ਸਬ-ਤਹਿਸੀਲ ਘਨੌਰ ’ਚ ਵਾਟਰ ਕੂਲਰ ਅਤੇ ਬਾਥਰੂਮਾਂ ਦੀ ਖਸਤਾ ਹਾਲਤ
ਸਬ ਤਹਿਸੀਲ ਘਨੌਰ ’ਚ ਵਾਟਰ ਕੂਲਰ ਅਤੇ ਬਾਥਰੂਮਾਂ ਦੀ ਖਸਤਾ ਹਾਲਤ ਕਾਰਨ ਲੋਕ ਪਰੇਸ਼ਾਨ
Publish Date: Fri, 22 May 2026 05:35 PM (IST)
Updated Date: Sat, 23 May 2026 04:05 AM (IST)

ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ ਕਰਮਵੀਰ ਸਿੰਘ ਮਰਦਾਂਪੁਰ,ਪੰਜਾਬੀ ਜਾਗਰਣ, ਘਨੌਰ: ਸਬ ਤਹਿਸੀਲ ਘਨੌਰ ਦੇ ਦਫ਼ਤਰ ਵਿੱਚ ਆਮ ਲੋਕਾਂ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਦਫ਼ਤਰ ਵਿੱਚ ਪੀਣ ਵਾਲੇ ਪਾਣੀ ਦੀ ਢੰਗ ਦੀ ਵਿਵਸਥਾ ਨਾ ਹੋਣ ਅਤੇ ਬਾਥਰੂਮਾਂ ਦੀ ਖਸਤਾ ਹਾਲਤ ਕਾਰਨ ਹਰ ਰੋਜ਼ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਦਫ਼ਤਰ ’ਚ ਔਰਤਾਂ ਲਈ ਵੱਖਰੇ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਦੂਰ-ਦੁਰਾਡੇ ਪਿੰਡਾਂ ਤੋਂ ਆਉਣ ਵਾਲੀਆਂ ਔਰਤਾਂ ਨੂੰ ਕਾਫ਼ੀ ਅਸੁਵਿਧਾ ਝੱਲਣੀ ਪੈਂਦੀ ਹੈ। ਜਾਣਕਾਰੀ ਅਨੁਸਾਰ ਸਬ ਤਹਿਸੀਲ ਘਨੌਰ ਵਿੱਚ ਕਈ ਦਰਜਨਾਂ ਪਿੰਡਾਂ ਦੇ ਲੋਕ ਰੋਜ਼ਾਨਾ ਰਜਿਸਟਰੀਆਂ, ਜਮੀਨੀ ਕੰਮ, ਸਰਟੀਫਿਕੇਟਾਂ ਅਤੇ ਹੋਰ ਸਰਕਾਰੀ ਕਾਰਵਾਈਆਂ ਲਈ ਆਉਂਦੇ ਹਨ। ਪਰ ਗਰਮੀ ਦੇ ਮੌਸਮ ਦੌਰਾਨ ਦਫ਼ਤਰ ਵਿੱਚ ਲੱਗਾ ਵਾਟਰ ਕੂਲਰ ਖਰਾਬ ਹਾਲਤ ਵਿੱਚ ਪਿਆ ਹੋਣ ਕਾਰਨ ਲੋਕਾਂ ਨੂੰ ਠੰਡੇ ਪਾਣੀ ਦੀ ਸਹੂਲਤ ਨਹੀਂ ਮਿਲ ਰਹੀ। ਇਸ ਕਰਕੇ ਬਜ਼ੁਰਗਾਂ, ਔਰਤਾਂ ਤੇ ਦੂਰੋਂ ਆਉਣ ਵਾਲੇ ਲੋਕਾਂ ਨੂੰ ਘੰਟਿਆਂ ਤੱਕ ਪਿਆਸੇ ਰਹਿਣਾ ਪੈਂਦਾ ਹੈ। ਦਫ਼ਤਰ ਦੇ ਬਾਥਰੂਮਾਂ ਦੀ ਹਾਲਤ ਵੀ ਬੇਹੱਦ ਮਾੜੀ ਦੱਸੀ ਜਾ ਰਹੀ ਹੈ। ਸਫਾਈ ਦੀ ਕਮੀ, ਟੁੱਟੀ-ਫੁੱਟੀ ਹਾਲਤ ਅਤੇ ਬਦਬੂ ਕਾਰਨ ਲੋਕ ਇਨ੍ਹਾਂ ਦੀ ਵਰਤੋਂ ਕਰਨ ਤੋਂ ਵੀ ਕਤਰਾਉਂਦੇ ਹਨ। ਸਥਾਨਕ ਲੋਕਾਂ ਅਤੇ ਦਫ਼ਤਰ ਵਿੱਚ ਆਉਣ ਵਾਲੇ ਆਮ ਨਾਗਰਿਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਲਈ ਬੁਨਿਆਦੀ ਸਹੂਲਤਾਂ ਹੋਣੀਆਂ ਬਹੁਤ ਜ਼ਰੂਰੀ ਹਨ। ਲੋਕਾਂ ਨੇ ਕਿਹਾ ਕਿ ਗਰਮੀ ਦੇ ਦਿਨਾਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨਾ ਹੋਣਾ ਅਤੇ ਬਾਥਰੂਮਾਂ ਦੀ ਮਾੜੀ ਹਾਲਤ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਦਰਸਾਉਂਦੀ ਹੈ। ਇਸ ਸਬੰਧੀ ਜਦ ਨਾਇਬ ਤਹਿਸੀਲਦਾਰ ਬਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਦਫ਼ਤਰ ਵਿੱਚ ਵਧੀਆ ਕੰਪਨੀ ਦਾ 200 ਲੀਟਰ ਸਮਰੱਥਾ ਵਾਲਾ ਨਵਾਂ ਵਾਟਰ ਕੂਲਰ ਲਗਵਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਠੰਡਾ ਪਾਣੀ ਪਿਲਾਉਣ ਲਈ ਇੱਕ ਵਿਅਕਤੀ ਦੀ ਵੀ ਡਿਊਟੀ ਲਗਾਈ ਜਾਵੇਗੀ ਤਾਂ ਜੋ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਬਾਥਰੂਮਾਂ ਦੀ ਸਫਾਈ ਅਤੇ ਜ਼ਰੂਰੀ ਮੁਰੰਮਤ ਦਾ ਕੰਮ ਵੀ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਮਹਿਲਾਵਾਂ ਲਈ ਵੀ ਸੁਵਿਧਾਵਾਂ ’ਚ ਸੁਧਾਰ ਕੀਤਾ ਜਾਵੇਗਾ।