ਰਿਆਸਤ ਨਾਭਾ ਜ਼ਿਲ੍ਹਾ ਪਟਿਆਲਾ ਦਾ ਮਹਿਜ਼ 45 ਵੋਟਾਂ ਵਾਲਾ ਨਿੱਕਾ ਜਿਹਾ ਪਿੰਡ ਨਾਨੋਕੀ ਨਾ ਸਿਰਫ ਭਾਰਤ ਸਰਕਾਰ ਵੱਲੋਂ 'ਬਿਗਐਸਟ ਲਿਟਲ ਵਿਲੇਜ ਆਫ ਇੰਡੀਆ' ਦਾ ਖ਼ਿਤਾਬ ਪ੍ਰਰਾਪਤ ਕਰ ਚੁੱਕਾ ਹੈ, ਬਲਕਿ ਪਹਿਲੇ ਵਿਸ਼ਵ ਯੁੱਧ ਦੇ ਨਾਇਕ ਕੈਪਟਨ ਇੰਦਰ ਸਿੰਘ ਗਰੇਵਾਲ, ਦੂਜੇ ਵਿਸ਼ਵ ਯੁੱਧ, 1965 ਤੇ 1971 ਦੀ ਜੰਗ ਦੇ ਨਾਇਕ ਫਿਲੋਰਾ ਪਹਾੜੀ ਜਿੱਤਣ ਵਾਲੇ ਕਰਨਲ ਬਲਦੇਵ ਸਿੰਘ ਗਰੇਵਾਲ, ਬਰਮਾ 'ਚ ਬੂਰਾ ਦੀ ਲੜਾਈ ਦੇ ਨਾਇਕ ਜਸਵੰਤ ਸਿੰਘ, 1971 ਦੀ ਜੰਗ 'ਚ ਨੰਗੀ ਟੇਕਰੀ

ਮਹਿੰਦਰਪਾਲ ਬੱਬੀ, ਭਾਦਸੋਂ
ਰਿਆਸਤ ਨਾਭਾ ਜ਼ਿਲ੍ਹਾ ਪਟਿਆਲਾ ਦਾ ਮਹਿਜ਼ 45 ਵੋਟਾਂ ਵਾਲਾ ਨਿੱਕਾ ਜਿਹਾ ਪਿੰਡ ਨਾਨੋਕੀ ਨਾ ਸਿਰਫ ਭਾਰਤ ਸਰਕਾਰ ਵੱਲੋਂ 'ਬਿਗਐਸਟ ਲਿਟਲ ਵਿਲੇਜ ਆਫ ਇੰਡੀਆ' ਦਾ ਖ਼ਿਤਾਬ ਪ੍ਰਰਾਪਤ ਕਰ ਚੁੱਕਾ ਹੈ, ਬਲਕਿ ਪਹਿਲੇ ਵਿਸ਼ਵ ਯੁੱਧ ਦੇ ਨਾਇਕ ਕੈਪਟਨ ਇੰਦਰ ਸਿੰਘ ਗਰੇਵਾਲ, ਦੂਜੇ ਵਿਸ਼ਵ ਯੁੱਧ, 1965 ਤੇ 1971 ਦੀ ਜੰਗ ਦੇ ਨਾਇਕ ਫਿਲੋਰਾ ਪਹਾੜੀ ਜਿੱਤਣ ਵਾਲੇ ਕਰਨਲ ਬਲਦੇਵ ਸਿੰਘ ਗਰੇਵਾਲ, ਬਰਮਾ 'ਚ ਬੂਰਾ ਦੀ ਲੜਾਈ ਦੇ ਨਾਇਕ ਜਸਵੰਤ ਸਿੰਘ, 1971 ਦੀ ਜੰਗ 'ਚ ਨੰਗੀ ਟੇਕਰੀ ਪਹਾੜੀ 'ਤੇ ਕਬਜ਼ਾ ਕਰਨ ਵਾਲੇ ਮੇਜਰ ਸ਼ੇਰ ਸਿੰਘ (ਰਾਸ਼ਟਰਪਤੀ ਐਵਾਰਡ), ਕਾਰਗਿਲ ਯੁੱਧ ਲੜਨ ਵਾਲੇ ਕਰਨਲ ਅਮਨਦੀਪ ਸਿੰਘ ਨੂੰ ਪੈਦਾ ਕਰਨ ਤੋਂ ਇਲਾਵਾ ਲੈਫ. ਕਰਨਲ ਵਿਕਟਰ ਸ਼ੇਰ ਸਿੰਘ,ਲੈਫ. ਕਰਨਲ ਰੁਪਿੰਦਰ ਸਿੰਘ,ਵਿੰਗ ਕਮਾਂਡਰ ਸੁਖਚਰਨ ਸਿੰਘ,ਲੈਫ.ਕਰਨਲ ਬਿਕਰਮਦੇਵ ਸਿੰਘ,ਕਰਨਲ ਹਰਮਨਦੀਪ ਸਿੰਘ ਦੇ ਰੂਪ ਵਿੱਚ ਅਨੇਕਾਂ ਸੂਰਵੀਰ ਦੇਸ਼ ਨੂੰ ਸਮਰਪਿਤ ਕਰ ਚੁੱਕਿਆ ਹੈ । ਇੱਕੋ ਗਰੇਵਾਲ ਪਰਿਵਾਰ ਨਾਲ ਸਬੰਧਤ ਪਿੰਡ ਨਾਨੋਕੀ ਵਿੱਚ ਸੂਰਵੀਰਤਾ ਦੀ ਮਿਸ਼ਾਲ ਸਿਰਫ ਇਸਦੇ ਪੁੱਤਰ ਹੀ ਨਹੀਂ ਸਗੋਂ ਫੌਜ ਵਿੱਚ ਲੜਕੀਆਂ ਦੇ ਪਹਿਲੇ ਬੈਚ ਦੀ ਅਫਸਰ ਹੋਣ ਦਾ ਮਾਣ ਪ੍ਰਰਾਪਤ ਕਰਨ ਵਾਲੀ ਲੈਫ. ਕਰਨਲ ਮਨਮਹਿੰਦਰ ਕੌਰ ਵੀ ਹੈ ਜੋ ਇਸੇ ਪਿੰਡ ਦੀ ਧੀ ਹੈ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀ ਹੈ । ਜਦੋਂ ਪਿੰਡ ਨਾਨੋਕੀ ਦੇ ਸਪੂਤਾਂ ਦੀ ਦੇਸ਼ ਭਗਤੀ ਦੀ ਪੰਨਾ ਖੋਲਿ੍ਹਆ ਜਾਂਦਾ ਹੈ ਤਾਂ ਪਿੰਡ ਦੇ ਦਾਮਾਦ ਕਰਨਲ ਹਰਮਨਜੀਤ ਥਿੰਦ,ਕਰਨਲ ਹਰਦੇਵ ਸਿੰਘ ਕੰਦੋਲ਼ਾ,ਲੈਫ.ਕਰਨਲ ਪ੍ਰਤਾਪ ਸਿੰਘ ਜੌਹਲ ਤੇ ਮੇਜਰ ਰਾਜਬਚਨ ਸਿੰਘ ਸੰਧੂ ਜੁਆਇੰਟ ਕਮਿਸ਼ਨਰ (ਪੰਜਾਬ ਪੁਲਿਸ) ਦੇ ਜਿਕਰ ਤੋਂ ਬਿਨਾਂ ਬੰਦ ਕਰਨਾ ਮੁਨਾਸਿਬ ਨਹੀ ਹੁੰਦਾ । ਨਾਨੋਕੀ 'ਚ ਵਸਦੇ ਗਰੇਵਾਲ ਪ੍ਰਰੀਵਾਰ ਦੀਆਂ ਦੇਸ਼ ਰੱਖਿਆ ਖੇਤਰ ਪ੍ਰਰਾਪਤੀਆਂ ਦੀ ਲਿਸਟ ਏਨੀ ਲੰਮੀ ਤੇ ਮਾਣਮੱਤੀ ਹੈ ਕਿ ਇਸ ਨਿੱਕੇ ਜਿਹੇ ਪਿੰਡ ਦੀਆਂ ਪ੍ਰਰਾਪਤੀਆਂ ਅੱਗੇ ਮਹਾਂਨਗਰ ਵੀ ਸਰਮਸਾਰ ਹੋ ਜਾਣ।
-----
ਰਿਆਸਤ ਨਾਭਾ ਨਾਲ ਜੁੜਿਆ ਹੈ ਪਿੰਡ ਨਾਨੋਕੀ ਦਾ ਇਤਿਹਾਸ
ਪਿੰਡ ਨਾਨੋਕੀ ਦੇ ਬਾਨੀ ਮਹਿਤਾਬ ਸਿੰਘ ਗਰੇਵਾਲ ਰਿਆਸਤ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਦੇ ਸਲਾਹਕਾਰ ਸਨ ਜਿਨ੍ਹਾਂ ਨੇ ਪਸ਼ੂਆਂ ਦੀ ਮੰਡੀ ਦੀ ਕਾਢ ਕੱਢੀ ਤੇ ਬਾਦ ਵਿੱਚ ਠੇਕੇਦਾਰ ਵਜੋਂ ਅੰਗਰੇਜ ਹਕੂਮਤ ਵੇਲੇ ਸੂਬੇ ਦੇ ਤਕਰੀਬਨ ਸਾਰੇ ਨਹਿਰੀ ਪੁਲ ਬਣਾਏ । ਉਨ੍ਹਾਂ ਸਮਿਆਂ 'ਚ ਮਹਾਰਾਜਾ ਹੀਰਾ ਸਿੰਘ ਨੇ ਪਿੰਡ ਸਕਰਾਲੀ ਤੇ ਪਿੰਡ ਸੁੱਧੇਵਾਲ ਵਿਚਕਾਰ 500 ਏਕੜ੍ਹ ਜਮੀਨ ਦਾ ਝਗੜਾ ਨਿਪਟਾਉਣ ਲਈ ਇਸ ਵਿਵਾਦਤ ਜਗਾਹ ਤੇ ਪਿੰਡ ਨਾਨੋਕੀ ਵਸਾਇਆ ਜਿਸ ਨੂੰ ਬਾਦ ਵਿੱਚ ਮਹਿਤਾਬ ਸਿੰਘ ਗਰੇਵਾਲ ਨੇ ਖਜਾਨੇ ਵਿੱਚ ਪੈਸਾ ਜਮਾਂ ਕਰਵਾ ਕੇ ਖ੍ਰੀਦ ਲਿਆ ਸੀ । ਮਹਿਤਾਬ ਸਿੰਘ ਗਰੇਵਾਲ ਨੇ ਦੋਰਾਹੇ ਲਾਗੇ ਪਿੰਡ ਰਾਮਪੁਰ ਤੇ ਪਾਇਲ ਨੇੜੇ ਨਵਾਂ ਪਿੰਡ ਜਿਲ੍ਹਾ ਲੁਧਿਆਣਾ ਵਿੱਚ ਵੀ ਜਮੀਨ ਖਰੀਦੀ । ਮਹਿਤਾਬ ਸਿੰਘ ਗਰੇਵਾਲ ਦੀ 48 ਸਾਲ ਦੀ ਉਮਰ ਵਿੱਚ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਅੰਮਾ ਜੀ ਭਗਵਾਨ ਕੌਰ ਨੇ ਦੋ ਪੁੱਤਰਾਂ ਰਾਜੋ ਸਿੰਘ ਤੇ ਇੰਦਰ ਸਿੰਘ ਦੀ ਬੜੀ ਮੁਸ਼ਕਿਲ ਭਰੇ ਹਾਲਾਤਾਂ ਵਿੱਚ ਪਰਵਰਿਸ਼ ਹੀ ਨਹੀਂ ਕੀਤੀ ਸਗੋਂ ਬੰਦਿਆਂ ਵਾਂਗ ਘੋੜੇ ਤੇ ਸਵਾਰ ਹੋ ਜਮੀਨ ਜਾਇਦਾਦ ਦੀ ਦੇਖ ਭਾਲ ਲਈ ਜੰਗਲ ਨਾਲ ਲੱਗਦੇ ਇਸ ਇਲਾਕੇ ਵਿੱਚ ਵਿਚਰਿਆ ਕਰਦੇ ਸਨ । ਰਾਜੋ ਸਿੰਘ ਦੀ ਜਵਾਨੀ ਵਿੱਚ ਹੀ ਮੌਤ ਹੋਣ ਤੇ ਉਸਦੀ ਪਤਨੀ ਇੰਦਰ ਸਿੰਘ ਦੇ ਲੜ੍ਹ ਲਾ ਦਿੱਤੀ । ਇੰਦਰ ਸਿੰਘ ਗਰੇਵਾਲ ਦੇ 8 ਪੁੱਤਰਾਂ ਤੇ 3 ਧੀਆਂ ਤੋਂ ਹੀ ਨਾਨੋਕੀ ਦੇ ਇਸ ਭਰੇ ਪੂਰੇ ਗਰੇਵਾਲ ਪਰਿਵਾਰ ਦੀ ਉੱਤਪਤੀ ਹੋਈ ਤੇ ਇਸ ਦੀ ਤੀਜੀ ਪੀੜ੍ਹੀ ਅੱਜ ਕਾਮਯਾਬੀ ਦੇ ਨਵੇਂ ਦਿਸਹੱਦੇ ਬਣਾ ਰਹੀ ਹੈ।
----
ਇਨ੍ਹਾਂ ਵਿਸ਼ੇਸ਼ਤਾਵਾਂ ਕਾਰਨ ਬੁਲੰਦ ਹੈ ਨਾਨੋਕੀ ਦਾ ਝੰਡਾ
ਰੱਖਿਆ ਦੇ ਖੇਤਰ ਤੋਂ ਬਿਨਾਂ ਨਾਨੋਕੀ ਪਿੰਡ ਦੀਆਂ ਅਹਿਮ ਪ੍ਰਰਾਪਤੀਆਂ ਵਿੱਚ ਸਵ.ਚੇਅਰਮੈਨ ਅਬਨਿੰਦਰ ਸਿੰਘ ਗਰੇਵਾਲ ਸਟੇਟ ਐਵਾਰਡੀ ਦੁਆਰਾ ਆਰਟ ਦੇ ਖੇਤਰ ਵਿੱਚ ਨਾਮਣਾ ਖੱਟਣਾ ਤੇ ਏਸ਼ੀਅਨ ਖੇਡਾਂ ਦੇ ਆਈਕਾਨ ਸ਼ੇਰਾ ਦਾ ਉਨ੍ਹਾਂ ਦੀ ਮੋਹਾਲੀ ਸਥਿਤ ਗੈਰੀ ਆਰਟ ਫੈਕਟਰੀ ਵਿੱਚ ਬਣਾਇਆ ਜਾਣਾ, ਰਣਜੋਧ ਸਿੰਘ ਗਰੇਵਾਲ ਦੁਆਰਾ ਅਪਣੇ ਮੱਛੀ ਪੂੰਗ ਫਾਰਮ ਨੂੰ ਸੂਬੇ ਦੇ ਨੰਬਰ ਇੱਕ ਫਾਰਮ ਵਜੋਂ ਸਥਾਪਿਤ ਕਰਨਾ,ਅਬਜਿੰਦਰ ਸਿੰਘ ਯੋਗੀ ਗਰੇਵਾਲ ਵੱਲੋਂ ਪਿੰਡ ਵਿੱਚ ਸੂਬੇ ਦੇ ਪਹਿਲੇ ਟੂਰਿਸਟ ਫਾਰਮ ਗੈਰੀ ਆਰਟ ਫਾਰਮ ਦੀ ਸਥਾਪਨਾ ਜਿੱਥੇ ਉਨ੍ਹਾਂ ਪੰਜਾਬੀ ਵਿਰਸੇ ਨਾਲ ਸਬੰਧਤ ਹਰ ਸ਼ੈਅ ਸੰਭਾਲੀ ਹੋਈ ਹੈ,ਬੀਬਾ ਨੀਲਇੰਦਰ ਕੌਰ ਦਾ ਮੰਨੀ ਪ੍ਰਮੰਨੀ ਸਿੱਖਿਆ ਸਾਸਤਰੀ ਵਜੋਂ ਨਾਮਣਾ ਖੱਟਣਾ, ਬੀਬਾ ਗਗਨਦੀਪ ਕੌਰ ਗਰੇਵਾਲ ਦੁਆਰਾ ਗੈਰੀ ਆਰਟਸ ਮੋਹਾਲੀ ਵਿੱਚ ਪੰਜਾਬੀ ਵਿਰਸੇ ਨਾਲ ਸਬੰਧਤ ਮੂਰਤੀਆਂ ਤੇ ਹੋਰ ਕਲਾਕਿ੍ਤਾਂ ਬਣਾ ਕੇ ਦੇਸ਼ ਵਿਦੇਸ਼ ਵਿੱਚ ਕਾਰੋਬਾਰ ਫੈਲਾ ਕੇ ਦੇਸ਼ ਦਾ ਨਾਂ ਰੌਸ਼ਨ ਕਰਨਾ, ਸੁੱਖੀ ਗਰੇਵਾਲ ਦਾ ਵਿਰਸਾ ਫੋਟੋਸ਼ੂਟ ਫਾਰਮ ,ਪਿੰਡ ਦੇ ਪੁੱਤਰ ਪ੍ਰਸਿੱਧ ਫਿਲਮ ਡਾਇਰੈਕਟਰ ਜਸ ਗਰੇਵਾਲ ਦੁਆਰਾ ਕਈ ਸਫਲ ਫਿਲਮਾਂ ਬਾਲੀਵੁੱਡ ਪਾਲੀਵੁੱਡ ਦੀ ਝੋਲੀ ਪਾਉਣਾ ਤੇ ਪਿੰਡ ਦੇ ਕਈ ਬਸਿੰਦਿਆਂ ਦੁਆਰਾ ਵਿਦੇਸ਼ਾਂ ਵਿੱਚ ਕਾਮਯਾਬੀ ਦੇ ਝੰਡੇ ਗੱਡਣੇ ਸ਼ਾਮਿਲ ਹਨ ।
----
ਪੰਜਾਬ ਦਾ ਵਿਰਾਸਤੀ ਖ਼ਜ਼ਾਨਾ ਸਾਂਭੀ ਬੈਠਾ ਹੈ ਨਾਨੋਕੀ ਦਾ ਗੈਰੀ ਫਾਰਮ :-
ਦੇਸ਼ ਵਿਦੇਸ਼ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆਂ ਗੈਰੀ ਫਾਰਮ ਨਾ ਸਿਰਫ ਪੁਰਾਤਨ ਖੇਤੀ ਸੰਦਾਂ,ਮਹਾਂ ਪੰਜਾਬ ਵੇਲ਼ੇ ਦੇ ਲੁਪਤ ਹੋ ਚੁੱਕੇ ਘਰੇਲੂ ਸਾਮਾਨ, ਬੱਘੀਆਂ ਰੱਥਾਂ ਗੱਡਿਆਂ ਵਰਗੇ ਪੁਰਾਤਨ ਆਵਾਜਾਈ ਸਾਧਨਾਂ,ਪੁਰਾਣੇ ਸਮੇਂ ਦੇ ਕਿੱਤਾ ਅੌਜਾਰਾਂ ਤੇ ਅਣਗਿਣਤ ਕਲਾਕਿ੍ਤਾਂ ਦੇ ਰੂਪ ਵਿੱਚ ਪੰਜਾਬੀ ਸਭਿਆਚਾਰ ਦਾ ਵਿਰਾਸਤੀ ਖਜਾਨਾ ਸੰਭਾਲੀ ਬੈਠਾ ਹੈ ਸਗੋਂ ਊਠ ਸਵਾਰੀ,ਘੋੜ ਸਵਾਰੀ, ਸੁੰਦਰ ਝੀਲ 'ਚ ਬੋਟਿੰਗ, ਸਫਾਰੀ ਰਾਈਡਿੰਗ ,ਬੱਘੀ ਸਵਾਰੀ , ਅੌਫ ਰੋਡਿੰਗ, ਟਾਵਰ ਕਲਾਇਬਿੰਗ ਵਰਗੇ ਆਕਰਸ਼ਣਾਂ ਕਰਕੇ ਦੇਸ਼ ਦਾ ਇਕ ਵੱਡਾ ਐਡਵੈਂਚਰ ਹੱਬ ਹੈ । ਕਈ ਦਹਾਕਿਆਂ 'ਚ ਤਿਆਰ ਹੋਏ ਇਸ ਗੈਰੀ ਫਾਰਮ ਵਿੱਚ ਤਿੰਨ ਪੀੜ੍ਹੀਆਂ ਦੀ ਸਖਤ ਮੇਹਨਤ ਸਾਮਿਲ ਹੈ ਜਿਸਨੂੰ ਨਾਨੋਕੀ ਦੇ ਹੋਣਹਾਰ ਪੁੱਤਰ ਅਬਜਿੰਦਰ ਸਿੰਘ ਗਰੇਵਾਲ ਨੇ ਅੰਜਾਮ ਦਿੱਤਾ । ਇਸ ਵਿਡੀਓਗ੍ਰਾਫੀ ਤੇ ਫੋਟੋ ਸ਼ੂਟ ਲੋਕੇਸ਼ਨ ਉੱਤੇ ਦੂਰ ਦੁਰੇਡਿਓਂ ਲੋਕੀ ਵੱਡੀ ਗਿਣਤੀ ਵਿੱਚ ਰੋਜਾਨਾ ਪਿੰਡ ਨਾਨੋਕੀ ਪੁੱਜਦੇ ਹਨ।