ਵੋਟ ਚੋਰੀ ਰੋਕਣ ਲਈ ਕਾਂਗਰਸ ਵੱਲੋਂ ਬੀਐੱਲਏ ਟ੍ਰੇਨਿੰਗ ਪ੍ਰੋਗਰਾਮ
ਵੋਟ ਚੋਰੀ ਰੋਕਣ ਲਈ ਕਾਂਗਰਸ ਵੱਲੋਂ ਬੀਐਲਏ ਟ੍ਰੇਨਿੰਗ ਪ੍ਰੋਗਰਾਮ
Publish Date: Tue, 21 Apr 2026 05:00 PM (IST)
Updated Date: Tue, 21 Apr 2026 05:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਾਤੜਾਂ : ਕਾਂਗਰਸ ਪਾਰਟੀ ਵੱਲੋਂ ਦੇਸ਼ ਪੱਧਰ ’ਤੇ ਵੋਟ ਚੋਰੀ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਦੀ ਅਗਵਾਈ ਵਿਚ ਨਿਯੁਕਤ ਕੀਤੇ ਗਏ ਬੀਐਲਏ ਨੂੰ ਸਿੱਖਿਅਤ ਕਰਨ ਦੇ ਮਕਸਦ ਨਾਲ ਟਰੇਨਿੰਗ ਪ੍ਰੋਗਰਾਮ ਸਥਾਨਕ ਮਹਾਰਾਜਾ ਪੈਲਸ ਵਿਚ ਕਰਵਾਇਆ ਗਿਆ। ਇਸ ਟਰੇਨਿੰਗ ਕੈਂਪ ’ਚ ਕਾਂਗਰਸ ਦੇ ਚੀਫ ਕੋਆਰਡੀਨੇਟਰ ਟ੍ਰੇਨਿੰਗ ਹਰਦੀਪ ਸਿੰਘ ਕਿੰਗਰਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਕਾਂਗਰਸ ਵੱਲੋਂ ਨਿਯੁਕਤ ਕੀਤੇ ਗਏ ਬੀਐਲਏ ਨੂੰ ਸੰਬੋਧਨ ਕਰਦਿਆਂ ਚੀਫ ਕੋਆਰਡੀਨੇਟਰ ਹਰਦੀਪ ਸਿੰਘ ਕਿੰਗਰਾ ਨੇ ਕਿਹਾ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਜਪਾ ਆਪਣਾ ਦਬਦਬਾ ਬਣਾਈ ਰੱਖਣ ਲਈ ਕਈ ਸੂਬਿਆਂ ’ਚ ਵੋਟ ਚੋਰੀ ਰਾਹੀਂ ਸੱਤਾ ਹਾਸਲ ਕਰਨ ਵਿਚ ਕਾਮਯਾਬ ਹੋਈ ਹੈ। ਭਾਜਪਾ ਵੱਲੋਂ ਵਰਤੇ ਜਾ ਰਹੇ ਇਨ੍ਹਾਂ ਹੱਥ ਕੰਡਿਆਂ ਨੂੰ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬੇਨਕਾਬ ਕੀਤਾ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਵੋਟ ਚੋਰੀ ਰੋਕਣ ਲਈ ਚੁਕੰਨੇ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਟਰੇਨਿੰਗ ਕੈਂਪ ਦੌਰਾਨ ਮਾਸਟਰ ਟ੍ਰੇਨਰ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਸ਼ੁਤਰਾਣਾ ਹਲਕੇ ਵਿੱਚ ਕਾਂਗਰਸ ਵੱਲੋਂ ਨਿਯੁਕਤ ਕੀਤੇ 205 ਬੂਥ ਲੈਵਲ ਏਜੰਟਾਂ ਦੀ ਸੂਚੀ ਚੋਣ ਅਧਿਕਾਰੀ ਕਮ ਐਸਡੀਐਮ , ਕਾਂਗਰਸ ਦੇ ਸੂਬਾ ਹੈਡਕੁਆਰਟਰ ਅਤੇ ਹਾਈਕਮਾਂਡ ਨੂੰ ਭੇਜੀ ਜਾਵੇਗੀ। ਕਾਂਗਰਸ ਵੱਲੋਂ ਅਧਿਕਾਰਤ ਤੌਰ ਤੇ ਜਾਰੀ ਕੀਤੀ ਗਈ ਇਸ ਸੂਚੀ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਅਪਲੋਡ ਕੀਤੀ ਜਾਵੇਗੀ। ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਐਸਆਈਆਰ ਦੀ ਪ੍ਰਕਿਰਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਦਲੇਰ ਸਿੰਘ ਹਰਿਆਊ, ਬਲਾਕ ਪ੍ਰਧਾਨ ਰਣਜੀਤ ਸਿੰਘ ਮਤੋਲੀ, ਸਿਟੀ ਕਾਂਗਰਸ ਦੇ ਪ੍ਰਧਾਨ ਰਾਕੇਸ਼ ਕੁਮਾਰ ਹੈਪੀ, ਸਾਬਕਾ ਸਰਪੰਚ ਚਰਨਜੀਤ ਸਿੰਘ ਭੁੱਲਰ, ਨਿਰਮਲ ਸਿੰਘ ਪੰਨੂ, ਸਿਕੰਦਰ ਸਿੰਘ ਦੁਤਾਲ, ਫਰਿੰਦਰ ਸ਼ਰਮਾ, ਕੁਲਵੰਤ ਰਾਏ ਅਤੇ ਗੁਰਦੀਪ ਸਿੰਘ ਧਨੇਠਾ ਆਦਿ ਹਾਜ਼ਰ ਸਨ।