ਸਿਵਲ ਹਸਪਤਾਲ ਦੇ ਗਾਇਨੀ ਵਾਰਡ ਦੇ ਵਾਟਰ ਕੂਲਰ ਖ਼ਰਾਬ, ਮਰੀਜ਼ਾਂ ਦੇ ਸੁੱਕ ਰਹੇ ਗਲੇ
ਗਾਇਨੀ ਵਾਰਡ ਦੇ ਵਾਟਰ ਕੂਲਰ ਖਰਾਬ, ਮਰੀਜ਼ਾਂ ਦੇ ਸੁੱਕ ਰਹੇ ਗਲੇ
Publish Date: Sun, 24 May 2026 06:01 PM (IST)
Updated Date: Mon, 25 May 2026 04:08 AM (IST)

ਤਿੰਨ ਮੰਜਿਲਾਂ ਇਮਾਰਤ ਦੇ ਸਾਰੇ ਵਾਟਰ ਕੂਲਰ ਪਏ ਬੰਦ, ਵਾਰਡ ਤੋਂ ਬਾਹਰ ਨਿਕਲ ਕੇ ਹੇਠਾਂ ਆ ਕੇ ਪਾਣੀ ਪੀ ਰਹੇ ਲੋਕ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਅੱਤ ਦੀ ਗਰਮੀ ਦੇ ਇਸ ਦੌਰ ’ਚ ਜਿੱਥੇ ਲੋਕਾਂ ਦਾ ਗਲਾ ਵਾਰ-ਵਾਰ ਸੁੱਕ ਰਿਹਾ ਹੈ ਤੇ ਪੀਣ ਵਾਲੇ ਪਾਣੀ ਦੀ ਇੱਕ-ਇੱਕ ਬੂੰਦ ਅੰਮ੍ਰਿਤ ਵਰਗੀ ਬਣ ਚੁੱਕੀ ਹੈ, ਉੱਥੇ ਹੀ ਸਥਾਨਕ ਸਿਵਲ ਹਸਪਤਾਲ ਦੇ ਗਾਇਨੀ ਵਾਰਡ ’ਚ ਮਰੀਜ਼ਾਂ, ਗਰਭਵਤੀ ਔਰਤਾਂ, ਉਨ੍ਹਾਂ ਨਾਲ ਆਏ ਰਿਸ਼ਤੇਦਾਰਾਂ ਤੇ ਨਰਸਿੰਗ ਸਟਾਫ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਇਨੀ ਵਾਰਡ ਦੀ ਬਹੁ-ਮੰਜ਼ਿਲਾ ਇਮਾਰਤ ਵਿੱਚ ਠੰਢੇ ਪੀਣ ਵਾਲੇ ਪਾਣੀ ਦੀ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਮਰੀਜ਼ਾਂ, ਰਿਸ਼ਤੇਦਾਰਾਂ ਤੇ ਸਟਾਫ ਨੂੰ ਵਾਰਡ ਤੋਂ ਬਾਹਰ ਨਿਕਲ ਕੇ ਹੇਠਾਂ ਆ ਕੇ ਪਾਣੀ ਪੀਣਾ ਪੈ ਰਿਹਾ ਹੈ। ਕਈ ਵਾਰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਸੰਗਰੂਰ ਹਸਪਤਾਲ ਅਤੇ ਗਾਇਨੀ ਵਾਰਡ ਦਾ ਦੌਰਾ ਕੀਤਾ ਜਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਬੁਨਿਆਦੀ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਗਾਇਨੀ ਵਾਰਡ ਦੀ ਇਮਾਰਤ ਵਿੱਚ ਤਿੰਨ ਵਾਟਰ ਕੂਲਰ ਲੱਗੇ ਹੋਏ ਹਨ, ਪਰ ਇਨ੍ਹਾਂ ਵਿੱਚੋਂ ਇੱਕ ਆਈਐਸਆਈ ਡਿਸਪੈਂਸਰੀ ਦੇ ਬਾਹਰ ਕਬਾੜ ਹਾਲਤ ਵਿੱਚ ਪਿਆ ਹੈ। ਦੂਜੀ ਮੰਜ਼ਿਲ ’ਤੇ ਲੱਗਿਆ ਵਾਟਰ ਕੂਲਰ ਵੀ ਖਰਾਬ ਪਿਆ ਹੈ। ਜਦਕਿ ਗਰਾਊਂਡ ਫਲੋਰ ’ਤੇ ਲੱਗਿਆ ਤੀਜਾ ਵਾਟਰ ਕੂਲਰ ਸਿਰਫ਼ ਨਾਮ ਦਾ ਹੀ ਚੱਲ ਰਿਹਾ ਹੈ ਕਿਉਂਕਿ ਉਸ ਵਿੱਚ ਪਾਣੀ ਠੰਢਾ ਨਹੀਂ ਹੋ ਰਿਹਾ। ਇਸ ਕਾਰਨ ਮਰੀਜ਼ਾਂ ਅਤੇ ਸਟਾਫ ਨੂੰ ਗਰਮ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਭ ਤੋਂ ਵੱਧ ਮੁਸ਼ਕਲ ਗਰਭਵਤੀ ਔਰਤਾਂ ਨੂੰ ਆ ਰਹੀ ਹੈ, ਜਿਨ੍ਹਾਂ ਨੂੰ ਡਾਕਟਰਾਂ ਵੱਲੋਂ ਵਾਰ-ਵਾਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਹਸਪਤਾਲ ਵਿੱਚ ਉਨ੍ਹਾਂ ਨੂੰ ਠੰਢਾ ਅਤੇ ਸਾਫ਼ ਪਾਣੀ ਉਪਲਬਧ ਨਹੀਂ ਹੋ ਰਿਹਾ। ਬਹੁ-ਮੰਜ਼ਿਲਾ ਇਮਾਰਤ ਦੇ ਉੱਪਰਲੇ ਫਲੋਰਾਂ ’ਤੇ ਦਾਖਲ ਮਰੀਜ਼ਾਂ ਨੂੰ ਪਾਣੀ ਲੈਣ ਲਈ ਹੇਠਾਂ ਤੱਕ ਆਉਣਾ ਪੈਂਦਾ ਹੈ। ਕਈ ਵਾਰ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਬਾਹਰੋਂ ਬੋਤਲ ਬੰਦ ਪਾਣੀ ਖਰੀਦ ਕੇ ਲਿਆਉਂਦੇ ਹਨ, ਜਿਸ ਨਾਲ ਉਨ੍ਹਾਂ ’ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਭਿਆਨਕ ਗਰਮੀ ਵਿੱਚ ਦਿਨ ਭਰ ਡਿਊਟੀ ਕਰਨ ਵਾਲੇ ਨਰਸਿੰਗ ਸਟਾਫ ਅਤੇ ਹੋਰ ਕਰਮਚਾਰੀਆਂ ਨੂੰ ਵੀ ਵੱਡੀਆਂ ਦਿੱਕਤਾਂ ਝੱਲਣੀਆਂ ਪੈ ਰਹੀਆਂ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਨੂੰ ਆਪਣੀ ਜੇਬ ਤੋਂ ਪਾਣੀ ਦੀਆਂ ਬੋਤਲਾਂ ਖਰੀਦਣੀਆਂ ਪੈਂਦੀਆਂ ਹਨ। ਮਰੀਜ਼ਾਂ ਨਾਲ ਆਏ ਜਗਸੀਰ ਕੌਰ, ਮਹਿੰਦਰ ਕੌਰ, ਕਪਿਲ ਸ਼ਰਮਾ ਅਤੇ ਸੀਮਾ ਰਾਣੀ ਨੇ ਦੱਸਿਆ ਕਿ ਉੱਪਰਲੀ ਮੰਜ਼ਿਲਾਂ ’ਤੇ ਪੀਣ ਲਈ ਠੰਢੇ ਪਾਣੀ ਦੀ ਸਹੂਲਤ ਨਹੀਂ ਹੈ। ਹਸਪਤਾਲ ਪ੍ਰਸ਼ਾਸਨ ਨੂੰ ਕਈ ਵਾਰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਹੈ, ਪਰ ਹਾਲੇ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਿਆ। ਗਾਇਨੀ ਵਾਰਡ ਵਰਗੀ ਸੰਵੇਦਨਸ਼ੀਲ ਥਾਂ ’ਤੇ ਪੀਣ ਵਾਲੇ ਪਾਣੀ ਵਰਗੀ ਬੁਨਿਆਦੀ ਸਹੂਲਤ ਦਾ ਨਾ ਹੋਣਾ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਦਰਸਾਉਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਖਰਾਬ ਪਏ ਵਾਟਰ ਕੂਲਰਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਅਤੇ ਹਰ ਮੰਜ਼ਿਲ ’ਤੇ ਠੰਢੇ ਪਾਣੀ ਦੀ ਯੋਗ ਵਿਵਸਥਾ ਕੀਤੀ ਜਾਵੇ ਤਾਂ ਜੋ ਮਰੀਜ਼ਾਂ ਅਤੇ ਸਟਾਫ ਨੂੰ ਰਾਹਤ ਮਿਲ ਸਕੇ। ਗਾਇਨੀ ਵਾਰਡ ਵਿੱਚ ਤਾਇਨਾਤ ਨਰਸਿੰਗ ਸਟਾਫ ਨੇ ਕਿਹਾ ਕਿ ਪਾਣੀ ਦੀ ਘਾਟ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਕਈ-ਕਈ ਘੰਟੇ ਡਿਊਟੀ ਦੌਰਾਨ ਉਨ੍ਹਾਂ ਨੂੰ ਕਾਫ਼ੀ ਠੰਢਾ ਪਾਣੀ ਨਹੀਂ ਮਿਲਦਾ। ਦਿਨ ਵੇਲੇ ਉਹ ਹੇਠਾਂ ਜਾ ਕੇ ਆਪਣੀਆਂ ਬੋਤਲਾਂ ਭਰ ਲੈਂਦੇ ਹਨ, ਪਰ ਰਾਤ ਸਮੇਂ ਇਕੱਲੇ ਜਾਣ ਤੋਂ ਵੀ ਡਰ ਲੱਗਦਾ ਹੈ। ਇਸ ਲਈ ਦੋ-ਤਿੰਨ ਨਰਸਾਂ ਇਕੱਠਿਆਂ ਪਾਣੀ ਭਰਨ ਜਾਂਦੀਆਂ ਹਨ। ਕਈ ਵਾਰ ਖਰਾਬ ਵਾਟਰ ਕੂਲਰਾਂ ਬਾਰੇ ਜਾਣਕਾਰੀ ਦਿੱਤੀ ਗਈ, ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਪਾਣੀ ਦੀ ਕਮੀ ਕਾਰਨ ਸਟਾਫ ਦੀ ਕਾਰਗੁਜ਼ਾਰੀ ਅਤੇ ਸਿਹਤ ਦੋਵੇਂ ਪ੍ਰਭਾਵਿਤ ਹੋ ਰਹੇ ਹਨ। ਇਸ ਸੰਬੰਧੀ ਸੀਨੀਅਰ ਮੈਡੀਕਲ ਅਫ਼ਸਰ ਵਿਨੋਦ ਕੁਮਾਰ ਨੇ ਕਿਹਾ ਕਿ ਪੰਜ ਨਵੇਂ ਵਾਟਰ ਕੂਲਰ ਆ ਗਏ ਹਨ। ਇਨ੍ਹਾਂ ਵਿੱਚੋ ਤਿੰਨ ਗਾਇਨੀ ਵਾਰਡ ਅਤੇ ਬਾਕੀ ਐਮਰਜੈਸੀ ਵਾਰਡ ਵਿੱਚ ਲਾ ਦਿੱਤੇ ਜਾਣਗੇ। ਇਨ੍ਹਾਂ ਦੇ ਲੱਗਣ ਨਾਲ ਮਰੀਜ਼ਾਂ ਨੂੰ ਹੋਣ ਵਾਲੀ ਪਰੇਸ਼ਾਨੀ ਤੋ ਨਿਜਾਤ ਮਿਲੇਗੀ।