ਤਾਪਮਾਨ ’ਚ ਹਲਕੀ ਗਿਰਾਵਟ ਪਰ ਗਰਮੀ ਦਾ ਕਹਿਰ ਜਾਰੀ
ਤਾਪਮਾਨ ਵਿੱਚ ਹਲਕੀ ਗਿਰਾਵਟ ਪਰ ਗਰਮੀ ਦਾ ਕਹਿਰ ਜਾਰੀ
Publish Date: Mon, 27 Apr 2026 06:41 PM (IST)
Updated Date: Mon, 27 Apr 2026 06:43 PM (IST)
ਪੱਤਰ ਪ੍ਰੇਰਕ •ਪੰਜਾਬੀ ਜਾਗਰਣ• ਪਟਿਆਲਾ : ਸ਼ਹਿਰ ਵਿਚ ਸੋਮਵਾਰ ਨੂੰ ਤਾਪਮਾਨ ਵਿਚ ਹਲਕੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ ਅਨੁਸਾਰ ਨਿਊਨਤਮ ਤਾਪਮਾਨ ਵਿਚ 2.3 ਡਿਗਰੀ ਸੈਲਸੀਅਸ ਦੀ ਕਮੀ ਆਈ, ਜਦਕਿ ਅਧਿਕਤਮ ਤਾਪਮਾਨ ਵਿਚ ਵੀ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਤਾਪਮਾਨ ਵਿਚ ਆਈ ਇਸ ਕਮੀ ਦੇ ਬਾਵਜੂਦ ਗਰਮੀ ਦਾ ਅਸਰ ਅਜੇ ਪੂਰੀ ਤਰ੍ਹਾਂ ਘੱਟ ਨਹੀਂ ਹੋਇਆ ਹੈ। ਵਿਸ਼ੇਸ਼ ਮਾਹਿਰਾਂ ਮੁਤਾਬਕ ਮੌਜੂਦਾ ਤਾਪਮਾਨ ਆਮ ਤੋਂ ਕਰੀਬ 4 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ, ਜਿਸ ਕਾਰਨ ਦਿਨ ਦੇ ਸਮੇਂ ਤੇਜ਼ ਧੁੱਪ ਅਤੇ ਗਰਮ ਹਵਾਵਾਂ ਦਾ ਅਸਰ ਜਾਰੀ ਹੈ। ਮੌਸਮ ਵਿਭਾਗ ਨੇ 28 ਅਪ੍ਰੈਲ ਲਈ ਪੂਰਵ ਅਨੁਮਾਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਦਿਨ ਦੌਰਾਨ ਗਰਜ-ਚਮਕ ਨਾਲ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਜੇਕਰ ਐਸਾ ਹੁੰਦਾ ਹੈ ਤਾਂ ਤਾਪਮਾਨ ਵਿਚ ਹੋਰ ਗਿਰਾਵਟ ਆ ਸਕਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਵਧੇਰੇ ਰਾਹਤ ਮਿਲ ਸਕਦੀ ਹੈ। ਫਿਲਹਾਲ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਤੇਜ਼ ਧੁੱਪ ਦੇ ਸਮੇਂ ਬਾਹਰ ਨਿਕਲਣ ਤੋਂ ਬਚਣ, ਲੋੜ ਅਨੁਸਾਰ ਪਾਣੀ ਪੀਂਦੇ ਰਹਿਣ ਅਤੇ ਹੀਟ ਵੇਵ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ।