ਬਸੀ ਪਠਾਣਾਂ ’ਚ ਅਮਨ ਅਮਾਨ ਖ਼ਤਮ ਹੋਇਆ ਮਤਦਾਨ
ਮੰਗਲਵਾਰ ਨੂੰ ਵੱਖ ਵੱਖ ਰਾਜਨੀਤਕ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਦੇ ਜਿੱਤ ਦੇ ਦਾਅਵਿਆਂ ਦਰਮਿਆਨ ਬਸੀ ਪਠਾਣਾਂ ਸ਼ਹਿਰ ਦੇ 15 ਵਾਰਡਾਂ ਲਈ ਬਣਾਏ 19 ਬੂਥਾਂ ਤੇ ਵੋਟਿੰਗ ਦਾ ਕੰਮ ਅਮਨ ਅਮਾਨ ਨਾਲ ਖ਼ਤਮ ਹੋ ਗਿਆ। ਜਿਸ ਨਾਲ ਚੋਣ ਅਖਾੜੇ ਵਿਚ ਡਟੇ ਅਜ਼ਾਦ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ 77 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬਕਸਿਆਂ ’ਚ ਬੰਦ ਹੋ ਗਿਆ।
Publish Date: Tue, 26 May 2026 07:02 PM (IST)
Updated Date: Tue, 26 May 2026 07:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਮੰਗਲਵਾਰ ਨੂੰ ਵੱਖ ਵੱਖ ਰਾਜਨੀਤਕ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਦੇ ਜਿੱਤ ਦੇ ਦਾਅਵਿਆਂ ਦਰਮਿਆਨ ਬਸੀ ਪਠਾਣਾਂ ਸ਼ਹਿਰ ਦੇ 15 ਵਾਰਡਾਂ ਲਈ ਬਣਾਏ 19 ਬੂਥਾਂ ਤੇ ਵੋਟਿੰਗ ਦਾ ਕੰਮ ਅਮਨ ਅਮਾਨ ਨਾਲ ਖ਼ਤਮ ਹੋ ਗਿਆ। ਜਿਸ ਨਾਲ ਚੋਣ ਅਖਾੜੇ ਵਿਚ ਡਟੇ ਅਜ਼ਾਦ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ 77 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬਕਸਿਆਂ ’ਚ ਬੰਦ ਹੋ ਗਿਆ। ਪੁਲਿਸ ਵਲੋਂ ਕੀਤੇ ਪੁਖਤਾਂ ਸੁਰੱਖਿਆ ਵਿਚਾਲੇ ਸਵੇਰੇ 8 ਵਜੇ ਤੇਜ਼ ਗਤੀ ਨਾਲ ਸ਼ੁਰੂ ਹੋਈ ਵੋਟਿੰਗ ਦੀ ਰਫ਼ਤਾਰ ਗਰਮੀ ਦੇ ਚਲਦੇ 10 ਵਜੇ ਤੋਂ ਹੌਲੀ ਹੋਣੀ ਸ਼ੁਰੂ ਹੋ ਗਈ ਸੀ। ਸ਼ਾਮ 4 ਵਜੇ ਤੇਜ਼ ਗਰਮ ਹਵਾਵਾਂ ਦਰਮਿਆਨ ਲੋਕ ਘਰਾਂ ’ਚੋਂ ਨਿਕਲੇ ਜਿਸ ਨਾਲ ਵੋਟਿੰਗ ਵਿਚ ਕੁੱਝ ਤੇਜ਼ੀ ਦੇਖੀ ਗਈ। ਕੁੱਝ ਬੂਥਾਂ ਤੇ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਥੋੜੀ ਬਹੁਤ ਬਹਿਸ ਦੀਆਂ ਸੂਚਨਾਵਾਂ ਜ਼ਰੂਰ ਆਇਆਂ ਪਰ ਚੋਣ ਪ੍ਰਕਿਰਿਆ ਸ਼ਾਂਤੀ ਪੂਰਵਕ ਚਲਦਾ ਰਿਹਾ। ਚੋਣ ਅਮਲੇ ਵਲੋਂ ਸ਼ਾਮ 5 ਵਜੇ ਲਾਈਨ ਵਿਚ ਲੱਗੇ ਵੋਟਰਾਂ ਨੂੰ ਅੰਦਰ ਕਰਕੇ ਦਰਵਾਜੇ ਬੰਦ ਕਰ ਲਏ ਗਏ । ਡੀਐੱਸਪੀ ਰਾਜ ਕੁਮਾਰ ਅਤੇ ਐੱਸਡੀਐੱਮ ਦੀਪਜੋਤ ਕੌਰ ਨੇ ਸ਼ਾਂਤੀ ਪੂਰਵਕ ਵੋਟਿੰਗ ਲਈ ਲੋਕਾਂ ਦਾ ਧੰਨਵਾਦ ਕੀਤਾ। ਦੱਸਣਾ ਬਣਦਾ ਹੈ ਕਿ ਬਸੀ ਪਠਾਣਾਂ ਸ਼ਹਿਰ ਦੇ 15 ਵਾਰਡਾਂ ਲਈ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਕੁੱਲ 89 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ, ਜਿਨ੍ਹਾਂ ਵਿਚੋਂ 6 ਨਾਮਜ਼ਦਗੀਆਂ ਰੱਦ ਤੇ 6 ਵਾਪਸ ਲੈ ਲਈਆਂ ਗਈਆਂ ਸਨ। ਬਾਕੀ ਬਚੇ 77 ਉਮੀਦਵਾਰਾਂ ਨੂੰ 3 ਦਿਨ ਬੇਚੈਨੀ ’ਚ ਕੱਟਣੇ ਹੋਣਗੇ। ਇਨ੍ਹਾਂ ਵਿਚੋਂ ਕਿਸ ਦੇ ਸਿਰ ਸਜੇਗਾ ਜਿੱਤ ਸੇਹਰਾ ਤੇ ਕਿਸ ਨੂੰ ਮਿਲੇਗੀ ਹਾਰ ਇਹ ਤਾਂ ਆਉਣ ਵਾਲੀ 29 ਮਈ ਨੂੰ ਹੀ ਪਤਾ ਚੱਲੇਗਾ।