‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਨਾਮ ’ਤੇ ਔਰਤਾਂ ਨੂੰ ਕੀਤਾ ਜਾ ਰਿਹਾ ਖੱਜਲ
ਔਰਤਾਂ ਤੋਂ 2021 ਵਿੱਚ ਭਰਵਾਏ ਗਏ ਫਾਰਮਾਂ ਦੀ ਕੀ ਬਣਿਆ : ਬੀਬੀ ਭੁੱਟਾ
Publish Date: Wed, 22 Apr 2026 05:11 PM (IST)
Updated Date: Wed, 22 Apr 2026 05:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਸੁਪਤਨੀ ਰਵਿੰਦਰ ਕੌਰ ਭੁੱਟਾ ਨੇ ਪ੍ਰੀਤ ਨਗਰ ਵਿਖੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2021 ਵਿਚ ਔਰਤਾਂ ਨੂੰ 1000 ਰੁਪਏ ਦੇਣ ਸਬੰਧੀ ਫਾਰਮ ਭਰਵਾਏ ਸਨ ਅਤੇ ਹੁਣ ਮੁੜ ਇਹ ਫਾਰਮ ਭਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਔਰਤਾਂ ਤੋਂ ਪਹਿਲਾਂ ਭਰਵਾਏ ਗਏ ਫਾਰਮਾਂ ਦਾ ਕੀ ਬਣਿਆ। ਉਨ੍ਹਾਂ ਕਿਹਾ ਕਿ ਪਹਿਲਾਂ ਜਾਤੀ ਸਰਟੀਫਿਕੇਟ ਦੀ ਕੋਈ ਸ਼ਰਤ ਨਹੀਂ ਸੀ ਪਰੰਤੂ ਹੁਣ ਇਹ ਸ਼ਰਤ ਰੱਖ ਕੇ ਔਰਤਾਂ ਨੂੰ ਜਾਤੀ ਸਰਟੀਫਿਕੇਟ ਬਣਵਾਉਣ ਲਈ ਸੇਵਾ ਕੇਂਦਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਬੀਬੀ ਭੁੱਟਾ ਨੇ ਕਿਹਾ ਕਿ ਔਰਤਾਂ ਕੋਲੋਂ 2021 ਵਿਚ ਭਰਵਾਏ ਗਏ ਫਾਰਮਾ ਦੀ ਥਾਂ ਹੁਣ ਨਵੇਂ ਫਾਰਮ ਭਰਵਾਉਣਾ ਇਹ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਨੇ 2021 ਵਿਚ ਔਰਤਾਂ ਨੂੰ ਗੁੰਮਰਾਹ ਕੀਤਾ ਸੀ। ਉਸ ਸਮੇਂ ਜਾਤੀ ਸਰਟੀਫਿਕੇਟ ਦੀ ਕੋਈ ਸ਼ਰਤ ਨਹੀਂ ਸੀ ਅੱਜ ਪੰਜਾਬ ਦੀਆਂ ਔਰਤਾਂ ਸੁਵਿਧਾ ਕੇਂਦਰਾਂ ਵਿੱਚ ਜਾਤੀ ਸਰਟੀਫਿਕੇਟ ਬਣਾਉਣ ਲਈ ਲਾਈਨਾਂ ਵਿੱਚ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਆਪਣੀਆਂ ਸਟੇਜਾਂ ਤੋਂ ਵਿਰੋਧੀਆਂ ਨੂੰ ਭੰਡਦੇ ਵਿਖਾਈ ਦਿੰਦੇ ਹਨ ਪਰ ਆਪਣੀ ਪਾਰਟੀ ਦੇ ਆਗੂਆਂ ਵੱਲ ਉਨ੍ਹਾਂ ਦੀ ਕੋਈ ਨਜ਼ਰ ਨਹੀਂ ਹੈ। ਬੀਬੀ ਭੁੱਟਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਔਰਤਾਂ ਦੀ ਭਲਾਈ ਲਈ ਸਕੀਮਾਂ ਚਲਾਈਆਂ ਹਨ ਅਤੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਭੁਗਤ ਕੇ ਸਰਕਾਰ ਬਣਾਉਣਗੀਆਂ। ਇਸ ਮੌਕੇ ਕਮਲਜੀਤ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ, ਪਿੰਕੀ, ਗੁੱਡੀ ਤੇ ਮਨਜੀਤ ਕੌਰ ਸਤਵਿੰਦਰ ਕੌਰ ਖੇੜਾ ਸੁਰਿੰਦਰ ਕੌਰ ਆਸ਼ੂ ਮੌਜੂਦ ਸਨ।