ ਤੋਂ ਮਹਿਫ਼ੂਜ਼ ਰਹਿ ਸਕਣ।